ਕਈ ਨਾਜਾਇਜ਼ ਬਿਲਡਿੰਗਾਂ ਦੀ ਜਾਂਚ ਚੀਫ ਵਿਜੀਲੈਂਸ ਅਫਸਰ ਦੇ ਹਵਾਲੇ

Monday, Jul 23, 2018 - 06:52 AM (IST)

ਜਲੰਧਰ, (ਖੁਰਾਣਾ)- ਪਿਛਲੇ ਕਰੀਬ ਡੇਢ ਮਹੀਨਿਆਂ ਤੋਂ ਜਲੰਧਰ ਦੀਆਂ ਨਾਜਾਇਜ਼ ਬਿਲਡਿੰਗਾਂ ਤੇ ਕਾਲੋਨੀਆਂ ਦਾ ਮਾਮਲਾ ਪੂਰੇ ਪੰਜਾਬ ’ਚ ਗਰਮਾਇਆ ਹੋਇਆ ਹੈ। ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਚਾਨਕ ਛਾਪੇਮਾਰੀ ਤੋਂ ਬਾਅਦ ਜਿਸ ਤਰ੍ਹਾਂ ਨਾਜਾਇਜ਼ ਬਿਲਡਿੰਗਾਂ ’ਤੇ ਡਿੱਚ ਮਸ਼ੀਨਾਂ ਚੱਲੀਆਂ, ਉਸ ਨਾਲ ਜਲੰਧਰ ਦੀ ਰਾਜਨੀਤਕ ਅਗਵਾਈ ਕਾਫੀ ਪ੍ਰੇਸ਼ਾਨ ਹੋਈ ਤੇ ਮਾਮਲਾ ਮੁੱਖ ਮੰਤਰੀ ਦਰਬਾਰ ਚਿਆ, ਜਿਨ੍ਹਾਂ ਨੇ ਨਾਜਾਇਜ਼ ਬਿਲਡਿੰਗਾਂ ਦੇ ਮਾਲਕਾਂ  ਨੂੰ ਤਤਕਾਲ ਰਾਹਤ ਦਿੰਦੇ ਹੋਏ ਵਿਜੀਲੈਂਸ ਜਾਂਚ ਦਾ ਕੰਮ ਬੰਦ ਕਰਵਾ ਦਿੱਤਾ।
ਸਟੇਟ ਵਿਜੀਲੈਂਸ ਬਿਊਰੋ ਵੱਲੋਂ 93 ਬਿਲਡਿੰਗਾਂ ਦੀ ਜਾਂਚ ਦਾ ਕੰਮ ਬੰਦ ਕਰ ਦਿੱਤੇ ਜਾਣ  ਤੋਂ ਬਾਅਦ ਨਾਜਾਇਜ਼ ਬਿਲਡਿੰਗਾਂ ’ਤੇ ਵਿਜੀਲੈਂਸ ਦਾ ਸਾਇਆ  ਹਾਲੇ ਦੂਰ ਨਹੀਂ ਹੋਇਆ ਹੈ ਤੇ ਹੁਣ ਲੋਕਲ ਬਾਡੀਜ਼ ਦੇ ਵਿਜੀਲੈਂਸ ਵਿੰਗ ਨੇ ਸ਼ਹਿਰ ਦੀਆਂ ਕਈ ਨਾਜਾਇਜ਼ ਬਿਲਡਿੰਗਾਂ ਦੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕਰੀਬ ਡੇਢ ਮਹੀਨਾ ਪਹਿਲਾਂ ਆਰ. ਟੀ. ਆਈ. ਵਰਕਰ ਸਿਮਰਨਜੀਤ ਸਿੰਘ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ 93 ਨਾਜਾਇਜ਼ ਬਿਲਡਿੰਗਾਂ ਤੇ ਕਾਲੋਨੀਆਂ ਦੀ ਜਾਂਚ ਸ਼ੁਰੂ ਹੋਈ ਸੀ ਤੇ ਹੁਣ ਇਕ ਹੋਰ ਆਰ. ਟੀ. ਆਈ. ਵਰਕਰ ਰਵਿੰਦਰਪਾਲ ਸਿੰਘ ਚੱਢਾ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਚੀਫ ਵਿਜੀਲੈਂਸ ਅਫਸਰ ਨੇ ਕਈ ਬਿਲਡਿੰਗਾਂ ਦੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਲੋਕਲ ਬਾਡੀਜ਼ ਦੇ ਡਾਇਰੈਕਟਰ ਦਫਤਰ ਵੱਲੋਂ ਵਿਭਾਗ ਦੇ ਚੀਫ ਵਿਜੀਲੈਂਸ ਅਫਸਰ ਵੱਲੋਂ 9 ਜੁਲਾਈ ਨੂੰ ਲਿਖੇ ਇਕ ਪੱਤਰ ’ਚ ਰਵਿੰਦਰਪਾਲ ਸਿੰਘ ਚੱਢਾ ਦੀਆਂ ਸਾਰੀਆਂ ਸ਼ਿਕਾਇਤਾਂ ਨੂੰ ਸੀ. ਵੀ. ਓ. ਕੋਲ ਭੇਜ ਦਿੱਤਾ ਗਿਆ ਹੈ। 
ਕੀ ਨਵਜੋਤ ਸਿੱਧੂ ਨੇ ਚਲਾਇਆ ਹੈ ਨਵਾਂ ਪੈਂਤਰਾ 
ਜਿਸ ਤਰ੍ਹਾਂ ਲੋਕਲ ਬਾਡੀਜ਼ ਦੇ ਡਾਇਰੈਕਟਰ ਨੇ ਆਰ. ਟੀ. ਆਈ. ਵਰਕਰਜ਼ ਦੀਆਂ ਸ਼ਿਕਾਇਤਾਂ ਨੂੰ ਚੀਫ ਵਿਜੀਲੈਂਸ ਅਫਸਰ ਨੂੰ ਰੈਫਰ ਕਰ ਦਿੱਤਾ ਹੈ, ਉਸ ਨਾਲ ਸ਼ਹਿਰ ’ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਕਿ ਇਹ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਦਾ ਨਵਾਂ ਪੈਂਤਰਾ ਤਾਂ ਨਹੀਂ ਹੈ। ਜ਼ਿਕਰਯੋਗ ਹੈ ਕਿ 14 ਜੂਨ ਨੂੰ ਨਵਜੋਤ ਸਿੱਧੂ ਨੇ ਸ਼ਹਿਰ ’ਚ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ’ਤੇ ਅਚਾਨਕ ਛਾਪੇਮਾਰੀ ਕੀਤੀ ਸੀ। ਉਸ ਦਿਨ ਸ਼ਹਿਰ ਦੇ ਵਿਧਾਇਕਾਂ ਨੇ ਉਨ੍ਹਾਂ ਦੀ ਛਾਪੇਮਾਰੀ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਉਨ੍ਹਾਂ ਦੇ ਵਿਧਾਨ ਸਭਾ ਖੇਤਰਾਂ ’ਚ ਜਾਣ ਤੋਂ ਪਹਿਲਾਂ ਉਨ੍ਹਾਂ ਨਾਲ ਤਾਲਮੇਲ ਕਿਉਂ ਨਹੀਂ ਕੀਤਾ ਗਿਆ। 
ਦੋ ਦਿਨ ਬਾਅਦ ਜਦੋਂ ਨਵਜੋਤ ਸਿੱਧੂ ਦੇ ਹੁਕਮਾਂ ’ਤੇ ਨਾਜਾਇਜ਼ ਬਿਲਡਿੰਗਾਂ ਨੂੰ  ਡੇਗੇ ਜਾਣ ਦਾ ਕੰਮ ਸ਼ੁਰੂ ਹੋਇਆ ਤੇ ਨਾਜਾਇਜ਼ ਕਾਲੋਨੀਆਂ ’ਤੇ ਐਕਸ਼ਨ ਹੋਣ ਲੱਗਾ ਤਾਂ  ਵੈਸਟ ਇਲਾਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਡਿੱਚ ਮਸ਼ੀਨਾਂ ’ਤੇ ਚੜ੍ਹ ਗਏ ਅਤੇ ਉਥੇ ਨਵਜੋਤ ਸਿੱਧੂ ਦੀ  ਖੂਬ ਕੇ  ਹਾਏ-ਹਾਏ ਕੀਤੀ ਗਈ। ਬਾਕੀ ਵਿਧਾਇਕਾਂ ਤੇ ਮੇਅਰ ਨੇ ਵੀ ਨਵਜੋਤ ਸਿੱਧੂ ਦੇ ਐਕਸ਼ਨ ਦੀ ਆਲੋਚਨਾ ਕੀਤੀ। ਜਲੰਧਰ ਦੇ ਸੰਸਦ ਮੈਂਬਰ ਸੰਤੋਖ ਸਿੰਘ ਸਾਰੇ ਵਿਧਾਇਕਾਂ ਅਤੇ ਮੇਅਰ ਨੂੰ ਲੈ ਕੇ ਚੰਡੀਗੜ੍ਹ ਜਾ ਪਹੁੰਚੇ, ਜਿਥੇ ਮੁੱਖ ਮੰਤਰੀ ਦੇ ਸਾਹਮਣੇ ਦੁੱਖੜੇ ਰੋਏ ਗਏ। ਮੁੱਖ ਮੰਤਰੀ ਨੇ ਰਾਜ ਆਗੂਆਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਦੇ  ਕਾਰਨ ਨਾਜਾਇਜ਼ ਬਿਲਡਿੰਗਾਂ ਦੀ ਵਿਜੀਲੈਂਸ ਜਾਂਚ ਦਾ ਕੰਮ ਰੋਕ ਦਿੱਤਾ। 
ਇਸ ਸਾਰੀ ਘਟਨਾ ਦੇ ਕਾਰਨ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਕਾਫੀ ਨਿਰਾਸ਼ ਦੱਸੇ ਜਾ ਰਹੇ ਹਨ  ਤੇ ਇਸ ਸਾਰੀ ਘਟਨਾ ਨੂੰ ਆਪਣੇ ਮੰਤਰਾਲਾ ’ਚ ਸਿੱਧੇ ਦਖਲਅੰਦਾਜ਼ੀ ਦੇ ਤੌਰ ’ਤੇ ਦੇਖ ਰਹੇ ਹਨ। ਫਿਲਹਾਲ ਉਨ੍ਹਾਂ ਨੇ ਸਸਪੈਂਡ ਕੀਤੇ ਗਏ 9 ਅਧਿਕਾਰੀਆਂ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ ਅਤੇ ਮੇਅਰ ਤੋਂ 93 ਬਿਲਡਿੰਗਾਂ ਦੀ ਪੂਰੀ ਰਿਪੋਰਟ ਤਲਬ ਕਰ ਕੇ ਰੱਖੀ ਹੈ। ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਹੁਣ ਲੋਕਲ ਬਾਡੀਜ਼ ਦੇ ਚੀਫ ਵਿਜੀਲੈਂਸ ਅਫਸਰ ਨੂੰ ਸਰਗਰਮ ਕਰ ਕੇ ਜਲੰਧਰ ਦੀਆਂ ਨਾਜਾਇਜ਼ ਬਿਲਡਿੰਗਾਂ ’ਤੇ ਐਕਸ਼ਨ ਕਰਨਾ ਚਾਹੁੰਦੇ ਹਨ। ਇਸ ਲਈ ਚਰਚਾ ਇਹੋ ਹੈ ਕਿ ਸਿੱਧੂ ਦੇ ਇਸ਼ਾਰੇ ’ਤੇ ਹੀ ਰਵਿੰਦਰਪਾਲ ਸਿੰਘ ਚੱਢਾ ਦੀਆਂ ਸ਼ਿਕਾਇਤਾਂ ਨੂੰ ਸੀ. ਵੀ. ਓ. ਦੇ ਹਵਾਲੇ ਕੀਤਾ ਗਿਆ।  ਇਸ ਤੋਂ ਪਹਿਲਾਂ ਡਾਇਰੈਕਟਰ ਨੂੰ ਸੈਂਕੜੇ ਸ਼ਿਕਾਇਤਾਂ ਭੇਜੀਆਂ ਗਈਆਂ ਪਰ ਹੁਣ ਉਨ੍ਹਾਂ ਨੇ ਜ਼ਿਆਦਾਤਰ ਸ਼ਿਕਾਇਤ ਵਾਪਸ ਨਗਰ ਨਿਗਮ ਹੀ ਭੇਜ ਦਿੱਤੀਆਂ। 
ਨਿਗਮ ਅਧਿਕਾਰੀਆਂ ਵਿਰੁੱਧ ਵੀ ਸ਼ਿਕਾਇਤਾਂ 
ਸਿਮਰਨਜੀਤ ਸਿੰਘ ਨੇ ਜਿਥੇ 93 ਬਿਲਡਿੰਗਾਂ ਦੀਅਾਂ ਸ਼ਿਕਾਇਤਾਂ ਦੇ ਨਾਲ -ਨਾਲ ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਡਾ. ਬਸੰਤ ਗਰਗ ਵਿਰੁੱਧ ਸੂਬੇ ਦੇ ਪਰਸੋਨਲ ਵਿਭਾਗ  ਵਿਚ ਸ਼ਿਕਾਇਤਾਂ ਦਿੱਤੀਆਂ ਹਨ, ਉਥੇ ਸਿਮਰਨਜੀਤ ਨੇ ਐਫੀਡੇਵਿਟ ਵੀ ਦਾਇਰ ਕਰ ਦਿੱਤਾ ਹੈ। ਰਵਿੰਦਰਪਾਲ ਸਿੰਘ ਦੀਆਂ ਸ਼ਿਕਾਇਤਾਂ  ’ਚ  ਬਿਲਡਿੰਗ ਬ੍ਰਾਂਚ ਨਾਲ ਜੁੜੇ ਕਈ ਅਧਿਕਾਰੀਆਂ ਦੇ ਨਾਂ ਹਨ, ਜਿਨ੍ਹਾਂ ਵਿਰੁੱਧ ਲਾਏ ਗਏ ਦੋਸ਼ਾਂ ਦੀ ਜਾਂਚ ਹੁਣ ਚੀਫ ਵਿਜੀਲੈਂਸ ਅਫਸਰ ਵੱਲੋਂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਰਵਿੰਦਰਪਾਲ ਸਿੰਘ ਚੱਢਾ ਨੇ ਸਮੇਂ-ਸਮੇਂ ’ਤੇ ਨਾਜਾਇਜ਼ ਬਿਲਡਿੰਗਾਂ ਬਾਰੇ ਸ਼ਿਕਾਇਤ ਮੰਤਰੀ, ਪ੍ਰਿੰਸੀਪਲ ਸੈਕਟਰੀ, ਡਾਇਰੈਕਟਰ ਅਤੇ ਨਿਗਮ ਕਮਿਸ਼ਨਰ ਨੂੰ ਭੇਜੀ ਸੀ। ਇਨ੍ਹਾਂ ਸਾਰੀਆਂ ਸ਼ਿਕਾਇਤਾਂ ’ਚ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਭ੍ਰਿਸ਼ਟ ਦੱਸਦੇ ਹੋਏ ਉਨ੍ਹਾਂ ਵਿਰੁੱਧ ਕਈ ਤਰ੍ਹਾਂ ਦੇ ਦੋਸ਼ ਲਾਏ ਗਏ ਸਨ। ਹੁਣ ਇਨ੍ਹਾਂ ਸਾਰੀਆਂ ਸ਼ਿਕਾਇਤਾਂ ਨੂੰ ਜਾਂਚ ਲਈ ਸੀ. ਵੀ. ਓ. ਕੋਲ ਭੇਜ ਦਿੱਤਾ ਗਿਆ ਹੈ। 
ਆਉਣ ਵਾਲੇ ਸਮੇਂ ’ਚ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਦੇ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ।


Related News