ਪੰਜਾਬ ਸਰਕਾਰ ਵੱਲੋਂ ਲਿੱਖੀ ਚਿੱਠੀ ਦਾ ਅਸਰ : ਰੋਹਤਕ ਤੋਂ ਚੰਡੀਗੜ੍ਹ ਰੈਫਰ ਕੀਤਾ ਜ਼ਖਮੀ ਕਿਸਾਨ ਪ੍ਰਿਤਪਾਲ ਸਿੰਘ

Saturday, Feb 24, 2024 - 08:13 PM (IST)

ਪੰਜਾਬ ਸਰਕਾਰ ਵੱਲੋਂ ਲਿੱਖੀ ਚਿੱਠੀ ਦਾ ਅਸਰ : ਰੋਹਤਕ ਤੋਂ ਚੰਡੀਗੜ੍ਹ ਰੈਫਰ ਕੀਤਾ ਜ਼ਖਮੀ ਕਿਸਾਨ ਪ੍ਰਿਤਪਾਲ ਸਿੰਘ

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਦੀ ਦਾਤਾਸਿੰਘਵਾਲਾ ਬਾਰਡਰ 'ਤੇ ਤਿੰਨ ਦਿਨ ਪਹਿਲਾਂ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ 'ਚ ਜ਼ਖਮੀ ਹੋਏ ਸੰਗਰੂਰ ਦੇ ਰਹਿਣ ਵਾਲੇ ਕਿਸਾਨ ਪ੍ਰਿਤਪਾਲ ਸਿੰਘ ਨੂੰ ਸ਼ਨੀਵਾਰ ਨੂੰ ਰੋਹਤਕ ਪੀ.ਜੀ.ਆਈ. ਤੋਂ ਡਾਕਟਰਾਂ ਨੇ ਚੰਡੀਗੜ੍ਹ ਰੈਫਰ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪ੍ਰਿਤਪਾਲ ਸਿੰਘ ਦਾ ਰੋਹਤਕ ਪੀ.ਜੀ.ਆਈ. 'ਚ ਸਹੀ ਇਲਾਜ ਨਹੀਂ ਕੀਤਾ ਜਾ ਰਿਹਾ ਹੈ। ਉਹ ਡਰਿਆ ਹੋਇਆ ਹੈ।

ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੂੰ ਇੱਕ ਚਿੱਠੀ ਲਿਖ ਕੇ ਪੀ.ਜੀ.ਆਈ. ਰੋਹਤਕ ਵਿੱਚ ਦਾਖ਼ਲ ਕਿਸਾਨ ਪ੍ਰਿਤਪਾਲ ਸਿੰਘ ਨੂੰ ਪੰਜਾਬ ਅਧਿਕਾਰੀਆਂ ਨੂੰ ਸੌਂਪਣ ਦੀ ਬੇਨਤੀ ਕੀਤੀ। ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਇਲਾਜ ਪੰਜਾਬ ਵਿੱਚ ਮੁਫ਼ਤ ਕਰਵਾਇਆ ਜਾ ਸਕੇ। ਇਸ ਅਪੀਲ ਤੋਂ ਬਾਅਦ ਹੁਣ ਜ਼ਖਮੀ ਨੌਜਵਾਨ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਜਿਥੇ ਹੁਣ ਪ੍ਰਿਤਪਾਲ ਸਿੰਘ ਦਾ ਇਲਾਜ ਹੋਵੇਗਾ।

ਕਿਸਾਨ ਪ੍ਰੀਤਪਾਲ ਨੂੰ ਰੋਹਤਕ ਪੀ.ਜੀ.ਆਈ. ਵਿੱਚ ਦਾਖਲ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਕੀਤੀ। ਅੱਜ ਸਵੇਰੇ ਹੀ ਮੁੱਖ ਸਕੱਤਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ ਹਰਿਆਣਾ ਸਰਕਾਰ ਨੂੰ ਚਿੱਠੀ ਲਿਖੀ ਸੀ।

ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦੋਰਾਨ ਹਰਿਆਣਾ ਪੁਲਿਸ ਅਤੇ ਪੰਜਾਬ ਦੇ ਕਿਸਾਨਾਂ ਵਿੱਚ ਹੋ ਰਹੀ ਝੜਪ ਦੌਰਾਨ ਖਨੌਰੀ ਬਾਰਡਰ 'ਤੇ ਕਿਸਾਨ ਧਰਨੇ 'ਚ ਜ਼ਖਮੀ ਹੋਏ ਨੌਜਵਾਨ ਨੂੰ ਰੋਹਤਕ ਪੀਜੀਆਈ 'ਚ ਭਰਤੀ ਕਰਵਾਇਆ ਗਿਆ ਸੀ। ਨੌਜਵਾਨ ਦੇ ਸਿਰ, ਲੱਤਾਂ ਅਤੇ ਬੁੱਲ੍ਹਾਂ ਸਮੇਤ ਸਰੀਰ 'ਤੇ ਸੱਟਾਂ ਲੱਗੀਆਂ ਸਨ। ਜ਼ਖ਼ਮੀਆਂ ਦਾ ਇਲਾਜ ਰੋਹਤਕ ਪੀ.ਜੀ.ਆਈ. ਵਿੱਚ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਸੀ। 

ਇਸ ਮਾਮਲੇ 'ਚ ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਾ ਸੀ ਕਿ ਉਹਨਾਂ ਦਾ ਪੁੱਤਰ ਇਸ ਹਾਲਤ ਵਿੱਚ ਪਿਆ ਹੈ। ਇਸ ਤੋਂ ਬਾਅਦ ਪਰਿਵਾਰ ਨੇ ਉਥੇ ਪੰਹੁਚ ਕੀਤੀ ਅਤੇ ਇਸ ਦੋਰਾਨ ਪ੍ਰਿਤਪਾਲ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਇੱਕ ਕੋਚਿੰਗ ਅਕੈਡਮੀ ਵਿੱਚ ਅਧਿਆਪਕ ਵਜੋਂ ਕੰਮ ਕਰਦਾ ਹੈ, ਜੋ ਬੱਚਿਆਂ ਨੂੰ ਪੜ੍ਹਾਉਂਦਾ ਹੈ। 


author

Rakesh

Content Editor

Related News