ਇੰਟਰਨੈਸ਼ਨਲ ਡਰੱਗ ਰੈਕੇਟ ਮਾਮਲਾ: ਸਾਬਕਾ ACP ਬਿਮਲਕਾਂਤ ਦੇ ਸਾਥੀ ਜੀਤਾ ਮੌੜ ਦੇ ਘਰੋਂ ਮਿਲੀ ਲੱਖਾਂ ਦੀ ਨਕਦੀ
Sunday, Feb 13, 2022 - 11:29 AM (IST)
ਲੁਧਿਆਣਾ/ਜਲੰਧਰ (ਅਨਿਲ/ਮ੍ਰਿਦੁਲ)– ਇੰਟਰਨੈਸ਼ਨਲ ਡਰੱਗ ਰੈਕੇਟ ਮਾਮਲੇ ’ਚ ਫੜੇ ਗਏ ਸਾਬਕਾ ਏ. ਸੀ. ਪੀ. ਬਿਮਲਕਾਂਤ ਦੇ ਸਾਥੀ ਅਤੇ ਨਸ਼ਾ ਸਮੱਗਲਰ ਰਣਜੀਤ ਸਿੰਘ ਉਰਫ਼ ਜੀਤਾ ਮੌੜ ਦੇ ਕਾਲਾ ਸੰਘਿਆ ਸਥਿਤ ਘਰ ਵਿਚ ਸਰਚ ਮੁਹਿੰਮ ਚਲਾਈ ਗਈ। ਇਥੇ ਐੱਸ. ਟੀ. ਐੱਫ. ਨੂੰ 38.50 ਲੱਖ ਰੁਪਏ ਦੀ ਨਕਦੀ ਸਮੇਤ ਪਲਾਟਾਂ ਦੀਆਂ 200 ਦੇ ਲਗਭਗ ਰਜਿਸਟਰੀਆਂ ਬਰਾਮਦ ਹੋਈਆਂ ਹਨ। ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਏ. ਆਈ. ਜੀ. ਸਨੇਹਦੀਪ ਸ਼ਰਮਾ ਅਤੇ ਇੰਚਾਰਜ ਹਰਬੰਸ ਸਿੰਘ ਰਲਹਨ ਨੇ ਦੱਸਿਆ ਕਿ ਉਕਤ ਡਰੱਗ ਕੇਸ ਵਿਚ ਹੁਣ ਤਕ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਬਾਕੀ 9 ਮੁਲਜ਼ਮ ਹੁਣ ਤਕ ਫਰਾਰ ਹੈ, ਜਿਨ੍ਹਾਂ ਵਿਚ ਜੀਤਾ ਮੌੜ ਦੀ ਪਤਨੀ, ਪਰਿਵਾਰਕ ਮੈਂਬਰ, 2 ਸੀ. ਏ. ਸਮੇਤ ਕਈ ਪ੍ਰਸਿੱਧ ਨਸ਼ਾ ਸਮੱਗਲਰ ਸ਼ਾਮਲ ਹਨ। ਇਸ ਸਰਚ ਮੁਹਿੰਮ ਅਨੁਸਾਰ ਲਗਭਗ 4 ਦਰਜਨ ਬੈਂਕਾਂ ਦੀਆਂ ਪਾਸਬੁੱਕਸ ਵੀ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਤੋਂ ਜੀਤਾ ਮੌੜ ਦੇ ਵੱਖ-ਵੱਖ ਬੈਂਕ ਖਾਤਿਆਂ ਦਾ ਪਤਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਹੁਣ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ, ਜੋ ਆਉਣ ਵਾਲੇ ਦਿਨਾਂ ਵਿਚ ਐੱਸ. ਟੀ. ਐੱਫ. ਕਰ ਸਕਦੀ ਹੈ।
ਸੁਰੱਖਿਆ ’ਚ ਤਾਇਨਾਤ ਮੁਨੀਸ਼ ਨੂੰ ਲੈ ਕੇ ਖ਼ੁਲਾਸਾ
ਚਹੇਤੇ ਪੁਲਸ ਅਧਿਕਾਰੀਆਂ ਕਾਰਨ ਏ. ਐੱਸ. ਆਈ. ਮੁਨੀਸ਼ ਕੁਮਾਰ ਨੂੰ ਬਿਨਾਂ ਆਰਡਰ ’ਤੇ ਜੀਤਾ ਮੌੜ ਨੇ ਆਪਣੇ ਨਾਲ ਰੱਖਿਆ ਸੀ, ਜਿਸ ਵਿਚ ਏ. ਸੀ. ਪੀ. ਰਹੇ ਬਿਮਲਕਾਂਤ ਨੇ ਅਹਿਮ ਭੂਮਿਕਾ ਨਿਭਾਈ ਸੀ। ਉਕਤ ਮਾਮਲੇ ’ਚ ਗ੍ਰਿਫ਼ਤਾਰ ਏ. ਐੱਸ. ਆਈ. ਮੁਨੀਸ਼ ਕੁਮਾਰ ਦੀ ਡਿਊਟੀ ਪੀ. ਏ. ਪੀ. 7 ਬਟਾਲੀਅਨ ਵਿਚ ਸੀ ਪਰ ਪਿਛਲੇ ਕਈ ਸਾਲਾਂ ਤੋਂ ਜੀਤਾ ਮੌੜ ਦੇ ਕੁਝ ਚਹੇਤੇ ਪੁਲਸ ਅਧਿਕਾਰੀਆਂ ਕਾਰਨ ਆਪਣੀ ਡਿਊਟੀ ਜੀਤਾ ਮੌੜ ਨਾਲ ਕਰ ਰਿਹਾ ਸੀ। ਖਾਸ ਗੱਲ ਹੈ ਕਿ ਇਸ ਸੰਬੰਧ ’ਚ ਕੋਈ ਵੀ ਵਿਭਾਗੀ ਹੁਕਮ ਜਾਰੀ ਨਹੀਂ ਕੀਤੇ ਗਏ ਸਨ।
ਇਹ ਵੀ ਪੜ੍ਹੋ: ਕਪੂਰਥਲਾ: 7 ਸਾਲਾ ਬੱਚੀ ਨਾਲ ਕੀਤਾ ਸੀ ਜਬਰ-ਜ਼ਿਨਾਹ, ਇਕ ਸਾਲ ਦੇ ਅੰਦਰ ਦੋਸ਼ੀ ਨੂੰ ਸੁਣਾਈ ਫਾਂਸੀ ਦੀ ਸਜ਼ਾ
ਜੀਤਾ ਮੌੜ ਨੇ ਕਈ ਸਕੂਲਾਂ ਤੇ ਕਾਲੋਨੀਆਂ ਤੋਂ ਕਾਲਾ ਧਨ ਕਮਾਇਆ
ਨਸ਼ਾ ਸਮੱਗਲਰ ਜੀਤਾ ਮੌੜ ਨੇ ਨਸ਼ੇ ਦੀ ਕਮਾਈ ਨਾਲ ਸੈਂਕੜਿਆਂ ਦੀ ਗਿਣਤੀ ਵਿਚ ਕਾਲੋਨੀਆਂ, ਪਲਾਟ, ਮਕਾਨ ਤੇ ਕਈ ਸਕੂਲ ਬਣਾਏ ਹਨ, ਜਿਸ ਦੇ ਸਬੂਤ ਐੱਸ. ਟੀ. ਐੱਫ. ਦੇ ਹੱਥ ਲੱਗ ਚੁੱਕੇ ਹਨ ਜਿਸ ਸਬੰਧੀ ਪੁਲਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਸ ਇਸ ਨਾਲ ਸੰਬੰਧਤ ਵਿਅਕਤੀਆਂ ਅਤੇ ਕਿਸ-ਕਿਸ ਦਾ ਪੈਸਾ ਲੱਗਾ ਹੋਣ ਦੀ ਜਾਂਚ ਕਰ ਰਹੀ ਹੈ। ਜੀਤਾ ਮੌੜ ਕੋਲ ਜੋ ਇਕ ਪਿਸਟਲ ਤੇ ਇਕ ਰਿਵਾਲਵਰ ਅਤੇ ਭਾਰੀ ਗਿਣਤੀ ਵਿਚ ਕਾਰਤੂਸ ਬਰਾਮਦ ਹੋਏ ਹਨ, ਉਸ ਸੰਬੰਧੀ ਵੀ ਪੁਲਸ ਦੀ ਜਾਂਚ ਜਾਰੀ ਹੈ ਕਿ ਇਹ ਹਥਿਆਰ ਕਿੱਥੋਂ ਜੀਤਾ ਮੌੜ ਤਕ ਪਹੁੰਚੇ।
ਐੱਸ. ਟੀ. ਐੱਫ. ਦੇ ਰਾਡਾਰ ’ਤੇ ਕਈ ਪ੍ਰਭਾਵਸ਼ਾਲੀ ਅਫ਼ਸਰਾਂ ਦੇ ਨਾਂ
ਐੱਸ. ਟੀ. ਐੱਫ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕੌਮਾਂਤਰੀ ਕਬੱਡੀ ਖ਼ਿਡਾਰੀ ਅਤੇ ਕਾਲੋਨਾਈਜ਼ਰ ਰਣਜੀਤ ਸਿੰਘ ਜੀਤਾ ਮੌੜ ਅਤੇ ਸਾਬਕਾ ਏ. ਸੀ. ਪੀ. ਬਿਮਲਕਾਂਤ ਦੇ ਮਾਮਲੇ 'ਤੇ ਪਰਤਾਂ ਖੁੱਲ੍ਹਣ ਲੱਗੀਆਂ ਹਨ। ਮਾਮਲੇ ਵਿਚ ਜਾਂਚ ਦੀ ਤਲਵਾਰ ਕੁਝ ਪ੍ਰਭਾਵਸ਼ਾਲੀ ਪੁਲਸ ਅਫ਼ਸਰਾਂ ’ਤੇ ਵੀ ਲਟਕ ਗਈ ਹੈ। ਐੱਸ. ਟੀ. ਐੱਫ. ਨੂੰ ਜਾਣਕਾਰੀ ਮਿਲੀ ਹੈ ਕਿ ਜੀਤਾ ਮੌੜ ਅਤੇ ਸਾਬਕਾ ਏ. ਸੀ. ਪੀ. ਬਿਮਲਕਾਂਤ ਨਾਲ ਇਹ ਲੋਕ ਲਿੰਕ ਵਿਚ ਸਨ। ਜੀਤਾ ਮੌੜ ਅਤੇ ਬਿਮਲਕਾਂਤ ਦੇ ਮੋਬਾਇਲ ਦੀ ਕਾਲ ਡਿਟੇਲ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।
ਆਲਾ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਇਨ੍ਹਾਂ ਅਫ਼ਸਰਾਂ ਨੂੰ ਤਲਬ ਵੀ ਕੀਤਾ ਗਿਆ ਹੈ। ਇਨ੍ਹਾਂ ਅਫ਼ਸਰਾਂ ਦੇ ਦਮ ’ਤੇ ਜੀਤਾ ਨੇ ਮੋਹਾਲੀ, ਜਲੰਧਰ ਸਮੇਤ ਕਈ ਜਗ੍ਹਾ ਕਾਲੋਨੀਆਂ ਕੱਟੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜੇਕਰ ਇਨ੍ਹਾਂ ਅਧਿਕਾਰੀਆਂ ਦੀ ਇਸ ਸਾਰੇ ਰੈਕੇਟ ਵਿਚ ਕੋਈ ਵੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਐੱਸ. ਟੀ. ਐੱਫ. ਇਸ ’ਤੇ ਵੀ ਸਖ਼ਤ ਕਾਰਵਾਈ ਕਰ ਸਕਦਾ ਹੈ। ਉੱਧਰ ਇਸ ਗੱਲ ਦੀ ਵੀ ਜਾਂਚ ਚੱਲ ਰਹੀ ਹੈ ਕਿ ਬਿਮਲਕਾਂਤ ਜੋ ਏ. ਸੀ. ਪੀ. ਦੇ ਤੌਰ ’ਤੇ ਜਲੰਧਰ ਵਿਚ ਵੀ ਰਿਹਾ ਹੈ, ਨੂੰ ਆਖਰ ਮਲਾਈਦਾਰ ਪੋਸਟ ਦਿੰਦਾ ਕੌਣ ਸੀ। ਆਖਰ ਕੌਣ ਸੀ, ਜੋ ਬਿਮਲਕਾਂਤ ਨਾਲ ਇੰਨਾ ਲਾਡ-ਪਿਆਰ ਕਰ ਰਿਹਾ ਸੀ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਆਉਣ ’ਤੇ ਫ਼ਸਲਾਂ ਦਾ ਪ੍ਰਤੀ ਏਕੜ 50 ਹਜ਼ਾਰ ਦਾ ਹੋਵੇਗਾ ਬੀਮਾ
ਜੀਤਾ ਮੌੜ ਦਾ ਰਾਜ਼ਦਾਰ ਹੈ ਏ. ਸੀ. ਪੀ. ਬਿਮਲਕਾਂਤ
ਪੰਜਾਬ ਵਿਚ ਹਾਈ ਲੈਵਲ ਡਰੱਗ ਸਮੱਗਲਿੰਗ ਦੇ ਮਾਮਲੇ ’ਚ ਕਬੱਡੀ ਖ਼ਿਡਾਰੀ ਰਣਜੀਤ ਸਿੰਘ ਉਰਫ਼ ਜੀਤਾ ਮੌੜ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਲਗਾਤਾਰ ਨਵੀਆਂ-ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਖ਼ਬਰ ਆ ਰਹੀ ਹੈ ਕਿ ਜੀਤੇ ਦਾ ਕਰੀਬੀ ਸਾਥੀ ਸਾਬਕਾ ਏ. ਸੀ. ਪੀ. ਬਿਮਲਕਾਂਤ ਉਸ ਦਾ ਪੂਰਾ ਰਾਜ਼ਦਾਰ ਹੈ। ਐੱਸ. ਟੀ. ਐੱਫ. ਜੇਕਰ ਸਖਤੀ ਨਾਲ ਬਿਮਲਕਾਂਤ ਤੋਂ ਪੁੱਛਗਿਛ ਕਰੇ ਤਾਂ ਕਈ ਰਾਜ਼ ਖੁੱਲ੍ਹ ਸਕਦੇ ਹਨ। ਪੁਲਸ ਦੀ ਆਲੀਸ਼ਾਨ ਨੌਕਰੀ ਤੋਂ ਰਿਟਾਇਰ ਹੋ ਕੇ ਬਿਮਲਕਾਂਤ ਨੂੰ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਕਿਸੇ ਨੌਕਰੀ ਦੀ ਲੋੜ ਨਹੀਂ ਸੀ। ਸੰਭਵ ਹੈ ਕਿ ਉਹ ਨਿਯੁਕਤੀ ਦੌਰਾਨ ਵੀ ਰਣਜੀਤ ਸਿੰਘ ਜੀਤਾ ਦੇ ਨਾਲ ਮਿਲ ਕੇ ਕੰਮ ਨੂੰ ਅੰਜਾਮ ਦਿੰਦਾ ਰਿਹਾ ਹੋਵੇ। ਇਸ ਤੋਂ ਇਲਾਵਾ ਫਗਵਾੜਾ ਦਾ ਰਹਿਣ ਵਾਲਾ ਸਿਮਰਨਜੀਤ ਸਿੰਘ ਐੱਸ. ਟੀ. ਐੱਫ. ਦੇ ਨਿਸ਼ਾਨੇ ’ਤੇ ਹੈ। ਉਸ ਦੇ ਕੋਲ ਵੀ ਜੀਤੇ ਅਤੇ ਬਿਮਲਕਾਂਤ ਦੇ ਕੁਝ ਰਾਜ਼ ਹੋ ਸਕਦੇ ਹਨ।
ਇਹ ਵੀ ਪੜ੍ਹੋ: ਵਿਦੇਸ਼ ਭੱਜਣ ਦੀ ਤਾਕ 'ਚ ਸੀ ਗ੍ਰਿਫ਼ਤਾਰ ਜੀਤਾ ਮੌੜ, ਪੰਜਾਬ ’ਚ ਇੰਝ ਚਲਦਾ ਸੀ ਅੰਤਰਰਾਸ਼ਟਰੀ ਡਰੱਗਜ਼ ਰੈਕੇਟ ਦਾ ਧੰਦਾ
ਸਰਕਾਰੀ ਦੇ ਨਾਲ-ਨਾਲ ਰੱਖੀ ਸੀ ਨਿੱਜੀ ਸਕਿਓਰਿਟੀ
ਪੰਜਾਬ ਦੇ ਹਾਈ ਪ੍ਰੋਫਾਈਲ ਡਰੱਗਸ ਕੇਸ ਵਿਚ ਫੜੇ ਗਏ ਜੀਤਾ ਮੌੜ ਨੇ ਰਿਟਾਇਰਡ ਏ. ਸੀ. ਪੀ. ਬਿਮਲਕਾਂਤ ਅਤੇ ਗੰਨਮੈਨ ਦੇ ਤੌਰ ’ਤੇ ਜਗਦੀਸ਼ ਸਿੰਘ ਅਤੇ ਮੁਨੀਸ਼ ਨੂੰ ਤਾਇਨਾਤ ਕਰਵਾਇਆ ਹੋਇਆ ਸੀ। ਇਸ ਦੇ ਬਾਵਜੂਦ ਜੀਤੇ ਨੇ ਆਪਣੇ ਲਈ ਨਿੱਜੀ ਸਕਿਓਰਿਟੀ ਵੀ ਲਈ ਹੋਈ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੀਤਾ ਮੌੜ ਦੇ ਨਾਲ ਇਕ ਕਾਲੀ ਗੱਡੀ ਹੁੰਦੀ ਸੀ ਜਿਸ ਵਿਚ ਨਿੱਜੀ ਸਕਿਓਰਿਟੀ ਵਾਲੇ ਵਿਅਕਤੀ ਕਾਲੇ ਕੱਪੜਿਆਂ ਵਿਚ ਹਰ ਵੇਲੇ ਉਸ ਦੇ ਨਾਲ ਰਹਿੰਦੇ ਸਨ।
ਇਹ ਵੀ ਪੜ੍ਹੋ: ਜਲੰਧਰ: ਗੈਂਗਸਟਰ ਅਮਨ-ਫਤਿਹ ਨੇ ਪੁਲਸ ਸਾਹਮਣੇ ਕੀਤੇ ਖ਼ੁਲਾਸੇ, ਇਨ੍ਹਾਂ ਵੱਡੀਆਂ ਵਾਰਦਾਤਾਂ ਨੂੰ ਦੇਣਾ ਸੀ ਅੰਜਾਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ