ਪੰਜਾਬ ਦੇ ਉਦਯੋਗਿਕ ਨਿਵੇਸ਼ਕਾਂ ''ਚ ਵਿਸ਼ਵਾਸ ਦੀ ਬਹਾਲੀ ਸਭ ਤੋਂ ਅਹਿਮ : ਨਵਜੋਤ ਸਿੱਧੂ

03/02/2018 6:21:44 AM

ਚੰਡੀਗੜ੍ਹ (ਪਰਾਸ਼ਰ) - ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਸੂਬੇ ਨੂੰ ਭਾਰਤ ਦਾ ਮੋਹਰੀ ਉਦਯੋਗਿਕ ਸੂਬਾ ਬਣਾਉਣ ਲਈ ਇਥੋਂ ਦੇ ਨਿਵੇਸ਼ਕਾਂ 'ਚ ਵਿਸ਼ਵਾਸ ਬਹਾਲੀ ਸਭ ਤੋਂ ਜ਼ਰੂਰੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਤਤਪਰ ਹੈ।
ਇਥੇ ਐਸੋਚਮ ਦੇ ਖੇਤਰੀ ਮੁੱਖ ਦਫਤਰ ਦੇ ਉਦਘਾਟਨ ਸਬੰਧੀ ਆਯੋਜਿਤ ਕੀਤੇ ਗਏ ਇਕ ਸਮਾਰੋਹ 'ਚ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਉਨਤੀ ਦੇ ਰਾਹ 'ਤੇ ਲਿਜਾਣ ਲਈ ਐਸੋਚੈਮ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਸਮਾਗਮ 'ਚ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ 'ਤੇ ਆਏ ਹਨ ਤੇ ਇਥੇ ਆ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਉਦਯੋਗਿਕ ਸੰਸਥਾਵਾਂ ਦੀ ਉੱਚ ਕੋਟੀ ਦੀ ਸੰਸਥਾ ਐਸੋਚੈਮ ਵੱਲੋਂ ਮੋਹਾਲੀ 'ਚ ਆਪਣਾ ਖੇਤਰੀ ਮੁੱਖ ਦਫ਼ਤਰ ਖੋਲ੍ਹਿਆ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਬਹੁਤ ਉਤਸ਼ਾਹ ਮਿਲੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੂੰ ਉਦਯੋਗਿਕ ਖੇਤਰ ਦੀ ਮੋਹਰੀ ਕਤਾਰ 'ਚ ਖੜ੍ਹਾ ਕਰਨ ਲਈ ਆਮਦਨ ਦੇ ਹੋਰ ਜ਼ਿਆਦਾ ਸਾਧਨ ਜੁਟਾਉਣ ਦੀ ਜ਼ਰੂਰਤ ਹੈ ਤੇ ਐਸੋਚੈਮ ਨਾਲ ਹਿੱਸੇਦਾਰੀ ਇਸ ਉਦੇਸ਼ ਦੀ ਅਹਿਮ ਕੜੀ ਸਾਬਿਤ ਹੋ ਸਕਦੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਸੈਰ-ਸਪਾਟਾ, ਛੋਟੇ ਤੇ ਲਘੂ ਉਦਯੋਗਾਂ, ਲੈਂਡਬੈਂਕਸ ਨੂੰ ਕਾਇਮ ਕਰਨਾ, ਫੂਡ ਪ੍ਰੋਸੈਸਿੰਗ, ਐਰੋਸਪੇਸ, ਰੱਖਿਆ ਉਤਪਾਦਨ ਅਤੇ ਟੈਕਟੀਕਲ ਟੈਕਸਟਾਈਲ ਆਦਿ ਖੇਤਰਾਂ ਵਿਚ ਅਸੀਮ ਸੰਭਾਵਨਾਵਾਂ ਰੱਖਦਾ ਹੈ। ਇਸ ਤੋਂ ਪਹਿਲਾਂ ਸਵਾਗਤੀ ਭਾਸ਼ਣ ਦਿੰਦਿਆਂ ਐਸੋਚੈਮ ਦੇ ਪ੍ਰਧਾਨ ਸੰਦੀਪ ਜਜੋਡੀਆ ਨੇ ਕਿਹਾ ਕਿ ਪੰਜਾਬ ਉਦਮੀਆਂ ਦਾ ਗੜ੍ਹ ਹੈ ਅਤੇ ਸਮਾਂ ਇਹ ਮੰਗ ਕਰਦਾ ਹੈ ਕਿ ਹੁਨਰ ਵਿਕਾਸ ਰਾਹੀਂ ਸੂਬੇ ਦੀ ਅਸੀਮਤ ਸਮਰੱਥਾ ਦਾ ਸਹੀ ਇਸਤੇਮਾਲ ਹੋਵੇ। ਉਨ੍ਹਾਂ ਸੂਬੇ ਦੀਆਂ ਤਕਨੀਕੀ ਸਿੱਖਿਆ ਸੰਸਥਾਨ ਨਾਲ ਭਾਈਵਾਲੀ ਦੀ ਵੀ ਹਮਾਇਤ ਕੀਤੀ। ਅੰਤ 'ਚ ਐਸੋਚੈਮ ਦੇ ਸਕੱਤਰ ਜਨਰਲ ਡੀ. ਐੱਸ. ਰਾਵਤ ਨੇ ਸਾਰਿਆਂ ਦਾ ਧੰਨਵਾਦ ਕੀਤਾ।


Related News