ਉਦਯੋਗਿਕ ਇਕਾਈ ਪੰਜਾਬ ਐਲਕੀਜ਼ ਅਤੇ ਕੈਮੀਕਲ ਲਿਮਟਿਡ ’ਚ ਵੱਡਾ ਹਾਦਸਾ ਹੋਣੋਂ ਟਲਿਆ
Sunday, Aug 26, 2018 - 03:13 AM (IST)

ਨੰਗਲ (ਗੁਰਭਾਗ)-ਨਵਾਂ ਨੰਗਲ ’ਚ ਸਥਿਤ ਪੰਜਾਬ ਰਾਜ ਦੀ ਪ੍ਰਮੁੱਖ ਉਦਯੋਗਿਕ ਇਕਾਈ ਪੰਜਾਬ ਐਲਕੀਜ਼ ਅਤੇ ਕੈਮੀਕਲ ਲਿਮਟਿਡ ’ਚ ਅੱਜ ਉਸ ਸਮੇਂ ਇਕ ਵੱਡਾ ਹਾਦਸਾ ਹੋਣੋਂ ਟਲ ਲਿਆ, ਜਦੋਂ ਇਕਾਈ ਦੇ ਟਰਾਂਸਫਾਰਮਰ ਨੂੰ ਅੱਗ ਲੱਗ ਗਈ।
ਮਿਲੀ ਜਾਣਕਾਰੀ ਅਨੁਸਾਰ ਅੱਜ ਕਰੀਬ 11 ਵਜੇ ਉਦਯੋਗਿਕ ਇਕਾਈ ਦੇ ਮੇਨ ਟਰਾਂਸਫਾਰਮਰ ’ਚ ਕਰਮਚਾਰੀਆਂ ਨੇ ਧੂੰਆਂ ਨਿਕਲਦੇ ਦੇਖਿਆ ਜਿਸ ਦੀ ਜਾਣਕਾਰੀ ਤੁਰੰਤ ਪ੍ਰਬੰਧਕਾਂ ਨੂੰ ਦਿੱਤੀ ਗਈ। ਅੱਗ ’ਤੇ ਕਾਬੂ ਪਾਉਣ ਲਈ ਬੀ.ਬੀ.ਐੱਮ.ਬੀ., ਐੱਨ.ਐੱਫ.ਐੱਲ. ਅਤੇ ਨਗਰ ਕੌਂਸਲ ਦੇ ਅੱਗ ਬੁਝਾਊ ਵਿਭਾਗ ਨੂੰ ਵੀ ਸੂਚਨਾ ਦਿੱਤੀ ਗਈ। ਇਨ੍ਹਾਂ ਤਿੰਨੋਂ ਅਦਾਰਿਆਂ ਦੇ ਅੱਗ ਬੁਝਾਊ ਵਿਭਾਗਾਂ ਦੀਆਂ ਟੀਮਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਇਸ ਭਿਆਨਕ ਅੱਗ ਨੂੰ ਬੁਝਾਇਆ ਗਿਆ। ਇਸ ਘਟਨਾ ’ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ।
ਪੀ.ਏ.ਸੀ.ਐੱਲ. ਦੇ ਡਾਇਰੈਕਟਰ, ਜਨਰਲ ਮੈਨੇਜਰ ਪੀ.ਐੱਸ. ਵਾਲੀਆ ਨੇ ਅੱਗ ਲੱਗਣ ਦੀ ਪੁਸ਼ਟੀ ਕਰਦੇ ਕਿਹਾ ਕਿ ਇਹ ਅੱਗ ਟਰਾਂਸਫਾਰਮਰ ’ਚ ਲੱਗੀ ਸੀ, ਜਿਸ ’ਤੇ ਜਲਦ ਹੀ ਕਾਬੂ ਪਾ ਲਿਆ ਗਿਆ।