ਅੰਤਰਰਾਸ਼ਟਰੀ ਸਰਹੱਦ ''ਤੇ 40 ਕਰੋੜ ਦੀ ਹੈਰੋਇਨ ਬਰਾਮਦ

07/18/2020 1:43:15 AM

ਫਿਰੋਜ਼ਪੁਰ/ਗੁਰੂਹਰਸਹਾਏ,(ਮਲਹੋਤਰਾ, ਕੁਮਾਰ, ਆਵਲਾ): ਸੀਮਾ ਸੁਰੱਖਿਆ ਬਲ ਅਤੇ ਸੀ. ਆਈ. ਏ. ਸਟਾਫ ਦੀ ਸਾਂਝੀ ਟੀਮ ਨੇ ਸਰਹੱਦ ਪਾਰੋਂ ਸਮੱਗਲਿੰਗ ਹੋ ਕੇ ਆਈ ਕਰੀਬ 40 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਸੀ. ਆਈ. ਏ. ਸਟਾਫ ਦੇ ਮੁਖੀ ਕੋਹਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਭਾਰਤੀ ਸਮੱਗਲਰਾਂ ਵੱਲੋਂ ਸਰਹੱਦ ਪਾਰ ਬੈਠੇ ਸਮੱਗਲਰਾਂ ਦੇ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਸਥਾਪਤ ਕਰ ਕੇ ਹੈਰੋਇਨ ਦੀ ਵੱਡੀ ਖੇਪ ਮੰਗਵਾਈ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਸੀ ਕਿ ਇਹ ਖੇਪ ਵੀਰਵਾਰ ਰਾਤ ਫਿਰੋਜ਼ਪੁਰ ਸੈਕਟਰ ਦੀ ਕਿਸੇ ਚੌਂਕੀ ਦੇ ਰਸਤਿਓਂ ਭਾਰਤ 'ਚ ਭੇਜੀ ਗਈ ਹੈ।

ਉਨ੍ਹਾਂ ਦੱਸਿਆ ਕਿ ਬੀ. ਐੱਸ. ਐੱਫ. ਦੇ ਨਾਲ ਤਾਲਮੇਲ ਕਰ ਕੇ ਸ਼ੁੱਕਰਵਾਰ ਸਵੇਰ ਵੱਖ-ਵੱਖ ਚੌਕੀਆਂ 'ਤੇ ਚਲਾਈਆਂ ਗਈਆਂ ਤਲਾਸ਼ੀ ਮੁਹਿੰਮਾਂ ਦੌਰਾਨ ਮੱਬੋਕੇ ਚੌਕੀ ਦੇ ਬੀ. ਓ. ਪੀ. ਨੰ. 217-15 ਦੇ ਕੋਲ ਸਰਕੰਡੇ 'ਚ ਪਲਾਸਟਿਕ ਦੇ ਤਿੰਨ ਕੈਨ ਲੁਕੋ ਕੇ ਰੱਖੇ ਹੋਏ ਨਜ਼ਰ ਆਏ। ਜਦ ਕੈਨਾਂ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਇਨ੍ਹਾਂ 'ਚ ਹੈਰੋਇਨ ਭਰੀ ਹੋਈ ਸੀ। ਉਨ੍ਹਾਂ ਦੱਸਿਆ ਕਿ ਬਰਾਮਦ ਹੈਰੋਇਨ ਦਾ ਵਜ਼ਨ 8 ਕਿਲੋ 120 ਗ੍ਰਾਮ ਨਿਕਲਿਆ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 40.60 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸੀ. ਆਈ. ਏ. ਸਟਾਫ ਇੰਚਾਰਜ ਨੇ ਕਿਹਾ ਕਿ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਕਿਸ ਭਾਰਤੀ ਸਮੱਗਲਰ ਨੇ ਮੰਗਵਾਈ ਹੈ।


Deepak Kumar

Content Editor

Related News