ਨਰਸਾਂ ਸਿਹਤ ਬੁਨਿਆਦੀ ਢਾਂਚੇ ਦਾ ਮਜ਼ਬੂਤ ਥੰਮ੍ਹ ਹਨ : ਬਲਬੀਰ ਸਿੰਘ ਸਿੱਧੂ

5/13/2020 12:58:31 AM

ਚੰਡੀਗੜ੍ਹ : ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸੂਬੇ ਭਰ ਵਿੱਚ ਨਰਸਾਂ ਵੱਲੋਂ ਨੋਵਲ ਕਰੋਨਾ ਵਾਇਰਸ ਬਿਮਾਰੀ ਵਿਰੁੱਧ ਜੰਗ ਵਿੱਚ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਰਸਿੰਗ ਸਟਾਫ, ਜੋ ਕਿ ਸਿਹਤ ਬੁਨਿਆਦੀ ਢਾਂਚੇ ਦਾ ਮਜ਼ਬੂਤ ਥੰਮ੍ਹ ਹਨ, ਦੇ ਸਮਰਥਨ ਤੋਂ ਬਿਨਾਂ ਕੋਵਿਡ -19 ਵਿਰੁੱਧ ਜੰਗ ਜਿੱਤਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਸ. ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵੀਟ ਕੀਤੇ ਇੱਕ ਤਾਜ਼ਾ ਵੀਡੀਓ ਦਾ ਜ਼ਿਕਰ ਕੀਤਾ, ਜਿਸ ਵਿੱਚ ਨਰਸਾਂ ਕੋਵਿਡ ਦੇ ਮਰੀਜ਼ਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਸਖ਼ਤ ਯਤਨ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਗਿੱਧਾ ਪਾਉਂਦੇ ਵੇਖਿਆ ਗਿਆ ਜੋ ਉਨ੍ਹਾਂ ਦੀ ਸਖਤ ਮਿਹਨਤ ਅਤੇ ਡਿਊਟੀ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਉਹ ਨਰਸਾਂ ਵੱਲੋਂ ਸੰਕਟ ਦੀ ਇਸ ਘੜੀ  ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਸਲਾਮ ਕਰਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਲਾਗ ਲੱਗਣ ਦੇ ਡਰੋਂ ਇਸ ਨਾਜ਼ੁਕ ਸਮੇਂ ਦੌਰਾਨ ਆਪਣੀ ਡਿਊਟੀ ਨਿਭਾਉਂਦਿਆਂ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪੈ ਰਿਹਾ ਹੈ ਅਤੇ ਉਹ ਕੋਵਿਡ -19 ਦੇ ਵਿਰੁੱਧ ਜੰਗ ਵਿਚ ਯੋਧਿਆਂ ਦੀ ਤਰ੍ਹਾਂ ਆਪਣੀ ਡਿਊਟੀ ਨਿਭਾ ਰਹੇ ਹਨ। ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਇਕ ਨਰਸ ਹੈ ਜੋ ਬਿਨਾਂ ਕਿਸੇ ਪੱਖਪਾਤ ਦੇ ਮਰੀਜ਼ ਦਾ ਇਲਾਜ ਕਰਦੀ ਹੈ ਅਤੇ ਡਾਕਟਰ ਦੀ ਡਿਊਟੀ ਇਕ ਨਰਸ ਤੋਂ ਬਿਨਾਂ ਅਧੂਰੀ ਹੈ ਕਿਉਂਕਿ ਉਹ ਹਸਪਤਾਲ ਵਿਚ ਇਕ ਸਲਾਹਕਾਰ ਦੀ ਤਰ੍ਹਾਂ ਕੰਮ ਕਰਦੀ ਹੈ।

ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਨਰਸ ਦਿਵਸ ਜ਼ਿਲ੍ਹਾ ਹਸਪਤਾਲ ਮੁਹਾਲੀ ਵਿਖੇ ਮਨਾਇਆ ਗਿਆ ਜਿੱਥੇ ਪਰਿਵਾਰ ਭਲਾਈ ਦੇ ਡਾਇਰੈਕਟਰ ਡਾ. ਪ੍ਰਭਦੀਪ ਕੌਰ ਜੌਹਲ ਨੇ ਸਟਾਫ ਨਰਸਾਂ ਨੂੰ ਗੁਲਾਬ ਭੇਟ ਕਰਕੇ ਸਨਮਾਨਿਤ ਕੀਤਾ। ਲੇਬਰ ਰੂਮ ਅਤੇ ਐਸ.ਐਨ.ਸੀ. ਯੂ ਦੇ ਸਾਰੇ ਸੇਫ ਡਲਿਵਰੀ ਚੈਂਪੀਅਨਜ਼ ਨੂੰ ਸੇਫ ਡਿਲਿਵਰੀ ਚੈਂਪੀਅਨ ਬੈਚ ਅਤੇ ਗੁਲਾਬ ਭੇਟ ਕੀਤੇ ਗਏ।  ਉਨ੍ਹਾਂ ਕਿਹਾ ਕਿ ਸਟਾਫ ਨਰਸਾਂ ਸਿਹਤ ਸੇਵਾਵਾਂ ਦੀ ਰੀੜ੍ਹ ਦੀ ਹੱਡੀ ਹਨ ਅਤੇ ਖਾਸ ਕਰਕੇ  ਕੋਵਿਡ 19 ਦੇ ਸਮੇਂ ਦੌਰਾਨ ਉੱਤਮ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਟਾਫ਼ ਅਣਥੱਕ ਮਿਹਨਤ ਕਰ ਰਿਹਾ ਹੈ। ਇਸ ਮੌਕੇ ਡਾ. ਅਰੀਤ ਐਸ.ਐਮ.ਓ ਇੰਚਾਰਜ, ਜ਼ਿਲ੍ਹਾ ਹਸਪਤਾਲ ਮੁਹਾਲੀ ਅਤੇ ਡਾ. ਇੰਦਰਦੀਪ ਕੌਰਠ ਪ੍ਰੋਗਰਾਮ ਅਫ਼ਸਰ ਐਮ.ਸੀ.ਐਚ ਵੀ ਮੌਜੂਦ ਸਨ ਜਿਨ੍ਹਾਂ ਨੇ ਸਟਾਫ਼ ਨਰਸਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਡਾ. ਅਰੀਤ ਨੇ ਕੋਵਿਡ-19 ਦੌਰਾਨ ਸਹਾਇਤਾ ਪ੍ਰਦਾਨ ਕਰਨ ਅਤੇ ਇਸ ਸਮੇਂ ਦੌਰਾਨ ਐਮ.ਸੀ.ਐਚ ਅਤੇ ਟੀਕਾਕਰਨ ਵਰਗੀਆਂ ਸਾਰੀਆਂ ਜ਼ਰੂਰੀ ਸੇਵਾਵਾਂ ਨੂੰ ਬਣਾਏ ਰੱਖਣ ਲਈ ਹੈਲਥ ਕੇਅਰ ਸਟਾਫ਼ ਦੀ ਸ਼ਲਾਘਾ ਕੀਤੀ।

ਦੱਸਣਯੋਗ ਹੈ ਕਿ ਇਹ ਦਿਵਸ ਫਲੋਰੈਂਸ ਨਾਈਟਿੰਗੇਲ ਦੇ ਜਨਮ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਇੱਕ ਨਰਸ  ਜਿਸਨੇ 1853-56 ਵਿੱਚ ਕਰੀਮੀਆ ਯੁੱਧ ਦੌਰਾਨ ਸੈਨਿਕਾਂ ਦੀ ਦੇਖਭਾਲ ਲਈ ਦਿਨ ਰਾਤ ਕੰਮ ਕੀਤਾ ਅਤੇ ਆਪਣੀ ਟੀਮ ਦੀ ਅਗਵਾਈ ਕੀਤੀ ਅਤੇ ਹਸਪਤਾਲ ਵਿਚ ਮੌਤ ਦਰ ਨੂੰ ਦੋ ਤਿਹਾਈ ਤੱਕ ਘਟਾ ਦਿੱਤਾ। ਇਟਰਨੈਸ਼ਨਲ ਕੌਂਸਲ ਆਫ਼ ਨਰਸਿੰਗ ਦੁਆਰਾ 1965 ਵਿੱਚ ਪਹਿਲਾ ਨਰਸਿੰਗ ਦਿਵਸ ਮਨਾਇਆ ਗਿਆ ਸੀ ਅਤੇ 1974 ਵਿੱਚ ਇਸ ਕੌਂਸਲ ਨੇ ਫਲੋਰੈਂਸ ਨਾਈਟਿੰਗੇਲ ਦੀ ਜਨਮ ਵਰ੍ਹੇਗੰਢ 'ਤੇ ਨਰਸ ਦਿਵਸ ਮਨਾਉਣ ਨੂੰ ਪ੍ਰਵਾਨਗੀ ਦਿੱਤੀ ਸੀ ਅਤੇ ਇਹ ਨਰਸ ਦਿਵਸ ਉਸਦੀ 200ਵੀਂ ਜਨਮ ਵਰ੍ਹੇਗੰਢ ਹੈ। ਇਸ ਦਿਵਸ ਲਈ ਇਸ ਸਾਲ ਦਾ ਵਿਸ਼ਾ  “ਨਰਸਿੰਗ ਦ ਵਰਲਡ ਟੂ ਹੈਲਥ'' ਹੈ,  ਜੋ ਇਨ੍ਹਾਂ ਸਮਿਆਂ ਵਿੱਚ ਪੂਰੀ ਤਰ੍ਹਾਂ ਢੁੱਕਵਾਂ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Deepak Kumar

Content Editor Deepak Kumar