ਅੰਮ੍ਰਿਤਸਰ 'ਚ ਮਰੇ ਲੋਕਾਂ ਦੀ ਆਤਮਿਕ ਸ਼ਾਂਤੀ ਲਈ 28 ਨੂੰ ਪਵੇਗਾ ਸ੍ਰੀ ਅਖੰਡ ਸਾਹਿਬ ਦਾ ਭੋਗ : ਦਾਦੂਵਾਲ
Thursday, Oct 25, 2018 - 01:09 PM (IST)

ਜੈਤੋ (ਸਤਵਿੰਦਰ) - ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦੀ ਅਨਾਜ ਮੰਡੀ 'ਚ ਚੱਲ ਰਿਹਾ 'ਇਨਸਾਫ਼ ਮੋਰਚਾ ਬਰਗਾੜੀ' 146ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਇਨਸਾਫ਼ ਮੋਰਚੇ 'ਚ ਹਾਜ਼ਰੀ ਭਰਨ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਰੇਲ ਹਾਦਸੇ 'ਚ ਮਰੇ ਲੋਕਾਂ ਦੀ ਆਤਮਿਕ ਸ਼ਾਂਤੀ ਲਈ 26 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ, ਜਿਸ ਦਾ 28 ਅਕਤੂਬਰ ਨੂੰ ਬਰਗਾੜੀ ਦੀ ਦਾਣਾ ਮੰਡੀ 'ਚ ਪਾਠ ਦਾ ਭੋਗ ਪਾਇਆ ਜਾਵੇਗਾ।
ਉਨ੍ਹਾਂ ਵਿਛੜੀਆਂ ਰੂਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਹਰੇਕ ਪੀੜਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਯੋਗ ਮੁਆਵਜ਼ਾ ਦੇਵੇ। ਉਨ੍ਹਾਂ ਲੀਡਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਦੁੱਖਦਾਈ ਘੜੀ 'ਚ ਰਾਜਨੀਤੀ ਨਹੀਂ, ਸਗੋਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ। ਜਥੇ. ਮੰਡ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਨਸਾਫ਼ ਮੋਰਚੇ 'ਚ ਚੱਲ ਰਹੇ ਲੰਗਰਾਂ ਲਈ ਰਸਦ ਆਦਿ ਲਈ ਸਵੈ-ਇੱਛਾ ਨਾਲ ਯੋਗਦਾਨ ਪਾਓ। ਉਨ੍ਹਾਂ ਸੰਗਤ ਨੂੰ ਬੇਨਤੀ ਕੀਤੀ ਕਿ ਇਸ ਸ਼ਾਂਤਮਈ ਮੋਰਚੇ 'ਚ ਹਰ ਪਰਿਵਾਰ ਦਾ ਇਕ ਜੀਅ ਆਪਣੀ ਹਾਜ਼ਰੀ ਭਰੇ ਤਾਂ ਜੋ ਬੇਅਦਬੀ ਤੇ ਬਰਗਾੜੀ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਰਕਾਰਾਂ ਨੂੰ ਮਜਬੂਰ ਹੋਣਾ ਪਵੇ। ਇਸ ਦੌਰਾਨ ਭਾਈ ਦਲਬੀਰ ਸਿੰਘ ਸਰਾਵਾਂ, ਭਾਈ ਗੁਰਚਰਨ ਸਿੰਘ ਬਠਿੰਡਾ, ਭਾਈ ਜਲਵਿੰਦਰ ਸਿੰਘ ਭਕਣਾ, ਡਾ. ਸਰਬਜੀਤ ਸਿੰਘ, ਭਾਈ ਰਣਜੀਤ ਸਿੰਘ ਹੁਸ਼ਿਆਰਪੁਰ ਆਦਿ ਮੌਜੂਦ ਸਨ। ਇਸ ਦੌਰਾ ਸਟੇਜ ਸਕੱਤਰ ਦੀ ਸੇਵਾ ਭਾਈ ਰਣਜੀਤ ਸਿੰਘ ਵਾਂਦਰ ਨੇ ਨਿਭਾਈ।