ਇਰਾਕ ''ਚ ਫਸੇ ਪਿਤਾ ਦੀ ਰਿਹਾਈ ਲਈ ਮਾਸੂਮ ਬੱਚਿਆਂ ਨੇ ਸਰਕਾਰ ਅੱਗੇ ਲਗਾਈ ਗੁਹਾਰ

Sunday, Oct 29, 2017 - 04:16 PM (IST)

ਅੰਮ੍ਰਿਤਸਰ (ਬਿਊਰੋ) -  ਮੈਡੀਕਲ ਕਾਲਜ 'ਚ ਇਰਾਕ 'ਚ ਲਾਪਤਾ ਹੋਏ 8 ਪੰਜਾਬੀਆਂ ਦੇ 21 ਪਰਿਵਾਰਕ ਮੈਂਬਰਾਂ ਦਾ ਸ਼ਨੀਵਾਰ ਬਲੱਡ ਸੈਂਪਲ ਲਿਆ ਗਿਆ। ਡੀ. ਐੱਨ. ਏ ਟੈਸਟ ਲਈ ਬਲੱਡ ਸੈਂਪਲ ਦਿੰਦੇ ਸਮੇਂ ਪਰਿਵਾਰਕ ਮੈਂਬਰ ਅਣਹੋਣੀ ਨੂੰ ਲੈ ਕੇ ਚਿੰਤਾ 'ਚ ਨਜ਼ਰ ਆਏ।ਟਇਸੇ ਦੌਰਾਨ ਸ਼ਨੀਵਾਰ ਆਪਣੀ ਮਾਂ ਸੀਮਾ ਨਾਲ ਸਰਕਾਰੀ ਮੈਡੀਕਲ ਕਾਲਜ 'ਚ ਡੀ. ਐੱਨ. ਏ. ਸੈਂਪਲ ਦੇਣ ਪਹੁੰਚੇ ਦੋ ਬੱਚੇ ਆਪਣੇ ਪਿਤਾ ਦੀ ਫੋਟੋ ਨੂੰ ਵਾਰ-ਵਾਰ ਦੇਖ ਰਹੇ ਸਨ। ਜਿਨ੍ਹਾਂ ਦੀ ਪਛਾਣ ਕਰਣ-ਅਰਜੁਨ ਵਜੋਂ ਹੋਈ। ਕਰਣ 9 ਸਾਲ ਤੇ ਅਰਜੁਨ 11 ਸਾਲ ਦਾ ਹੈ। ਇਹ ਦੋਨੋਂ ਭਰਾ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਹੇ ਹਨ। ਦੋਨਾਂ ਦਾ ਕਹਿਣਾ ਹੈ ਕਿ ਪਾਪਾ ਘਰ ਜ਼ਰੂਰ ਆਉਣਗੇ। ਕਰਣ-ਅਰਜੁਨ ਦੇ ਪਿਤਾ ਸੋਨੂੰ ਪਿਛਲੇ ਚਾਰ ਸਾਲਾ ਤੋਂ ਲਾਪਤਾ ਹਨ। ਇਰਾਕ 'ਚੋਂ ਉਨ੍ਹਾਂ ਦੇ ਪਿਤਾ ਦੀ ਅਜੇ ਤੱਕ ਕੋਈ ਖਬਰ ਨਹੀਂ ਆਈ। 
ਕਰਣ ਨੇ ਦੱਸਿਆ ਕਿ ਉਸ ਨੂੰ ਸਿਰਫ ਇੰਨਾ ਯਾਦ ਹੈ ਕਿ ਕੁਝ ਸਾਲ ਪਹਿਲਾਂ ਉਹ ਖਾਣਾ ਨਹੀਂ ਖਾ ਰਿਹਾ ਸੀ ਤੇ ਉਸ ਦੇ ਪਿਤਾ ਦਾ ਫੋਨ ਆਇਆ ਸੀ। ਪਿਤਾ ਨੇ ਕਿਹਾ ਬੇਟਾ ਖਾਣਾ ਖਾ ਲਓ ਤੇ ਵਧੀਆ ਸਹਿਤ ਬਣਾਓ। ਪਿਤਾ ਨੇ ਅਰਜੁਨ ਨਾਲ ਵੀ ਗੱਲ ਕੀਤੀ ਸੀ ਤੇ ਉਸ ਨੂੰ ਪੜ੍ਹਾਈ 'ਚ ਮਨ ਲਗਾਉਣ ਦੀ ਨਸੀਅਤ ਦਿੱਤੀ। ਇਸ ਤੋਂ ਬਾਅਦ ਸੋਨੂੰ ਦੀ ਆਪਣੇ ਬੱਚਿਆਂ ਨਾਲ ਗੱਲ ਨਹੀਂ ਹੋਈ। ਅਸਲ 'ਚ ਦੋਹਾਂ ਬੱਚਿਆਂ ਨੂੰ ਮਾਂ ਨੇ ਇਹ ਹੀ ਦੱਸਿਆ ਕਿ ਉਨ੍ਹਾਂ ਦੇ ਪਿਤਾ ਜਲਦ ਵਾਪਸ ਆ ਜਾਣਗੇ। ਇਸ ਲਈ ਕਰਣ-ਅਰਜੁਨ ਸਾਰਿਆਂ ਨੂੰ ਇਹ ਹੀ ਕਹਿੰਦੇ ਹਨ ਕਿ ਸਾਡੇ ਪਿਤਾ ਘਰ ਆ ਜਾਣਗੇ। ਹਾਲਾਂਕਿ ਸੀਮਾ ਨੂੰ ਖੁਦ ਵੀ ਇਹ ਪਤਾ ਨਹੀਂ ਕਿ ਉਸ ਦਾ ਪਤੀ ਇਰਾਕ 'ਚ ਕਿਸ ਹਾਲ 'ਚ ਹੈ। ਸ਼ਨੀਵਾਰ ਮੈਡੀਕਲ ਕਾਲਜ ਸਥਿਤ ਫੋਰੈਂਸਿਕ ਵਿਭਾਗ ਨਾਲ ਸੋਨੂੰ ਦੀ ਪਤਨੀ ਸੀਮਾ, ਪੁੱਤਰ ਅਰਜੁਨ ਤੇ ਮਾਂ ਜੀਤੀ ਦਾ ਡੀ. ਐੱਨ. ਏ. ਸੈਂਪਲ ਲਿਆ ਗਿਆ। ਚਵਿੰਡਾ ਦੇਵੀ ਦੀ ਰਹਿਣ ਵਾਲੀ ਸੀਮਾ ਨੇ ਦੱਸਿਆ ਕਿ ਸੋਨੂੰ ਨੇ ਅੰਮ੍ਰਿਤਸਰ 'ਚ ਕਾਰਪੇਂਟਰ ਦਾ ਕੰਮ ਸਿੱਖਿਆ ਸੀ। ਪਰਿਵਾਰ ਦੇ ਪਾਲਣ-ਪੋਸ਼ਣ ਲਈ ਸੋਨੂੰ ਏਜੰਟ ਦੀ ਸਹਾਇਤਾ ਨਾਲ ਇਰਾਕ ਚਲਾ ਗਿਆ। 15 ਜੂਨ 2015 ਦਾ ਉਨ੍ਹਾਂ ਦਾ ਫੋਨ ਆਇਆ ਕਿ ਇੱਥੇ ਹਾਲਾਤ ਵਿਗੜ ਚੁੱਕੇ ਹਨ। ਇਸ ਤੋਂ ਬਾਅਦ ਨਾ ਤਾਂ ਉਨ੍ਹਾਂ ਨਾਲ ਗੱਲ ਹੋਈ ਤੇ ਨਾ ਹੀ ਉਨ੍ਹਾਂ ਦੀ ਕੋਈ ਖੋਜ ਖਬਰ ਮਿਲੀ। ਸੀਮਾ ਨੇ ਦੱਸਿਆ ਕਿ ਅੱਜ ਮੈ ਲੋਕਾਂ ਦੇ ਘਰਾਂ 'ਚ ਬਰਤਨ ਸਾਫ ਕਰਕੇ ਬੱਚਿਆਂ ਦਾ ਪੇਟ ਪਾਲ ਰਹੀ ਹਾਂ। ਭਾਰਤ ਸਰਕਾਰ ਤੋਂ ਇੰਨੀ ਬੇਨਤੀ ਕਰਦੀ ਹਾਂ ਮੈਨੂੰ ਮੇਰੇ ਪਤੀ ਨੂੰ ਇਰਾਕ ਤੋਂ ਵਾਪਸ ਲੈ ਆਉਣ ਤੇ ਮੇਰੇ ਬੱਚਿਆ ਨੂੰ ਉਨ੍ਹਾਂ ਦਾ ਪਿਤਾ ਵਾਪਸ ਮਿਲ ਜਾਵੇ।


Related News