ਅੰਤਰਰਾਸ਼ਟਰੀ ਡਰੱਗ ਤੇ ਹਥਿਆਰ ਸਮੱਗਲਿੰਗ ਰੈਕੇਟ ਦਾ ਪਰਦਾਫਾਸ਼, 19 ਕਿੱਲੋ ਹੈਰੋਇਨ ਡਰੱਗ ਮਨੀ ਸਣੇ 2 ਗ੍ਰਿਫ਼ਤਾਰ
Sunday, Dec 31, 2023 - 10:15 PM (IST)
ਚੰਡੀਗੜ੍ਹ/ਜਲੰਧਰ/ਅੰਮ੍ਰਿਤਸਰ (ਰਮਨਜੀਤ ਸਿੰਘ,ਧਵਨ,ਸੰਜੀਵ)- ਪੰਜਾਬ ਪੁਲਸ ਨੇ ਐਤਵਾਰ ਨੂੰ ਅਮਰੀਕਾ ਆਧਾਰਿਤ ਸਮੱਗਲਰ ਮਨਪ੍ਰੀਤ ਉਰਫ਼ ਮੰਨੂ ਮਹਾਵਾ ਵੱਲੋਂ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ੇ ਅਤੇ ਹਥਿਆਰਾਂ ਦੀ ਸਮੱਗਲਿੰਗ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਅੰਮ੍ਰਿਤਸਰ ਤੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿਚ ਹੈਰੋਇਨ ਤੇ ਹਥਿਆਰ ਬਰਾਮਦ ਕੀਤੇ ਗਏ ਹਨ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ ਉਰਫ਼ ਲਾਡੀ ਵਾਸੀ ਗੁਰੂ ਕੀ ਵਡਾਲੀ ਅੰਮ੍ਰਿਤਸਰ ਅਤੇ ਰੌਸ਼ਨ ਵਾਸੀ ਹੀਰ, ਅੰਮ੍ਰਿਤਸਰ ਵਜੋਂ ਹੋਈ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਪੁਲਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 19 ਕਿਲੋ ਹੈਰੋਇਨ, 23 ਲੱਖ ਰੁਪਏ ਦੀ ਡਰੱਗ ਮਨੀ, 7 ਪਿਸਤੌਲਾਂ, ਜਿਨ੍ਹਾਂ ਵਿਚ ਇਕ 9 ਐੱਮ.ਐੱਮ. ਦੀ ਅਤਿ-ਆਧੁਨਿਕ ਗਲੌਕ ਪਿਸਟਲ, ਤਿੰਨ .30 ਬੋਰ ਦੇ ਪਿਸਤੌਲ ਅਤੇ ਤਿੰਨ .32 ਬੋਰ ਦੇ ਪਿਸਤੌਲ ਸ਼ਾਮਲ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦੀ ਮੋਹਰ ਵਾਲਾ ਗੋਲੀ-ਸਿੱਕਾ, ਨੋਟ ਗਿਣਨ ਵਾਲੀ ਮਸ਼ੀਨ ਅਤੇ ਡਰੋਨ ਦਾ ਰਿਮੋਟ ਕੰਟਰੋਲਰ ਅਤੇ ਸਪੇਅਰ ਪੱਖੇ ਵੀ ਬਰਾਮਦ ਕੀਤੇ ਹਨ। ਪੁਲਸ ਨੇ ਉਨ੍ਹਾਂ ਦੀ ਹੁੰਡਈ ਵਰਨਾ ਕਾਰ (ਪੀਬੀ06ਬੀਬੀ4064), ਜਿਸ ਵਿਚ ਉਹ ਹੈਰੋਇਨ ਦੀ ਖੇਪ ਸਪਲਾਈ ਕਰਨ ਜਾ ਰਹੇ ਸਨ, ਵੀ ਜ਼ਬਤ ਕਰ ਲਈ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਵੇਚ ਰਹੇ ਭੈਣ-ਭਰਾ, 20 ਕਰੋੜ ਦੀ ਹੈਰੋਇਨ ਸਣੇ ਭੈਣ ਗ੍ਰਿਫ਼ਤਾਰ, ਭਰਾ ਫਰਾਰ
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਅਮਰੀਕਾ ਆਧਾਰਿਤ ਸਮੱਗਲਰ ਮੰਨੂ ਮਹਾਵਾ ਦੇ ਸਿੱਧੇ ਸੰਪਰਕ ਵਿਚ ਸਨ ਅਤੇ ਪਾਕਿਸਤਾਨ ਤੋਂ ਹੈਰੋਇਨ ਦੀ ਸਮੱਗਲਿੰਗ ਕਰ ਕੇ ਸੂਬੇ ਭਰ ਵਿਚ ਸਪਲਾਈ ਕਰ ਰਹੇ ਸਨ। ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਪੁਲਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਟੀਮਾਂ ਨੂੰ ਠੋਸ ਸੂਚਨਾ ਮਿਲੀ ਸੀ ਕਿ ਸਮੱਗਲਰ ਮੰਨੂ ਮਹਾਵਾ ਦੇ ਸਾਥੀਆਂ ਨੇ ਸਰਹੱਦ ਪਾਰੋਂ ਪਾਕਿਸਤਾਨ ਆਧਾਰਿਤ ਸਮੱਗਲਰਾਂ ਵਲੋਂ ਭੇਜੀ ਗਈ ਹੈਰੋਇਨ ਦੀ ਖੇਪ ਹਾਸਲ ਕਰ ਲਈ ਹੈ ਅਤੇ ਉਹ ਕਿਸੇ ਵਿਅਕਤੀ ਨੂੰ ਇਸ ਦੀ ਸਪਲਾਈ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ- ਦੇਸ਼ 'ਚ ਮੋਬਾਈਲ ਬਰਾਮਦ 'ਚ ਹੋਇਆ ਰਿਕਾਰਡ ਵਾਧਾ, ਪਹੁੰਚੀ 75,000 ਕਰੋੜ ਤੋਂ ਪਾਰ
ਸੂਚਨਾ ਮਿਲਣ ਉਪਰੰਤ ਤੁਰੰਤ ਕਾਰਵਾਈ ਕਰਦਿਆਂ ਡੀ.ਸੀ.ਪੀ. ਹਰਪ੍ਰੀਤ ਮੰਧੇਰ, ਏ.ਡੀ.ਸੀ.ਪੀ. ਸਿਟੀ-3 ਅਭਿਮਨਿਊ ਰਾਣਾ ਅਤੇ ਏ.ਸੀ.ਪੀ. ਸੈਂਟਰਲ ਸੁਰਿੰਦਰ ਕੁਮਾਰ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼-3 ਦੀਆਂ ਪੁਲਸ ਟੀਮਾਂ ਨੇ ਇਸਲਾਮਾਬਾਦ ਇਲਾਕੇ ਵਿਚ ਵਿਸ਼ੇਸ਼ ਪੁਲਸ ਚੈਕਿੰਗ ਕੀਤੀ ਅਤੇ ਦੋਵਾਂ ਮੁਲਜ਼ਮਾਂ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਖੇਪ ਦੀ ਸਪਲਾਈ ਲਈ ਸਬੰਧਤ ਵਿਅਕਤੀ ਦੀ ਉਡੀਕ ਕਰ ਰਹੇ ਸਨ। ਇਸ ਸਬੰਧੀ ਅੰਮ੍ਰਿਤਸਰ ਦੇ ਪੁਲਸ ਥਾਣਾ ਇਸਲਾਮਾਬਾਦ ਵਿਖੇ ਇਕ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8