ਵਾਹਨ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, ਵੱਡੀ ਗਿਣਤੀ 'ਚ ਗੱਡੀਆਂ ਸਣੇ 6 ਚੜ੍ਹੇ ਪੁਲਸ ਅੜਿੱਕੇ
02/07/2023 6:42:00 PM

ਮੋਹਾਲੀ (ਪਰਦੀਪ) : ਸੀ. ਆਈ. ਏ. ਸਟਾਫ਼ ਮੋਹਾਲੀ ਨੇ ਸਾਲ 2021 ਤੋਂ ਜ਼ਿਲ੍ਹਾ ਮੋਹਾਲੀ, ਹਰਿਆਣਾ, ਦਿੱਲੀ ਅਤੇ ਯੂ. ਪੀ. ਦੇ ਏਰੀਏ ਵਿੱਚੋਂ ਗੱਡੀਆਂ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਕੋਲੋਂ ਚੋਰੀ ਦੀਆਂ 35 ਕਾਰਾਂ, ਸਕੂਟਰ/ਮੋਟਰਸਾਈਕਲ ਅਤੇ ਸਕਰੇਪ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਪ੍ਰੇਮਿਕਾ ਦੀ ਮੰਗਣੀ ਕਿਤੇ ਹੋਰ ਹੋਣ ’ਤੇ ਪ੍ਰੇਮੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਆਈ. ਪੀ. ਐੱਸ. ਡਾ. ਸੰਦੀਪ ਕੁਮਾਰ ਗਰਗ ਸੀਨੀਅਰ ਕਪਤਾਨ ਪੁਲਸ ਮੋਹਾਲੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਿਲ੍ਹੇ 'ਚ ਵਾਹਨ ਚੋਰੀ ਸਬੰਧੀ ਫੇਜ਼-8 ਥਾਣਾ ਵਿਖੇ ਮੁਕੱਦਮਾ ਦਰਜ ਸੀ, ਜਿਸ ਦੀ ਤਫਤੀਸ਼ ਦੌਰਾਨ ਇੰਦਰਪ੍ਰੀਤ ਸਿੰਘ ਉੱਰਫ ਪ੍ਰਿੰਸ ਵਾਸੀ ਪਿੰਡ ਰਾਈਆਵਾਲਾ ਰੋਡ ਥਾਣਾ ਸਿਟੀ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ, ਗੁਰਵਿੰਦਰ ਸਿੰਘ ਉੱਰਫ ਗੁਰੀ ਵਾਸੀ 165/6 ਗੁਰੂ ਤੇਗ ਬਹਾਦਰ ਨਗਰ ਖਰੜ, ਪਰਵਿੰਦਰ ਸਿੰਘ ਉੱਰਫ ਪਿੰਦੂ ਵਾਸੀ ਪਿੰਡ ਕਮਰਾਵਾਲੀ ਥਾਣਾ ਸਿਟੀ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ, ਰਾਜੇਸ਼ ਕੁਮਾਰ ਉੱਰਫ ਰਿੰਕੂ ਵਾਸੀ ਜੋਹਲ ਕਲੋਨੀ ਜਲਾਲਾਬਾਦ ਫਾਜ਼ਿਲਕਾ, ਸੁਖਰਾਜ ਸਿੰਘ ਉੱਰਫ ਸੁੱਖਾ ਅਤੇ ਜਸਪਾਲ ਸਿੰਘ ਉੱਰਫ ਜੱਸਾ ਵਾਸੀ ਪਿੰਡ ਠੱਠਾ ਥਾਣਾ ਸਰਹਾਲੀ ਜ਼ਿਲ੍ਹਾ ਤਰਨ ਤਾਰਨ ਹਾਲ ਵਾਸੀ 218 ਏ. ਕੇ. ਐੱਸ. ਕਾਲੋਨੀ ਨੇੜੇ ਫੌਜੀ ਢਾਬਾ ਜ਼ੀਰਕਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗਿਰੋਹ ਨੂੰ ਕਾਬੂ ਕਰਨ ਨਾਲ ਜ਼ਿਲ੍ਹਾ ਮੋਹਾਲੀ ਵਿਚ ਵਾਹਨ ਚੋਰੀ ਹੋਣ ਦੇ ਕਰੀਬ 20 ਮੁਕੱਦਮੇ ਟਰੇਸ ਕਰਕੇ 31 ਵਹੀਕਲ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮੰਤਰੀ ਹਰਜੋਤ ਬੈਂਸ ਵੱਲੋਂ SDM ਦਫ਼ਤਰ ਦਾ ਦੌਰਾ, ਗ਼ੈਰ ਹਾਜ਼ਰ ਤੇ ਲੇਟ ਆਉਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਵੱਡੀ ਕਾਰਵਾਈ
ਮੁਲਜ਼ਮਾਂ ਕੋਲੋਂ 4,08,150 ਰੁਪਏ ਨਕਦ, 35 ਗੱਡੀਆਂ, 8 ਦੋਪਹੀਆ ਵਾਹਨ ਅਤੇ ਗੱਡੀਆਂ ਦੀ ਸਕਰੈਪ ਬਰਾਮਦ ਕੀਤੀ ਗਈ ਹੈ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਕਾਬੂ ਕੀਤੇ ਗਿਰੋਹ ਵਿੱਚੋਂ ਇੰਦਰਪ੍ਰੀਤ ਸਿੰਘ ਉਰਫ ਪ੍ਰਿੰਸ, ਗੁਰਵਿੰਦਰ ਸਿੰਘ ਉੱਰਫ ਗੁਰੀ, ਸੁਖਰਾਜ ਸਿੰਘ ਉੱਰਫ ਸੁੱਖਾ, ਜਸਪਾਲ ਸਿੰਘ ਉੱਰਫ ਜੱਸਾ ਅਤੇ ਪਰਵਿੰਦਰ ਸਿੰਘ ਉੱਰਫ ਪਿੰਦੂ ਮਿਲ ਕੇ ਪਹਿਲਾਂ ਮੋਟਰਸਾਈਕਲ ਜਾਂ ਸਕੂਟਰ ਦੀ ਵਰਤੋਂ ਕਰ ਕੇ ਚੋਰੀ ਕਰਨ ਵਾਲੀ ਗੱਡੀਆਂ ਦੀ ਦਿਨ ਸਮੇਂ ਰੈਕੀ ਕਰਦੇ ਸਨ ਤੇ ਖਾਸ ਕਰਕੇ ਇਹ ਛੋਟੀਆਂ ਗੱਡੀਆਂ ਨੂੰ ਚੋਰੀ ਕਰਦੇ ਸਨ ਅਤੇ ਸਕਰੈਪ ਡੀਲਰ ਕੋਲ ਆਸਾਨੀ ਨਾਲ ਵੇਚ ਦਿੰਦੇ ਸਨ।
ਇਹ ਗਿਰੋਹ ਪਿਛਲੇ 2 ਸਾਲ ਤੋਂ ਮੋਟਰਸਾਈਕਲ ਤੇ ਕਾਰਾਂ ਚੋਰੀ ਕਰਦਾ ਆ ਰਿਹਾ ਸੀ। ਇਹ ਪ੍ਰਤੀ ਕਾਰ 17 ਤੋਂ 20 ਹਜ਼ਾਰ ਰੁਪਏ ਵਿੱਚ ਵੇਚ ਦਿੰਦੇ ਸਨ। ਇਸ ਗਿਰੋਹ 'ਚ ਸ਼ਾਮਲ ਇੰਦਰਪ੍ਰੀਤ ਸਿੰਘ ਉੱਰਫ ਪ੍ਰਿੰਸ ਜੋ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਅਤੇ ਸਾਲ 2021 ਤੋਂ ਜ਼ੀਰਕਪੁਰ ਵਿੱਚ ਰਹਿ ਕੇ ਟ੍ਰਾਈਸਿਟੀ 'ਚ ਟੈਕਸੀ ਚਲਾਉਂਦਾ ਸੀ। ਇਸ ਕਰਕੇ ਮੁਲਜ਼ਮ ਪ੍ਰਿੰਸ ਨੂੰ ਕਾਰਾਂ ਅਤੇ ਮੋਟਰਸਾਈਕਲ ਚੋਰੀ ਕਰਕੇ ਵੇਚਣੇ ਪੈਸੇ ਕਮਾਉਣ ਦਾ ਆਸਾਨ ਸਾਧਨ ਲਗਦਾ ਸੀ, ਜੋ ਚੋਰੀ ਕੀਤੀਆਂ ਗੱਡੀਆਂ ਨੂੰ ਜਲਾਲਾਬਾਦ ਵਿਖੇ ਹੀ ਮੁਲਜ਼ਮ ਰਾਜੇਸ਼ ਕੁਮਾਰ ਉੱਰਫ ਰਿੰਕੂ ਸਕਰੈਪ ਡੀਲਰ ਨੂੰ ਵੇਚ ਦਿੰਦਾ ਸੀ। ਚੋਰੀ ਕੀਤੀਆਂ ਗੱਡੀਆਂ ਨੂੰ ਜਲਾਲਾਬਾਦ ਦੇ ਕਬਾੜੀਆਂ ਵੱਲੋਂ ਸਕਰੈਪ ਬਣਾ ਕੇ ਮੰਡੀ ਗੋਬਿੰਦਗੜ੍ਹ ਏਰੀਏ ਵਿੱਚ ਅੱਗੇ ਵੇਚ ਦਿੱਤਾ ਜਾਂਦਾ ਸੀ।