ਨਸ਼ਾ ਮੁਕਤੀ ਕੇਂਦਰਾਂ ਦੀ ਆੜ ਵਿਚ 3000 ਅੱਤਵਾਦੀ ਤਿਆਰ, ਅਕਤੂਬਰ ਤੱਕ ਘੁਸਪੈਠ ਦੀ ਪਲਾਨਿੰਗ

Wednesday, Sep 13, 2017 - 09:55 AM (IST)


ਗੁਰਦਾਸਪੁਰ (ਵਿਨੋਦ) - ਅੱਤਵਾਦੀਆਂ ਦੀ ਨਰਸਰੀ ਦੇ ਨਾਂਅ ਨਾਲ ਦੁਨੀਆ ਭਰ ਵਿਚ ਬਦਨਾਮ ਪਾਕਿਸਤਾਨ ਨੇ ਹੁਣ ਅੱਤਵਾਦੀਆਂ ਨੂੰ ਟ੍ਰੇਨਿੰਗ ਦੇਣ ਲਈ ਇਕ ਢੰਗ ਅਖਤਿਆਰ ਕਰਦੇ ਹੋਏ ਨਸ਼ਾ ਮੁਕਤੀ ਕੇਂਦਰਾਂ ਦੀ ਆੜ ਲੈਣੀ ਸ਼ੁਰੂ ਕਰ ਦਿੱਤੀ ਹੈ। ਖੁਫੀਆ  ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਦੇਸ਼ੀ ਮਦਦ ਨਾਲ ਪਾਕਿਸਤਾਨ ਵਿਚ ਚੱਲ ਰਹੇ ਨਸ਼ਾ ਮੁਕਤੀ ਕੇਂਦਰਾਂ ਵਿਚ ਇਸ ਸਮੇਂ 3000 ਅੱਤਵਾਦੀ ਟ੍ਰੇਨਿੰਗ ਲੈ ਕੇ ਦਹਿਸ਼ਤ ਫੈਲਾਉਣ ਲਈ ਪੂਰੀ ਤਰ੍ਹਾਂ ਤਿਆਰ ਬੈਠੇ ਸਨ। ਖੁਫੀਆ ਵਿਭਾਗ ਦੇ ਸੂਤਰਾਂ ਅਨੁਸਾਰ ਇਨ੍ਹਾਂ ਨੂੰ ਭਾਰਤ ਵਿਚ ਘੁਸਪੈਠ ਕਰਵਾਉਣ ਲਈ ਅਕਤੂਬਰ ਤੱਕ ਦਾ ਸਮਾਂ ਚੁਣਿਆ ਗਿਆ ਹੈ।

ਨਸ਼ਾ ਮੁਕਤੀ ਲਈ ਮਿਲ ਰਹੀ ਮਦਦ ਨਾਲ ਫਲ ਫੁੱਲ  ਰਿਹੈ ਅੱਤਵਾਦ
ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਇਨ੍ਹਾਂ ਨਸ਼ਾ ਮੁਕਤੀ ਕੇਂਦਰਾਂ ਨੂੰ ਚਲਾਉਣ ਦੇ ਨਾਂ 'ਤੇ ਮੁਸਲਿਮ ਦੇਸ਼ਾਂ ਕੋਲੋਂ ਮੋਟੀ ਸਹਾਇਤਾ ਰਕਮ ਲੈ ਰਹੀ ਹੈ। ਇਕੱਲੇ ਮੁਜਫਰਾਬਾਦ ਦੇ ਨਸ਼ਾ ਮੁਕਤੀ ਕੇਂਦਰ ਲਈ ਵਿਦੇਸ਼ਾਂ 'ਚੋਂ ਹਰ ਸਾਲ ਕਰੋੜਾਂ ਰੁਪਏ ਸਹਾਇਤਾ ਦੇ ਰੂਪ ਵਿਚ ਆਈ.ਐੱਸ.ਆਈ. ਹਾਸਲ ਕਰਦੀ ਹੈ ਪਰ ਇਕ-ਦੋ ਨਸ਼ਾ ਮੁਕਤੀ ਕੇਂਦਰਾਂ ਨੂੰ ਛੱਡ ਕੇ ਜ਼ਿਆਦਾਤਰ ਨੂੰ ਆਈ.ਐੱਸ.ਆਈ. ਨੇ ਅੱਤਵਾਦੀ ਸੰਗਠਨਾਂ ਦੇ ਟ੍ਰੇਨਿੰਗ ਸੈਂਟਰ ਬਣਾ ਦਿੱਤਾ ਹੈ ਜਦਕਿ ਇਨ੍ਹਾਂ ਸੈਂਟਰਾਂ ਦੀਆਂ ਇਮਾਰਤਾਂ ਦੇ ਬਾਹਰ ਨਸ਼ਾ ਮੁਕਤੀ ਕੇਂਦਰ ਜਾਂ ਪੁਨਰਵਾਸ ਕੇਂਦਰ ਲਿਖਿਆ ਮਿਲਦਾ ਹੈ। ਸੂਤਰਾਂ ਅਨੁਸਾਰ ਮੁਜਫਰਾਬਾਦ ਵਿਚ ਚੱਲ ਰਹੇ ਟ੍ਰੇਨਿੰਗ ਸੈਂਟਰ   'ਤੇ ਪੂਰੀ ਤਰ੍ਹਾਂ ਆਈ.ਐੱਸ.ਆਈ ਦਾ ਕੰਟ੍ਰੋਲ ਹੈ। ਇਸ ਸੈਂਟਰ ਦਾ ਸਥਾਨਕ ਲੋਕਾਂ ਵੱਲੋਂ ਕਈ ਵਾਰ ਵਿਰੋਧ ਵੀ ਕੀਤਾ ਜਾ ਚੁੱਕਾ ਹੈ। 

1. ਨਸ਼ਾ ਮੁਕਤੀ ਕੇਂਦਰਾਂ ਵਿਚ ਮਾਨਸਿਕ ਤੌਰ 'ਤੇ ਅੱਤਵਾਦੀ ਕੀਤੇ ਜਾਂਦੇ ਹਨ ਤਿਆਰ
ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਨੇ 2 ਤਰ੍ਹਾਂ ਦੀ ਸਟੈਟਰਜੀ ਅਪਣਾਈ ਹੈ। ਪਹਿਲੀ ਸਟੈਟਰਜੀ ਤਹਿਤ ਕਰਾਚੀ, ਲਾਹੌਰ, ਇਸਲਾਮਾਬਾਦ, ਰਾਵਲਪਿੰਡੀ, ਗੁੱਜਰਾਂਵਾਲਾ, ਮੁਲਤਾਨ, ਹੈਦਰਾਬਾਦ, ਪੇਸ਼ਾਵਰ, ਫੈਸਲਾਬਾਦ, ਕਵੇਟਾ, ਸਰਗੋਧਾ, ਸਿਆਲਕੋਟ, ਬਹਾਵਲਪੁਰ ਅਤੇ ਐਬਟਾਬਾਦ ਵਿਚ ਸਰਕਾਰੀ ਨਸ਼ਾ ਮੁਕਤੀ ਕੇਂਦਰ ਚੱਲ ਰਹੇ ਹਨ। ਇਨ੍ਹਾਂ ਕੇਂਦਰਾਂ ਵਿਚ ਨਵੇਂ ਚੁਣੇ ਅੱਤਵਾਦੀਆਂ ਨੂੰ ਮਾਨਸਿਕ ਤੌਰ 'ਤੇ ਦਹਿਸ਼ਤ ਫੈਲਾਉਣ ਲਈ ਤਿਆਰ ਕੀਤਾ ਜਾਂਦਾ ਹੈ। ਇਨ੍ਹਾਂ ਕੇਂਦਰਾਂ ਵਿਚ ਮਨੋਵਿਗਿਆਨੀਆਂ ਦੀ ਡਿਊਟੀ ਇਨ੍ਹਾਂ ਨੂੰ ਹਿਪਨੋਟਾਈਜ਼ ਕਰ ਕੇ ਕੱਟੜਵਾਦ ਅਤੇ ਅੱਤਵਾਦ ਲਈ ਤਿਆਰ ਕਰਨਾ ਹੈ। 

2. ਕੱਟੜ ਬਣਨ 'ਤੇ ਟ੍ਰੇਨਿੰਗ ਮੁਜ਼ਫਰਾਬਾਦ 'ਚ
ਨਵੇਂ ਭਰਤੀ ਅੱਤਵਾਦੀ ਜਦੋਂ ਪੂਰੀ ਤਰ੍ਹਾਂ ਕੱਟੜ ਹੋ ਜਾਂਦੇ ਹਨ ਉਦੋਂ ਇਨ੍ਹਾਂ ਨੂੰ ਸੈਕਿੰਡ ਸਟੇਜ ਦੀ ਟ੍ਰੇਨਿੰਗ ਲਈ ਭੇਜਿਆ ਜਾਂਦਾ ਹੈ। ਸੈਕਿੰਡ ਸਟੇਜ ਵਿਚ ਇਨ੍ਹਾਂ ਨੂੰ ਮੁਜ਼ਫਰਾਬਾਦ ਸਥਿਤ ਨਸ਼ਾ ਮੁਕਤੀ ਕੇਂਦਰ ਜੋ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਚੱਲ ਰਿਹਾ ਹੈ, ਵਿਖੇ ਭੇਜ ਦਿੱਤਾ ਜਾਂਦਾ ਹੈ। 

ਮਾਲਖਾਨੇ 'ਚੋਂ 3 ਲੱਖ  ਤੋਂ ਜ਼ਿਆਦਾ ਹਥਿਆਰ ਗਾਇਬ, ਅੱਤਵਾਦੀ ਸੰਗਠਨਾਂ ਕੋਲ ਪੁੱਜੇ
ਪਾਕਿਸਤਾਨੀ ਪੰਜਾਬ ਦੀ ਪੁਲਸ ਨੇ ਬੇਸ਼ੱਕ ਅੱਤਵਾਦੀ ਸਬੰਧੀ ਕਈ ਵੱਡੀਆਂ ਸਫਲਤਾਵਾਂ ਪ੍ਰਾਪਤ ਕਰ ਕੇ ਅੱਤਵਾਦੀਆਂ ਕੋਲੋਂ ਆਧੁਨਿਕ ਅਤੇ ਖਤਰਨਾਕ ਹਥਿਆਰ ਬਰਾਮਦ ਕੀਤੇ ਸਨ ਪਰ ਸੱਚਾਈ ਇਹ ਹੈ ਕਿ ਜਿੰਨੇ ਵੀ ਹਥਿਆਰ ਪੁਲਸ ਨੇ ਅੱਤਵਾਦੀਆਂ ਸਣੇ ਹੋਰ ਅਪਰਾਧੀਆਂ ਕੋਲੋਂ ਬਰਾਮਦ ਕੀਤੇ ਸਨ, ਉਨ੍ਹਾਂ ਵਿਚੋਂ ਜ਼ਿਆਦਾਤਰ ਦੁਬਾਰਾ ਪ੍ਰਮੁੱਖ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੂੰ ਸੌਂਪ ਦਿੱਤੇ ਗਏ । ਇਸ ਸਬੰਧੀ ਨਵਾਜ਼ ਸ਼ਰੀਫ  ਸਰਕਾਰ ਵੱਲੋਂ ਜਦੋਂ ਗੁਪਤ ਢੰਗ ਨਾਲ ਜਾਂਚ ਕਰਵਾਈ ਗਈ ਤਾਂ ਪਤਾ ਲੱਗਾ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਪੁਲਸ ਨੇ ਬੀਤੇ 10 ਸਾਲਾਂ ਵਿਚ ਜੋ ਹਥਿਆਰ ਅੱਤਵਾਦੀਆਂ ਕੋਲੋਂ ਬਰਾਮਦ ਕੀਤੇ ਸਨ, ਉਨ੍ਹਾਂ ਵਿਚੋਂ 3 ਲੱਖ 13 ਹਜ਼ਾਰ ਪੁਲਸ ਮਾਲਖਾਨੇ ਵਿਚੋਂ ਗਾਇਬ ਪਾਏ ਗਏ। ਇਨ੍ਹਾਂ ਹਥਿਆਰਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਦਿਸ਼ਾ ਨਿਰਦੇਸ਼ਾਂ 'ਤੇ ਹੀ ਇਹ ਸਾਰੇ ਹਥਿਆਰ ਜੈਸ਼-ਏ- ਮੁਹੰਮਦ ਨੂੰ ਵਾਪਸ ਕੀਤੇ ਗਏ ਹਨ।

ਇਸਲਾਮਿਕ ਸੰਘਰਸ਼ ਲਈ ਭਾਰਤ ਵਿਚ ਤਿਆਰ ਕੀਤੇ ਜਾ ਰਹੇ ਹਨ ਅੱਡੇ
ਆਈ.ਐੱਸ.ਆਈ. ਦੇ ਨਿਰਦੇਸ਼ਾਂ 'ਤੇ ਪਾਕਿਸਤਾਨੀ ਨੇਤਾਵਾਂ ਨੇ ਵੀ ਕਸ਼ਮੀਰ ਦੇ ਮੁੱਦੇ ਨੂੰ ਹੁਣ ਪਹਿਲ ਦੇ ਆਧਾਰ 'ਤੇ ਰੱਖ ਕੇ ਇਸ ਮਸਲੇ ਦੇ ਹੱਲ ਸਬੰਧੀ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ ਜੋ  ਆਉਣ ਵਾਲੇ ਸਮੇਂ ਵਿਚ ਤੇਜ਼ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਆਈ.ਐੱਸ.ਆਈ. ਨੇ ਭਾਰਤ ਵਿਚ ਇਸਲਾਮਿਕ ਸੰਘਰਸ਼  ਨੂੰ ਤੇਜ਼ ਕਰਨ ਲਈ ਤਾਮਿਲਨਾਡੂ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿਚ ਆਪਣੇ ਅੱਡੇ ਸਥਾਪਤ ਕਰਨੇ ਸ਼ੁਰੂ ਕਰ ਦਿੱਤੇ ਹਨ।  ਜਾਣਕਾਰੀ ਅਨੁਸਾਰ ਇਨ੍ਹਾਂ ਸੂਬਿਆਂ ਵਿਚ ਆਪਣੀ ਯੋਜਨਾ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਵਿਚ ਆਈ.ਐੱਸ.ਆਈ. ਦੇ ਕੁਝ ਏਜੰਟ ਫੜੇ ਵੀ ਗਏ ਹਨ। ਉਨ੍ਹਾਂ ਇਹ ਸਵਿਕਾਰ ਕੀਤਾ ਹੈ ਕਿ ਸਹਾਰਨਪੁਰ ਇਲਾਕੇ 'ਚ  ਇਸ ਯੋਜਨਾ ਨੂੰ ਕਾਮਯਾਬ ਬਣਾਉਣ ਲਈ ਸਰਗਰਮ ਹਨ ਅਤੇ ਇਥੋਂ ਹੀ ਮੇਰਠ, ਬਰੇਲੀ, ਪੀਲੀਭੀਤ, ਮੁਜ਼ਫਰਪੁਰ, ਕਾਨਪੁਰ, ਬਿਜਨੌਰ ਅਤੇ ਦੇਹਰਾਦੂਨ ਇਲਾਕਿਆਂ ਵਿਚ ਆਪਣਾ ਜਾਲ ਵਿਛਾਉਣ 'ਚ ਰੁਝੇ ਹੋਏ ਸਨ। ਅੱਤਵਾਦੀਆਂ ਨੂੰ ਟ੍ਰੇਨਿੰਗ ਦੇਣ ਲਈ ਬੰਗਲਾਦੇਸ਼ ਵਿਚ ਵੀ ਕਈ ਕੈਂਪ ਚੱਲ ਰਹੇ ਹਨ।


Related News