ਭਾਰਤ/ਪਾਕਿ ਸਰਹੱਦ ’ਤੇ ਮੁੜ ਦੇਖਿਆ ਗਿਆ ਡਰੋਨ, BSF ਨੇ ਕੀਤੀ ਫਾਇਰਿੰਗ
Monday, Oct 04, 2021 - 12:47 PM (IST)
ਖੇਮਕਰਨ (ਸੋਨੀਆ) - ਭਾਰਤ-ਪਾਕਿ ਸਰਹੱਦ ’ਤੇ ਡਰੋਨ ਦੀਆਂ ਦਿਨ-ਬ-ਦਿਨ ਗਤੀਵਿਧੀਆਂ ਵਧਦੀਆਂ ਜਾ ਰਹੀਆਂ ਹਨ। ਇਸ ਦੌਰਾਨ ਹਿੰਦ-ਪਾਕਿ ਸਰਹੱਦ ’ਤੇ ਸਥਿਤ ਬੀ. ਐੱਸ. ਐੱਫ. ਦੀ ਸਰਹੱਦੀ ਚੌਕੀ ਧਰਮਾ ਅਧੀਨ ਆਉਂਦੇ ਇਲਾਕੇ ਅੰਦਰ 2-3 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਕਰੀਬ 12.55 ਵਜੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਅੰਤਰਰਾਸ਼ਟਰੀ ਸਰਹੱਦ ਬੁਰਜੀ ਨੰਬਰ 137/20 ਦੇ ਸਾਹਮਣੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਡਰੋਨ ਦੀ ਆਵਾਜ਼ ਸੁਣਦੇ ਸਾਰ ਸਰਹੱਦ ’ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨੇ ਡਰੋਨ ਨੂੰ ਸੁੱਟਣ ਲਈ ਦੋ ਗੋਲੀਆਂ ਚਲਾਈਆਂ। ਫਾਇਰਿੰਗ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਵੱਲ ਜਾਣ ’ਚ ਕਾਮਯਾਬ ਹੋ ਗਿਆ।
ਦੂਜ ਪਾਸੇ ਡਰੋਨ ਵਾਲੇ ਘਟਨਾ ਸਥਾਨ ’ਤੇ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਸਰਚ ਮੁਹਿੰਮ ਚਲਾਈ ਗਈ, ਜਿਸ ਦੌਰਾਨ ਜਵਾਨਾਂ ਨੂੰ ਤਲਾਸ਼ੀ ਲੈਣ ’ਤੇ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।