ਸਿੱਖਿਆ ਦੇ ਟੀਚੇ ’ਚ ਕਾਲਜਾਂ ਦੇ ਹਿੱਤਾਂ ਦੀ ਪੂਰੀ ਰੱਖਿਆ ਕੀਤੀ ਜਾਵੇਗੀ : ਪਰਗਟ ਸਿੰਘ

Wednesday, Oct 13, 2021 - 08:25 PM (IST)

ਸਿੱਖਿਆ ਦੇ ਟੀਚੇ ’ਚ ਕਾਲਜਾਂ ਦੇ ਹਿੱਤਾਂ ਦੀ ਪੂਰੀ ਰੱਖਿਆ ਕੀਤੀ ਜਾਵੇਗੀ : ਪਰਗਟ ਸਿੰਘ

ਚੰਡੀਗੜ੍ਹ (ਬਿਊਰੋ) : ਮਿਸ਼ਨਰੀ ਸਿੱਖਿਆ ਦੇ ਟੀਚੇ ਨਾਲ ਸ਼ੁਰੂ ਹੋਏ ਕਾਲਜਾਂ ਦਾ ਸੂਬੇ ਵਿੱਚ ਉਚੇਰੀ ਸਿੱਖਿਆ ਨੂੰ ਹੁਲਾਰਾ ਦੇਣ ਵਿੱਚ ਬਹੁਤ ਯੋਗਦਾਨ ਹੈ। ਇਸ ਖੇਤਰ ਵਿੱਚ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਪ੍ਰਾਈਵੇਟ ਏਡਿਡ ਕਾਲਜਾਂ ਦੇ ਹਿੱਤਾਂ ਦੀ ਪੂਰੀ ਰੱਖਿਆ ਕੀਤੀ ਜਾਵੇਗੀ। ਇਹ ਗੱਲ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਗੈਰ-ਸਰਕਾਰੀ ਏਡਿਡ ਕਾਲਜਾਂ ਦੀ ਮੈਨੇਜਮੈਂਟਾਂ ਦੀ ਫੈਡਰੇਸ਼ਨ ਨਾਲ ਮੀਟਿੰਗ ਦੌਰਾਨ ਕਹੀ।
ਪਰਗਟ ਸਿੰਘ ਨੇ ਕਿਹਾ ਕਿ ਸਿੱਖਿਆ ਖੇਤਰ ਵਿੱਚ ਸਰਕਾਰੀ ਸੰਸਥਾਵਾਂ ਦੇ ਨਾਲ-ਨਾਲ ਲੰਬੇ ਸਮੇਂ ਤੋਂ ਚੱਲ ਰਹੀਆਂ ਕਈ ਵਿਦਿਅਕ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿੱਥੋਂ ਸੂਬੇ ਦੇ ਨੌਜਵਾਨਾਂ ਨੇ ਉੱਚ ਸਿੱਖਿਆ ਹਾਸਲ ਕਰ ਕੇ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਇਨ੍ਹਾਂ ਵਿੱਚੋਂ ਕਈ ਸੰਸਥਾਵਾਂ ਤਾਂ ਇਕ ਸਦੀ ਤੋਂ ਵੀ ਪੁਰਾਣੀਆਂ ਹਨ। ਸੂਬਾ ਸਰਕਾਰ ਇਨ੍ਹਾਂ ਸੰਸਥਾਵਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਫੈਡਰੇਸ਼ਨ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਰੱਖੀਆਂ ਬਹੁਤੀਆਂ ਮੰਗਾਂ ਪ੍ਰਸ਼ਾਸਕੀ ਤੇ ਵਿੱਤੀ ਮਾਮਲਿਆਂ ਨਾਲ ਸਬੰਧਤ ਸਨ ਜਿਨ੍ਹਾਂ ਉਤੇ ਉਚੇਰੀ ਸਿੱਖਿਆ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਸਭ ਵਾਜਬ ਮੰਗਾਂ ਨੂੰ ਹੱਲ ਕਰਨ ਲਈ ਇਸ ਉਤੇ ਸਕਰਾਤਮਕ ਰਵੱਈਆ ਅਪਣਾਉਂਦੇ ਹੋਏ ਇਸ ਦਾ ਹੱਲ ਕੱਢਿਆ ਜਾਵੇਗਾ। 

PunjabKesari

ਪਰਗਟ ਸਿੰਘ ਨੇ ਅੱਗੇ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਨੂੰ ਚਲਾਉਣ ਅਤੇ ਇਸ ਦੀ ਅਗਵਾਈ ਕਰਨ ਲਈ ਸਿੱਖਿਆ ਖੇਤਰ ਨਾਲ ਹੀ ਜੁੜੇ ਅਕਾਦਮਿਕ ਮਾਹਿਰਾਂ ਅਤੇ ਸਿੱਖਿਆ ਸਾਸ਼ਤਰੀਆਂ ਦੀ ਕਮੇਟੀ ਬਣਾਈ ਜਾਵੇਗੀ ਜਿਸ ਵਿੱਚ ਇਸ ਖੇਤਰ ਨਾਲ ਜੁੜੇ ਹਰ ਵਰਗ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸੇ ਤਰ੍ਹਾਂ ਕਾਲਜਾਂ ਵਿੱਚ ਦਾਖਲਿਆਂ, ਸਿਲੇਬਸ ਅਤੇ ਪ੍ਰੀਖਿਆਵਾਂ ਦੇ ਯੂਨੀਵਰਸਿਟੀਆਂ ਦੇ ਵੱਖ-ਵੱਖ ਸ਼ੈਡਿਊਲ ਨੂੰ ਇਕਸਾਰ ਕਰਨ ਦੀ ਮੰਗ ਉਤੇ ਉਚੇਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਸਾਰੀਆਂ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨਾਲ ਮੀਟਿੰਗ ਕਰਕੇ ਸਾਂਝਾ ਹੱਲ ਕੱਢਣ ਲਈ ਵਿਚਾਰ ਕੀਤਾ ਜਾਵੇਗਾ। ਫੈਡਰੇਸ਼ਨ ਦੇ ਆਗੂਆਂ ਨੇ ਮੀਟਿੰਗ ਦੌਰਾਨ ਉਚੇਰੀ ਸਿੱਖਿਆ ਮੰਤਰੀ ਵੱਲੋਂ ਪ੍ਰਾਈਵੇਟ ਏਡਿਡ ਕਾਲਜਾਂ ਦੀਆਂ ਮੰਗਾਂ ਦੇ ਹੱਲ ਲਈ ਅਪਣਾਈ ਗਈ ਪਹੁੰਚ ਦੇ ਰਵੱਈਏ ਦੀ ਪ੍ਰਸੰਸਾ ਕੀਤੀ। ਮੀਟਿੰਗ ਵਿੱਚ ਫੈਡਰੇਸ਼ਨ ਦੇ ਪ੍ਰਧਾਨ ਰਜਿੰਦਰਮੋਹਨ ਸਿੰਘ ਛੀਨਾ, ਮੀਤ ਪ੍ਰਧਾਨ ਰਮੇਸ਼ ਕੁਮਾਰ ਕੌੜਾ, ਸਕੱਤਰ ਅਗਨੀਸ਼ ਢਿੱਲੋਂ, ਸਲਾਹਕਾਰ ਰਵਿੰਦਰ ਜੋਸ਼ੀ, ਵਿੱਤ ਸਕੱਤਰ ਰਾਕੇਸ਼ ਧੀਰ, ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ.ਗੁਰਪਿੰਦਰ ਸਿੰਘ ਸਮਰਾ ਹਾਜ਼ਰ ਸਨ।


author

Anuradha

Content Editor

Related News