ਅੰਤਰਰਾਸ਼ਟਰੀ ਏਡਜ਼ ਦਿਵਸ ''ਤੇ ਵਿਸ਼ੇਸ਼, ਏਡਜ਼ ਤੋਂ ਡਰਨ ਦੀ ਨਹੀਂ, ਸਮਝਣ ਦੀ ਲੋੜ

Sunday, Dec 01, 2019 - 11:32 AM (IST)

ਅੰਤਰਰਾਸ਼ਟਰੀ ਏਡਜ਼ ਦਿਵਸ ''ਤੇ ਵਿਸ਼ੇਸ਼, ਏਡਜ਼ ਤੋਂ ਡਰਨ ਦੀ ਨਹੀਂ, ਸਮਝਣ ਦੀ ਲੋੜ

ਪਟਿਆਲਾ (ਬਿਕਰਮਜੀਤ): ਸੰਸਾਰ ਭਰ ਵਿਚ 1 ਦਸੰਬਰ ਦਾ ਦਿਨ ਅੰਤਰਰਾਸ਼ਟਰੀ ਏਡਜ਼ ਦਿਵਸ ਏਡਜ਼ ਦੀ ਜਾਣਕਾਰੀ ਅਤੇ ਏਡਜ਼ ਪੀੜਤਾਂ ਪ੍ਰਤੀ ਹਾਂ-ਪੱਖੀ ਰਵੱਈਆ ਅਪਣਾਉਣ ਅਤੇ ਜਾਗਰੂਕ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਏਡਜ਼ ਦੇ ਵਾਇਰਸ ਨੇ ਹੁਣ ਤੱਕ ਕਰੋੜਾਂ ਹੀ ਲੋਕਾਂ ਨੂੰ ਰੋਗੀ ਬਣਾ ਦਿੱਤਾ ਹੈ ਅਤੇ ਸੰਸਾਰ ਭਰ ਵਿਚ ਇਸ ਬੀਮਾਰੀ ਦੇ ਵਧਦੇ ਗ੍ਰਾਫ ਨੂੰ ਕੰਟਰੋਲ ਕਰਨ ਲਈ ਜਾਗਰੂਕਤਾ ਫੈਲਾਉਣ ਲਈ ਦੁਨੀਆ ਜਥੇਬੰਦ ਹੋਈ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਏਡਜ਼ ਤੋਂ ਡਰਨ ਦੀ ਨਹੀਂ, ਇਸ ਨੂੰ ਸਮਝਣ ਦੀ ਲੋੜ ਹੈ।

1993 ਤੋਂ ਬਾਅਦ ਅਕਤੂਬਰ 2019 ਤੱਕ 78589 ਐੱਚ. ਆਈ. ਵੀ. ਪਾਜ਼ੇਟਿਵ ਮਾਮਲੇ ਪੰਜਾਬ ਵਿਚ ਰਿਕਾਰਡ ਹੋਏ ਹਨ ਅਤੇ ਸਭ ਤੋਂ ਵਧ ਮਰੀਜ਼ ਅੰਮ੍ਰਿਤਸਰ ਜ਼ਿਲੇ ਨਾਲ ਸਬੰਧਤ ਹਨ, ਜਿਨ੍ਹਾਂ ਦੀ ਗਿਣਤੀ 16848 ਦੇ ਕਰੀਬ ਦੱਸੀ ਜਾ ਰਹੀ ਹੈ। ਸੂਬੇ ਅੰਦਰ ਨਸ਼ੇ ਦੇ ਟੀਕਿਆਂ ਲਈ ਸਾਂਝੀਆਂ ਸਰਿੰਜਾਂ ਦੀ ਵਰਤੋਂ ਕਰਨ ਦੇ ਮਾਮਲੇ ਵਿਚ ਅੰਮ੍ਰਿਤਸਰ ਵਿਚ ਰੀਐਕਟਿਵ ਭਾਵ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਐੱਚ. ਆਈ. ਵੀ. ਪੀੜਤਾਂ ਦੇ ਮਾਮਲੇ ਵਿਚ ਭਾਰਤ ਤੀਸਰੇ ਨੰਬਰ 'ਤੇ ਚੱਲ ਰਿਹਾ ਹੈ। ਦੱਖਣੀ ਅਫਰੀਕਾ ਤੇ ਨਾਇਜੀਰੀਆ ਇਸ ਤੋਂ ਅੱਗੇ ਹਨ। ਇਸ ਰੋਗ ਨੂੰ ਪਹਿਲੀ ਵਾਰ 1961 ਵਿਚ ਮਾਨਤਾ ਮਿਲੀ ਸੀ। ਏਡਜ਼ ਦਾ ਅੰਤਰਰਾਸ਼ਟਰੀ ਨਿਸ਼ਾਨ ਰੈੱਡ ਰਿਬਨ ਹੈ, ਜੋ 1991 ਵਿਚ ਅਪਣਾਇਆ ਗਿਆ ਸੀ।

ਏਡਜ਼ (ਐਕਵਾਇਰਡ ਇਮਿਊਨੋ ਡੈਫੀਸ਼ੀਐਸੀ ਸਿਡੋਮ) ਐੱਚ. ਆਈ. ਵੀ. (ਹਿਊਮਨ ਇਮਿਊਨੋ ਡੈਫੀਸ਼ੀਐਸੀ ਵਾਇਰਸ) ਇਨਫੈਕਸ਼ਨ ਕਾਰਣ ਹੋਣ ਵਾਲੀ ਬੀਮਾਰੀ ਹੈ। ਇਹ ਏਡਜ਼ ਦਾ ਵਾਇਰਸ ਸਰੀਰ ਦੇ ਰੋਗਾਂ ਨਾਲ ਲੜਨ ਦੀ ਸਮਰੱਥਾ ਹੌਲੀ-ਹੌਲੀ ਖਤਮ ਕਰ ਦਿੰਦਾ ਹੈ ਅਤੇ ਅੱਗੇ ਚੱਲ ਕੇ ਇਹ ਏਡਜ਼ ਦੇ ਰੋਗ ਦਾ ਕਾਰਣ ਬਣ ਜਾਂਦਾ ਹੈ। ਇਸ ਬੀਮਾਰੀ ਦੇ ਲੱਛਣਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਤਰ੍ਹਾਂ ਦੇ ਸੰਕੇਤ ਸਰੀਰ ਵਿਚ ਉੱਠਣ ਲੱਗਦੇ ਹਨ, ਜਿਵੇਂ ਕਿ ਭਾਰ ਘੱਟ ਹੋਣਾ, ਲੰਮਾ ਸਮਾਂ ਬੁਖਾਰ, ਚਮੜੀ ਦੇ ਗੁਲਾਬੀ ਰੰਗ ਦੇ ਧੱਬੇ, ਸਰੀਰ 'ਤੇ ਦਾਣੇ ਨਿਕਲ ਆਉਣਾ, ਯਾਦ ਸ਼ਕਤੀ ਕਮਜ਼ੋਰ ਹੋਣਾ, ਰਾਤ ਨੂੰ ਸੌਣ ਵੇਲੇ ਪਸੀਨਾ ਆ ਜਾਣਾ, ਨਾੜਾਂ ਵਿਚ ਸੋਜ਼ ਆਦਿ। ਏਡਜ਼ ਬਾਰੇ ਦੱਸ ਦੇਈਏ ਕਿ ਇਹ ਕੋਈ ਛੂਤ ਦਾ ਰੋਗ ਨਹੀਂ ਜੋ ਉੱਠਣ, ਬੈਠਣ, ਖੰਗਣ, ਗਲੇ ਮਿਲਣ ਜਾਂ ਕਿਸੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਏਡਜ਼ ਸਬੰਧੀ ਜਾਂਚ ਟੈਸਟ ਜ਼ਿਲਾ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ, ਮੈਡੀਕਲ ਕਾਲਜਾਂ ਅਤੇ ਕੁਝ ਕਮਿਊਨਿਟੀ ਸਿਹਤ ਕੇਂਦਰਾਂ ਵਿਚ ਇਸ ਦੀ ਮੁੱਢਲੀ ਰਿਐਕਟਿਵ ਜਾਂ ਨਾਨ ਰੀ-ਐਕਟਿਵ ਜਾਂਚ ਕੀਤੀ ਜਾਂਦੀ ਹੈ ਤੇ ਮੁਫ਼ਤ ਕੀਤੀ ਜਾਂਦੀ ਹੈ ਤੇ ਗੁਪਤ ਵੀ ਰੱਖੀ ਜਾਂਦੀ ਹੈ।


author

Shyna

Content Editor

Related News