ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤ ਲੈਂਦੀ ਇੰਸਪੈਕਟਰ ਰੰਗੇਂ ਹੱਥੀਂ ਕਾਬੂ

11/26/2019 11:37:14 PM

ਖੰਨਾ, (ਜ.ਬ.)— ਲੁਧਿਆਣਾ ਵਿਜੀਲੈਂਸ ਦੀ ਟੀਮ ਨੇ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਸਾਂਝ ਕੇਂਦਰ ਦੀ ਇੰਚਾਰਜ ਇੰਸਪੈਕਟਰ ਪ੍ਰਵੀਨ ਸ਼ਰਮਾ ਨੂੰ 15 ਹਜ਼ਾਰ ਦੀ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ । ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ 'ਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਹਰਵਿੰਦਰ ਕੌਰ ਦੇ ਪਤੀ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਗਈ ਸੀ । ਜਿਸਦੇ ਬਾਅਦ ਕੰਗਣਵਾਲ ਪਿੰਡ 'ਚ ਉਸਨੂੰ ਉਸਦੇ ਸਹੁਰਾ, ਨਣਦ, ਨਣਦੋਈਆ, ਜੇਠ, ਜਠਾਣੀ ਖਿਲਾਫ ਧੱਕੇ ਨਾਲ ਘਰ ਤੋਂ ਬੱਚੇ ਸਮੇਤ ਬਾਹਰ ਕੱਢਣ, ਜਾਇਦਾਦ 'ਚੋਂ ਕੋਈ ਹਿੱਸਾ ਨਾ ਦੇਣ ਗਾਲੀ-ਗਲੌਚ ਕਰਨ, ਮਾਰਕੁੱਟ ਕਰਨ ਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਖਿਲਾਫ ਐੱਸ.ਐੱਸ.ਪੀ ਖੰਨਾ ਨੂੰ ਇਕ ਦਰਖ਼ਾਸਤ ਦਿੱਤੀ ਸੀ । ਜਿਸਦਾ ਸਮਝੌਤਾ ਇੰਸਪੈਕਟਰ ਪ੍ਰਵੀਨ ਸ਼ਰਮਾ ਨੇ 3 ਲੱਖ ਰੁਪਏ 'ਚ ਕਰਵਾਇਆ ਸੀ । ਸਮਝੌਤੇ ਦੇ ਇਕ ਲੱਖ ਰੁਪਏ ਤਾਂ ਦੇ ਦਿੱਤੇ ਗਏ ਪਰ ਬਾਕੀ ਦੇ ਪੈਸੇ ਦਿਵਾਉਣ ਦੇ ਨਾਮ 'ਤੇ ਇੰਸਪੈਕਟਰ ਪ੍ਰਵੀਨ ਸ਼ਰਮਾ 30 ਹਜ਼ਾਰ ਰੁਪਏ ਮੰਗ ਰਹੀ ਸੀ । ਅਸਮੱਰਥਾ ਜਤਾਉਣ 'ਤੇ ਉਨਾਂ ਦਾ ਸੌਦਾ 15 ਹਜ਼ਾਰ ਰੁਪਏ 'ਚ ਤੈਅ ਹੋਇਆ ਸੀ ।
ਜਾਣਕਾਰੀ ਅਨੁਸਾਰ ਹਰਵਿੰਦਰ ਕੌਰ ਨੇ ਪਹਿਲਾਂ ਤਾਂ ਪੁਲਸ ਇੰਸਪੈਕਟਰ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਫਿਰ ਵਿਜੀਲੈਂਸ ਦੇ ਨਾਲ ਸੰਪਰਕ ਕੀਤਾ । ਵਿਜੀਲੈਂਸ ਦੇ ਡੀ.ਐੱਸ.ਪੀ ਜਸਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਪਲਾਨ ਬਣਾ ਕੇ ਹਰਵਿੰਦਰ ਕੌਰ ਨੇ 15 ਹਜ਼ਾਰ ਰੁਪਏ ਦੇਣ ਲਈ ਪ੍ਰਵੀਨ ਸ਼ਰਮਾ ਦੇ ਖੰਨਾ ਸਥਿਤ ਦਫ਼ਤਰ ਭੇਜਿਆ । ਜਦੋਂ ਉਹ ਰਿਸ਼ਵਤ ਲੈ ਰਹੀ ਸੀ ਤਾਂ ਵਿਜੀਲੈਂਸ ਨੇ ਉਸਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ । ਪ੍ਰਵੀਨ ਸ਼ਰਮਾ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਲੁਧਿਆਣਾ 'ਚ ਕੇਸ ਦਰਜ ਕਰ ਕੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।


KamalJeet Singh

Content Editor

Related News