ਅੰਤਰਰਾਸ਼ਟਰੀ ਨਗਰ ਕੀਰਤਨ ਰਾਜਸਥਾਨ ਤੋਂ ਪੰਜਾਬ 'ਚ ਹੋਇਆ ਦਾਖ਼ਲ
Wednesday, Oct 16, 2019 - 09:52 AM (IST)

ਅੰਮ੍ਰਿਤਸਰ, ਅਬੋਹਰ (ਸੁਨੀਲ ਨਾਗਪਾਲ, ਦੀਪਕ) - ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਗਏ ਕੀਤੇ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਰਾਜਸਥਾਨ ਤੋਂ ਪੰਜਾਬ ਪੁੱਜਣ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੀ ਆਰੰਭਤਾ ਰਾਜਸਥਾਨ ਦੇ ਸ੍ਰੀ ਗੰਗਾਨਗਰ ਤੋਂ ਹੋਈ। ਇਥੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਅਤੇ ਅਰਦਾਸ ਮਗਰੋਂ ਨਗਰ ਕੀਰਤਨ ਰਵਾਨਾ ਹੋਇਆ। ਰਵਾਨਗੀ ਸਮੇਂ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਭੇਟ ਕੀਤੇ ਗਏ। ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ ਨੇ ਫੁੱਲ ਪੱਤੀਆਂ ਦੀ ਵਰਖਾ ਕਰ ਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ।
ਦੂਸਰੇ ਪਾਸੇ ਰਾਜਸਥਾਨ ਤੋਂ ਨਗਰ ਕੀਰਤਨ ਪੰਜਾਬ ਦੇ ਅਬੋਹਰ ਜ਼ਿਲੇ 'ਚ ਦਾਖ਼ਲ ਹੋਇਆ, ਜਿਥੇ ਸੰਗਤਾਂ ਨੇ ਖ਼ਾਲਸਾਈ ਜੈਕਾਰਿਆਂ ਨਾਲ ਸਵਾਗਤ ਕੀਤਾ। ਅਬੋਹਰ ਜ਼ਿਲੇ ਦੇ ਰਾਜਸਥਾਨ ਨਾਲ ਲੱਗਦੇ ਬਾਰਡਰ 'ਤੇ ਹਜ਼ਾਰਾਂ ਸੰਗਤਾਂ ਮੌਜੂਦ ਸਨ। ਇਥੇ ਸੰਗਤ ਨੇ ਲੰਗਰਾਂ ਦੇ ਪ੍ਰਬੰਧ ਕੀਤੇ ਹੋਏ ਸਨ। ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਤੱਕ ਰਸਤੇ 'ਤੇ ਦੂਰ-ਦੁਰਾਡੇ ਤੋਂ ਪੁੱਜੀਆਂ ਸੰਗਤਾਂ ਨੇ ਉਤਸ਼ਾਹ ਨਾਲ ਨਗਰ ਕੀਰਤਨ ਪ੍ਰਤੀ ਸ਼ਰਧਾ ਦਿਖਾਈ। ਨਗਰ ਕੀਰਤਨ 'ਚ ਪ੍ਰਬੰਧਕੀ ਸੇਵਾ ਨਿਭਾ ਰਹੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਨਿਸ਼ਾਨ ਸਿੰਘ ਨੇ ਦੱਸਿਆ ਕਿ ਜਿਥੇ ਰਾਜਸਥਾਨ 'ਚ ਨਗਰ ਕੀਰਤਨ ਦਾ ਸੰਗਤ ਨੇ ਥਾਂ-ਥਾਂ ਸਵਾਗਤ ਕੀਤਾ, ਉਥੇ ਹੀ ਪੰਜਾਬ ਦਾਖ਼ਲ ਹੋਣ ਸਮੇਂ ਸੰਗਤ ਦੀ ਸ਼ਰਧਾ ਵੀ ਦੇਖਣਯੋਗ ਸੀ। ਹਰ ਪੜਾਅ 'ਤੇ ਹਜ਼ਾਰਾਂ ਸੰਗਤਾਂ ਸਵਾਗਤ ਲਈ ਪੁੱਜੀਆਂ ਹੋਈਆਂ ਸਨ।