ਉੱਚ ਦਰਜੇ ਦਾ ਬੁਨਿਆਦੀ ਢਾਂਚਾ ਪੰਜਾਬ ਦੇ ਅਨੁਕੂਲ ਉਦਯੋਗਿਕ ਮਾਹੌਲ ਦਾ ਪ੍ਰਤੱਖ ਸਬੂਤ : ਕਮਲ ਕਿਸ਼ੋਰ

Sunday, May 29, 2022 - 01:23 PM (IST)

ਉੱਚ ਦਰਜੇ ਦਾ ਬੁਨਿਆਦੀ ਢਾਂਚਾ ਪੰਜਾਬ ਦੇ ਅਨੁਕੂਲ ਉਦਯੋਗਿਕ ਮਾਹੌਲ ਦਾ ਪ੍ਰਤੱਖ ਸਬੂਤ : ਕਮਲ ਕਿਸ਼ੋਰ

ਚੰਡੀਗੜ੍ਹ(ਜ. ਬ.) – ਕਾਰੋਬਾਰ ਕਰਨ ’ਚ ਸੌਖ ਦੇ ਖੇਤਰ ਵਿਚ ਪੰਜਾਬ ਹੋਰ ਸੂਬਿਆਂ ਲਈ ਰੋਲ ਮਾਡਲ ਦੇ ਤੌਰ ’ਤੇ ਉੱਭਰਿਆ ਹੈ। ਸੂਬੇ ਨੇ ਉਦਯੋਗਿਕ ਪ੍ਰਾਜੈਕਟਾਂ ਲਈ ਸਮਾਂਬੱਧ ਮਨਜ਼ੂਰੀਆਂ ਦੀ ਇਕ ਮਿਸਾਲ ਕਾਇਮ ਕੀਤੀ ਹੈ ਅਤੇ ਨਵੀਨੀਕਰਨ ਤੇ ਤਕਨੀਕ ’ਤੇ ਆਧਾਰਤ ਉੱਦਮ ਦੇ ਉਦਯੋਗ-ਸਮਰਥਕ ਮਾਹੌਲ ਦੀ ਪੇਸ਼ਕਸ਼ ਕੀਤੀ ਹੈ। ਇੰਨਾ ਹੀ ਨਹੀਂ, ਉੱਚ ਦਰਜੇ ਦਾ ਬੁਨਿਆਦੀ ਢਾਂਚਾ ਅਤੇ ਬਿਹਤਰੀਨ ਸੰਪਰਕ ਸੂਬੇ ਦੀ ਸਮਰੱਥਾ ਵਿਚ ਅੱਗੇ ਹੋਰ ਵਿਸਤਾਰ ਕਰਦਾ ਹੈ। ‘ਇਨਵੈਸਟ ਪੰਜਾਬ’ ਦੀ ਮਦਦ ਨਾਲ ਪੰਜਾਬ ਵਿਚ ਆਪਣਾ ਕਾਰੋਬਾਰ ਸ਼ੁਰੂ ਕਰਨਾ ਬਹੁਤ ਆਸਾਨ ਹੈ ਜੋ ਕਿ ਸਾਰੀਆਂ ਮਨਜ਼ੂਰੀਆਂ ਲਈ ਇਕ ਵਨ-ਸਟਾਪ ਕੇਂਦਰ ਹੈ।

‘ਇਨਵੈਸਟ ਪੰਜਾਬ’ ਦੇ ਸੀ. ਈ. ਓ. ਕਮਲ ਕਿਸ਼ੋਰ ਯਾਦਵ (ਆਈ. ਏ. ਐੱਸ.) ਨੇ ਉਦਯੋਗਾਂ ਤੇ ਨਿਵੇਸ਼ਕਾਂ ਨੂੰ ਸੂਬੇ ਵਿਚ ਨਿਵੇਸ਼ ਕਰਨ ਦਾ ਸੱਦਾ ਦਿੰਦੇ ਹੋਏ ਦੱਸਿਆ ਕਿ ਸੂਬਾ ਸਰਕਾਰ ਕਾਰੋਬਾਰਾਂ ਦੀ ਮਜ਼ਬੂਤੀ ਅਤੇ ਸਰਕਾਰੀ ਪਾਰਦਰਸ਼ਤਾ ਨੂੰ ਬਿਹਤਰ ਬਣਾਉਣ ਵੱਲ ਧਿਆਨ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਉਦਯੋਗਾਂ ਤੇ ਜਨਤਕ ਸੰਸਥਾਵਾਂ ਦਰਮਿਆਨ ਸਹਿਯੋਗ ਵਧਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਉਦਯੋਗਾਂ ਨੂੰ ਮਨਜ਼ੂਰੀਆਂ ਤੇ ਉਤਸ਼ਾਹ ਦੇਣ ਲਈ ਪੂਰੀ ਤਰ੍ਹਾਂ ਆਨਲਾਈਨ ਤੇ ਪਾਰਦਰਸ਼ੀ ਪ੍ਰਣਾਲੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

ਇਨਵੈਸਟ ਪੰਜਾਬ (ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ)‘ਯੂਨੀਫਾਈਡ ਰੈਗੂਲੇਟਰ’ ਦੇ ਆਪਣੇ ਮਾਡਲ ਨਾਲ ਆਪਣੀ ਕਿਸਮ ਦੀ ਪ੍ਰਣਾਲੀ ਹੈ। ਬਿਊਰੋ ਅਧੀਨ ਸੂਬੇ ਦੇ ਵੱਖ-ਵੱਖ ਵਿਭਾਗਾਂ ਦੇ 23 ਅਧਿਕਾਰੀ ਕੰਮ ਕਰਦੇ ਹਨ। ਇਸ ਮਾਡਲ ਨੂੰ ਭਾਰਤ ਸਰਕਾਰ ਵੱਲੋਂ ਸਾਰੇ 8 ਪੈਮਾਨਿਆਂ ’ਤੇ 100 ਫੀਸਦੀ ਦੇ ਸਕੋਰ ਨਾਲ 20 ਸਟੇਟ ਇਨਵੈਸਟਮੈਂਟ ਪ੍ਰਮੋਸ਼ਨ ਏਜੰਸੀਆਂ ਵਿਚੋਂ ਇਕ ‘ਟਾਪ ਪ੍ਰਫਾਰਮਰ’ ਦੇ ਤੌਰ ’ਤੇ ਮਾਨਤਾ ਦਿੱਤੀ ਗਈ ਹੈ।

ਇਨਵੈਸਟ ਪੰਜਾਬ ਦੇ ਮਾਡਲ ਦਾ ਜ਼ਿਲਾ ਪੱਧਰ ’ਤੇ ਵੀ ਵਿਸਤਾਰ ਕੀਤਾ ਜਾ ਰਿਹਾ ਹੈ, ਜਿੱਥੇ ਡਿਸਟ੍ਰਿਕਟ ਬਿਊਰੋ ਆਫ ਇੰਡਸਟਰੀ ਐਂਡ ਇਨਵੈਸਟਮੈਂਟ ਪ੍ਰਮੋਸ਼ਨ (ਡੀ. ਬੀ. ਆਈ. ਆਈ. ਪੀ.) ਦੀ ਸਥਾਪਨਾ ਕੀਤੀ ਜਾ ਰਹੀ ਹੈ। ਸੂਬੇ ਨੇ ਪੰਜਾਬ ਰਾਈਟ ਟੂ ਬਿਜ਼ਨੈੱਸ ਐਕਟ 2020 ਵੀ ਲਾਗੂ ਕੀਤਾ ਹੈ, ਜਿਸ ਅਨੁਸਾਰ ਕੋਈ ਵੀ ਐੱਮ. ਐੱਸ. ਐੱਮ. ਈ. ਸਵੈ-ਪ੍ਰਮਾਣੀਕਰਨ ਦੇ ਆਧਾਰ ’ਤੇ ਸੂਬੇ ਵਿਚ ਕਾਰੋਬਾਰ ਸਥਾਪਤ ਕਰ ਸਕਦਾ ਹੈ ਜੋ ਸਾਢੇ ਤਿੰਨ ਸਾਲਾਂ ਦੀ ਮਿਆਦ ਲਈ ਵੈਲਿਡ ਹੈ।

ਸੀ. ਈ. ਓ. ਨੇ ਕਿਹਾ ਕਿ ਡੀਡ ਮਨਜ਼ੂਰੀਆਂ ਦੀ ਵਿਵਸਥਾ ਪੀ. ਬੀ. ਆਈ. ਪੀ. (ਸੋਧ) ਐਕਟ 2021 ਅਨੁਸਾਰ ਲਾਗੂ ਕੀਤੀ ਗਈ ਹੈ, ਜਿਸ ਵਿਚ ਉਦਯੋਗ ਯੂਨਿਟ ਵੱਲੋਂ ਸਵੈ-ਪ੍ਰਮਾਣੀਕਰਨ ਦੇ ਆਧਾਰ ’ਤੇ ਨਿਰਧਾਰਤ ਸਮੇਂ ਦੀ ਮਿਆਦ ਦੀ ਸਮਾਪਤੀ ’ਤੇ ਆਨਲਾਈਨ ਸਵੈ-ਚਾਲਿਤ ਮਨਜ਼ੂਰੀਆਂ ਜਾਰੀ ਕੀਤੀਆਂ ਜਾਣਗੀਆਂ। ਡੀਡ ਮਨਜ਼ੂਰੀਆਂ ਲਈ ਪ੍ਰੋਟੋਕੋਲ ਤੋਂ ਇਲਾਵਾ ਸਵੈ-ਪ੍ਰਮਾਣੀਕਰਨ ਦੇ ਆਧਾਰ ’ਤੇ ਮਨਜ਼ੂਰੀਆਂ ਦੇ ‘ਆਟੋ ਰੀਨਿਊਅਲ’ ਦੀ ਇਕ ਪ੍ਰਣਾਲੀ ਵੀ ਪੇਸ਼ ਕੀਤੀ ਗਈ ਹੈ।

ਹਾਲ ਹੀ ਦੇ ਸਮੇਂ ’ਚ ਵਪਾਰਕ ਉਤਪਾਦਨ ਸ਼ੁਰੂ ਕਰਨ ਵਾਲੇ ਕੁਝ ਪ੍ਰਮੁੱਖ ਪ੍ਰਾਜੈਕਟਾਂ ਵਿਚ ਪੈਪਸੀਕੋ (ਸੰਗਰੂਰ), ਲੁਧਿਆਣਾ ਵਿਚ ਕੋਕਾ ਕੋਲਾ (ਲੁਧਿਆਣਾ ਬੇਵਰੇਜਿਸ), ਪੈਪਸੀਕੋ (ਪਠਾਨਕੋਟ) ਲਈ ਕਾਂਟ੍ਰੈਕਟ ਨਿਰਮਾਤਾ ਵਰੁਣ ਬੇਵਰੇਜਿਸ, ਆਈ. ਓ. ਐੱਲ. ਕੈਮੀਕਲਜ਼ (ਬਰਨਾਲਾ), ਕਾਰਗਿਲ (ਬਠਿੰਡਾ), ਵਰਧਮਾਨ ਸਪੈਸ਼ਲਿਟੀ ਸਟੀਲ (ਲੁਧਿਆਣਾ), ਰਾਲਸਨ (ਲੁਧਿਆਣਾ), ਆਰਤੀ ਇੰਟਰਨੈਸ਼ਨਲ ( ਲੁਧਿਆਣਾ), ਸੈਂਚੁਰੀ ਪਲਾਈਵੁੱਡ (ਹੁਸ਼ਿਆਰਪੁਰ), ਹੈਪੀ ਫੋਰਜਿੰਗਜ਼ (ਲੁਧਿਆਣਾ), ਹੀਰੋ ਈ-ਸਾਈਕਲਜ਼ (ਲੁਧਿਆਣਾ), ਪ੍ਰੀਤ ਟਰੈਕਟਰਜ਼ (ਪਟਿਆਲਾ), ਹਾਰਟੈਕਸ ਰਬਰ (ਲੁਧਿਆਣਾ), ਗੰਗਾ ਐਕਰੋਵੂਲਜ਼ (ਲੁਧਿਆਣਾ) ਤੇ ਹਿੰਦੁਸਤਾਨ ਯੂਨੀਲੀਵਰ (ਪਟਿਆਲਾ) ਸ਼ਾਮਲ ਹਨ। ਸਵਰਾਜ ਮਹਿੰਦਰਾ, ਹੈਲਾ ਲਾਈਟਿੰਗ, ਏਅਰ ਲਿਕਵਿਡ, ਐਮਿਟੀ ਯੂਨੀਵਰਸਿਟੀ, ਥਿੰਕ ਗੈਸ, ਵਰਬੀਯੋ, ਐੱਚ. ਐੱਮ. ਈ. ਐੱਲ. ਅਤੇ ਹੋਰ ਬਹੁਤ ਸਾਰੀਆਂ ਇਕਾਈਆਂ ਨਿਰਮਾਣ ਤੇ ਮਸ਼ੀਨਰੀ ਸਥਾਪਨਾ ਦੇ ਵੱਖ-ਵੱਖ ਪੜਾਵਾਂ ਦੇ ਅਧੀਨ ਹਨ।

ਸੀ. ਈ. ਓ. ਨੇ ਅੱਗੇ ਕਿਹਾ ਕਿ ਸੂਬੇ ਨੇ ਹੁਣੇ ਜਿਹੇ ਆਦਿੱਤਿਆ ਬਿਰਲਾ (ਗ੍ਰਾਸਿਮ) ਤੇ ਜੇ. ਕੇ. ਪੇਪਜਰ ਵਰਗੇ ਪ੍ਰਮੁੱਖ ਬ੍ਰਾਂਡਾਂ ਤੋਂ ਵੀ ਵੱਡੇ ਨਿਵੇਸ਼ ਪ੍ਰਾਪਤ ਕੀਤੇ ਹਨ।


author

Harinder Kaur

Content Editor

Related News