ਅੰਤਰਰਾਸ਼ਟਰੀ ਅਪੰਗਤਾ ਦਿਵਸ ਮੌਕੇ ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ ਦਾ ਕੀਤਾ ਆਯੋਜਨ
Sunday, Dec 03, 2017 - 05:30 PM (IST)
ਲੁਧਿਆਣਾ (ਹਿਤੇਸ਼) - ਪੰਜਾਬ ਸਰਕਾਰ ਦੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਆਰ. ਵੈਂਕਟਰਤਨਮ ਨੇ ਅਪੰਗ (ਵਿਸ਼ੇਸ਼ ਕਾਬਲੀਅਤ ਵਾਲੇ ਵਿਅਕਤੀ) ਨੂੰ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਭਲਾਈ ਲਈ ਬਣਾਏ ਰਾਈਟਸ ਆਫ਼ ਪਰਸਨਜ਼ ਵਿਦ ਡਿਸੇਬਿਲਟੀਜ਼ ਐਕਟ-2016 ਨੂੰ ਸਹੀ ਮਾਅਨਿਆਂ 'ਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਐਕਟ ਦਾ ਪੰਜਾਬੀ ਰੂਪਾਂਤਰਨ ਕੀਤਾ ਜਾ ਰਿਹਾ ਹੈ। ਜਿਸ ਨਾਲ ਅਜਿਹੇ ਵਿਅਕਤੀਆਂ ਨੂੰ ਵਿਸ਼ੇਸ਼ ਅਧਿਕਾਰਾਂ ਬਾਰੇ ਆਸਾਨੀ ਨਾਲ ਜਾਣਕਾਰੀ ਮਿਲ ਸਕੇਗੀ।
ਇਸ ਮੌਕੇ ਨੇਤਰਹੀਣ ਵਿਦਿਆਰਥੀਆਂ ਲਈ ਚੱਲ ਰਹੇ ਵਿਸ਼ੇਸ਼ ਸਕੂਲ (ਜਮਾਲਪੁਰ) ਵਿਖੇ ਅੰਤਰਰਾਸ਼ਟਰੀ ਅਪੰਗਤਾ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਵੈਂਕਟਰਤਨਮ ਨੇ ਕਿਹਾ ਕਿ ਪੰਜਾਬ ਸਰਕਾਰ ਰਾਈਟਸ ਆਫ਼ ਪਰਸਨਜ਼ ਵਿਦ ਡਿਸੇਬਿਲਟੀਜ਼ ਐਕਟ-2016 ਨੂੰ ਸਹੀ ਮਾਅਨਿਆਂ 'ਚ ਲਾਗੂ ਕਰਨ ਲਈ ਦ੍ਰਿੜ ਸੰਕਲਪ ਹੈ। ਇਸ ਦਿਸ਼ਾ 'ਚ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਅਜਿਹੇ ਵਿਅਕਤੀਆਂ ਨੂੰ ਆਪਣੇ ਵਿਸ਼ੇਸ਼ ਅਧਿਕਾਰਾਂ ਜਾਂ ਹੱਕਾਂ ਬਾਰੇ ਜਾਣਕਾਰੀ ਨਹੀਂ, ਜੋ ਇਕ ਸੋਚਣ ਵਾਲੀ ਗੱਲ ਹੈ। ਪੰਜਾਬ ਸਰਕਾਰ ਨੇ ਅਜਿਹੇ ਲੋਕਾਂ ਨੂੰ ਇਸ ਐਕਟ ਦਾ ਪੰਜਾਬੀ ਰੂਪਾਂਤਰਣ ਕਰਾਉਣ ਦਾ ਫੈਸਲਾ ਕੀਤਾ ਹੈ, ਜੋ ਕਿ ਅਗਲੇ ਇੱਕ ਮਹੀਨੇ ਦੌਰਾਨ ਮੁਕੰਮਲ ਕਰਨ ਦਾ ਟੀਚਾ ਹੈ। ਪੰਜਾਬ ਸਰਕਾਰ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਕੋਟੇ ਦੀਆਂ ਖਾਲੀ ਬੈਕਲਾਗ ਅਸਾਮੀਆਂ ਨੂੰ ਜਲਦ ਤੋਂ ਜਲਦ ਭਰ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਿੱਥੇ ਅਪੰਗ ਵਿਅਕਤੀਆਂ ਨੂੰ ਮਿਲਣ ਵਾਲੇ ਲਾਭਾਂ ਦੀ ਸ਼੍ਰੇਣੀ 'ਚ ਤੇਜ਼ਾਬੀ ਹਮਲਿਆਂ ਦੇ ਪੀੜਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਉੱਥੇ ਅਪੰਗ ਵਿਅਕਤੀਆਂ ਦੀਆਂ ਸਿੱਖਿਆ ਲੋੜਾਂ ਪੂਰੀਆਂ ਕਰਨ ਲਈ ਵਿਸ਼ੇਸ਼ ਸਕੂਲ, ਵੋਕੇਸ਼ਨਲ ਰਿਹੈਬਲੀਟੇਸ਼ਨ ਸੈਂਟਰ ਅਤੇ ਹੋਰ ਸੰਸਥਾਨ ਸ਼ੁਰੂ ਕੀਤੇ ਜਾ ਰਹੇ ਹਨ। ਸ੍ਰੀ ਵੈਂਕਟਰਤਨਮ ਨੇ ਕਿਹਾ ਕਿ ਸੂਬੇ ਵਿੱਚ ਇਸ ਵੇਲੇ 6.54 ਲੱਖ ਅਪੰਗ ਵਿਅਕਤੀ ਹਨ, ਜੋ ਕਿ ਸੂਬੇ ਦੀ ਕੁੱਲ ਆਬਾਦੀ ਦਾ 2 ਫੀਸਦੀ ਹਿੱਸਾ ਬਣਦਾ ਹੈ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਮੁੱਖ ਮਹਿਮਾਨ ਅਤੇ ਹੋਰ ਸ਼ਖਸ਼ੀਅਤਾਂ ਦਾ ਸਵਾਗਤ ਕੀਤਾ। ਇਸ ਮੌਕੇ 8 ਸ਼ਖਸ਼ੀਅਤਾਂ ਨੂੰ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ 26 ਵਿਅਕਤੀਆਂ ਨੂੰ ਅਲੱਗ-ਅਲੱਗ ਕੰਪਨੀਆਂ ਵੱਲੋਂ ਨੌਕਰੀਆਂ ਲਈ ਨਿਯੁਕਤੀ ਪੱਤਰ ਦਿੱਤੇ ਗਏ ਅਤੇ 11 ਲੋੜਵੰਦਾਂ ਨੂੰ ਟਰਾਈ ਸਾਈਕਲਾਂ ਦੀ ਵੰਡ ਕੀਤੀ ਗਈ। ਸੰਸਥਾ ਦੇ ਵਿਦਿਆਰਥੀਆਂ ਵੱਲੋਂ ਦੇਸ਼-ਭਗਤੀ ਨਾਲ ਸਬੰਧਤ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਸ੍ਰ. ਹਰਪਾਲ ਸਿੰਘ, ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਸ਼੍ਰ੍ਰੀਮਤੀ ਇੰਦਰਪ੍ਰੀਤ ਕੌਰ ਅਤੇ ਅਪੰਗ ਵਿਅਕਤੀ ਹਾਜ਼ਰ ਸਨ।
