ਵੈੱਬ ਸੀਰੀਜ਼ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਨੇ ਘਰ ’ਚ ਕਰਤਾ ਵੱਡਾ ਕਾਂਡ, ਹੋਈ ਗ੍ਰਿਫ਼ਤਾਰੀ

05/05/2023 9:38:57 AM

ਪਟਿਆਲਾ/ਦੇਵੀਗੜ੍ਹ 4 ਮਈ (ਬਲਜਿੰਦਰ, ਜੋਸਨ, ਨੌਗਾਵਾਂ) - ਕਈ ਵਾਰ ਸਾਡੇ ਸਿਨੇਮਾ ਜਗਤ ਵੱਲੋਂ ਕਿਸੇ ਸਮਾਜਿਕ ਬੁਰਾਈ ਜਾਂ ਫਿਰ ਕਿਸੇ ਤਰ੍ਹਾਂ ਦੇ ਸਕੈਮ ਨੂੰ ਉਜਾਗਰ ਕਰਨ ਲਈ ਬਣਾਈ ਫ਼ਿਲਮ ਜਾਂ ਫਿਰ ਵੈਬ ਸੀਰੀਜ਼ ਤੋਂ ਕੁਝ ਨੌਜਵਾਨ ਗ਼ਲਤ ਸਿੱਖਿਆ ਲੈ ਲੈਂਦੇ ਹਨ। ਅਜਿਹੀ ਹੀ ਘਟਨਾ ਉਦੋਂ ਸਾਹਮਣੇ ਆਈ ਜਦੋਂ ਥਾਣਾ ਜੁਲਕਾਂ ਦੇ ਐੱਸ. ਐੱਚ. ਓ. ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੁਲਸ ਨੇ ਇਕ ਵੈੱਬ ਸੀਰੀਜ਼ ਤੋਂ ਪ੍ਰਭਾਵਿਤ ਹੋ ਕੇ ਲੱਖਾਂ ਰੁਪਏ ਦੇ ਜਾਅਲੀ ਨੋਟ ਛਾਪਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਰਾਜੇਸ਼ ਕੁਮਾਰ ਪੁੱਤਰ ਬੰਸੂ ਰਾਮ ਵਾਸੀ ਵਿਕਾਸ ਨਗਰ ਪਟਿਆਲਾ ਅਤੇ ਹਾਲ ਨਿਵਾਸੀ ਗਲੀ ਨੰ. 14 ਈ ਦਰਸ਼ਨ ਨਗਰ ਥਾਣਾ ਅਨਾਜ ਮੰਡੀ ਪਟਿਆਲਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਜਹਿਰੀਨ ਮੁਸਲਮਾਨਾਂ ਦਾ ਜਥਾ ਪੁੱਜਾ ਭਾਰਤ, ਦਿੱਲੀ 'ਚ ਮਨਾਏ ਜਾ ਰਹੇ ਉਰਸ 'ਚ ਕਰੇਗਾ ਸ਼ਿਰਕਤ

ਇਸ ਸਬੰਧੀ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਐੱਸ. ਪੀ. ਸਿਟੀ ਸਰਫਰਾਜ ਆਲਮ ਅਤੇ ਡੀ. ਐੱਸ. ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਚਲਾਏ ਗਏ ਆਪ੍ਰੇਸ਼ਨ ਵਿਚ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਤੋਂ 1 ਲੱਖ 60 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਸ ਤੋਂ ਇੱਕ ਅਲਟਰਾਵਾਇਲਟ ਬਲੋਰ ਬੈਲਟ ਮਸ਼ੀਨ, ਇਕ ਕੰਪਿਊਟਰ ਸੈੱਟ ਸਮੇਤ 4 ਕਲਰਡ ਪ੍ਰਿੰਟਰ/ਸਕੈਨਰ, ਇਕ ਕਲਰ ਪ੍ਰਿੰਟਰ ਤੇ ਹੋਰ ਸਾਮਾਨ ਬਰਾਮਦ ਕੀਤਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਸ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਬਿਲਾਵਲ ਭੁੱਟੋ ਪਹੁੰਚੇ ਗੋਆ, 12 ਸਾਲਾਂ ’ਚ ਭਾਰਤ ਆਉਣ ਵਾਲੇ ਪਾਕਿਸਤਾਨ ਦੇ ਪਹਿਲੇ ਵਿਦੇਸ਼ ਮੰਤਰੀ

ਐੱਸ. ਐੱਸ. ਪੀ. ਨੇ ਦੱਸਿਆ ਕਿ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਥਾਣਾ ਰੋਹੜ ਜੰਗੀਰ ਚੌਕੀ ਦੇ ਇੰਚਾਰਜ਼ ਐੱਸ. ਆਈ. ਲਵਪ੍ਰੀਤ ਸਿੰਘ ਨੂੰ ਸੂਚਨਾ ਮਿਲੀ ਕਿ ਰਾਜੇਸ਼ ਕੁਮਾਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾਅਲੀ ਕਰੰਸੀ ਦੁਧਨ ਸਾਧਾ ਕਿਸੇ ਨੂੰ ਦੇਣ ਜਾ ਰਿਹਾ ਹੈ ਤਾਂ ਪੁਲਸ ਨੇ ਉਸ ਨੂੰ ਕਾਬੂ ਕਰ ਕੇ ਉਸ ਤੋਂ ਕੁਝ ਜਾਅਲੀ ਕਰੰਸੀ ਬਰਾਮਦ ਕੀਤੀ । ਜਦੋਂ ਉਸ ਤੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਹ ਆਪ ਖੁਦ ਜਾਅਲੀ ਨੋਟ ਆਪਣੇ ਕਿਰਾਏ ਦੇ ਮਕਾਨ ਦਰਸ਼ਨ ਸਿੰਘ ਨਗਰ ਪਟਿਆਲਾ ਵਿਖੇ ਇਕ ਕਮਰੇ ਵਿਚ ਜਾਅਲ਼ੀ ਕਰੰਸੀ ਤਿਆਰ ਕਰਨ ਦਾ ਸੈੱਟਅਪ ਕੀਤਾ ਹੋਇਆ ਹੈ, ਜਿਥੇ ਉਹ ਵੱਖ-ਵੱਖ ਯੰਤਰਾ ਨਾਲ ਜਾਅਲੀ ਕਰੰਸੀ ਤਿਆਰ ਕਰਦਾ ਹੈ। ਪੁਲਸ ਨੇ ਰਾਜੇਸ਼ ਕੁਮਾਰ ਦੀ ਨਿਸ਼ਾਨਦੇਹੀ ’ਤੇ ਦੱਸੇ ਗਏ ਘਰ ਵਿਚੋਂ ਉਕਤ ਸਾਮਾਨ ਬਰਾਮਦ ਕੀਤਾ ਗਿਆ। ਇਸ ਮੌਕੇ ਐੱਸ. ਪੀ. ਸਿਟੀ ਸਰਫਰਾਜ਼ ਆਲਮ, ਡੀ. ਐੱਸ. ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ, ਡੀ. ਐੱਸ. ਪੀ. ਸਿਟੀ-2 ਜਸਵਿੰਦਰ ਸਿੰਘ ਟਿਵਾਣਾ, ਥਾਣਾ ਜੁਲਕਾਂ ਦੇ ਐੱਸ. ਐੱਚ. ਓ. ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਵੀ ਹਾਜ਼ਰ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


sunita

Content Editor

Related News