ਦਿੱਲੀ-ਮੁੰਬਈ ’ਚ ਜਾਇਦਾਦਾਂ ਛੱਡ ਕੇ ਦੁਬਈ ’ਚ ਘਰ ਖਰੀਦ ਰਹੇ ਛੋਟੇ ਸ਼ਹਿਰਾਂ ਦੇ ਭਾਰਤੀ

Thursday, Jan 16, 2025 - 08:08 PM (IST)

ਦਿੱਲੀ-ਮੁੰਬਈ ’ਚ ਜਾਇਦਾਦਾਂ ਛੱਡ ਕੇ ਦੁਬਈ ’ਚ ਘਰ ਖਰੀਦ ਰਹੇ ਛੋਟੇ ਸ਼ਹਿਰਾਂ ਦੇ ਭਾਰਤੀ

ਜਲੰਧਰ- ਹੁਣ ਦਿੱਲੀ-ਮੁੰਬਈ ਵਰਗੇ ਸ਼ਹਿਰਾਂ ਨੂੰ ਛੱਡ ਕੇ ਦੇਸ਼ ਦੇ ਛੋਟੇ ਸ਼ਹਿਰਾਂ ਦੇ ਲੋਕ ਦੁਬਈ ਵਿਚ ਜਾਇਦਾਦਾਂ ਦੀ ਭਾਲ ਕਰ ਰਹੇ ਹਨ। ਦਰਅਸਲ ਦੁਬਈ ’ਚ ਪ੍ਰਾਪਟੀ ਡਿਵੈੱਲਪਰਾਂ ਕੋਲ ਅਜਿਹੇ ਭਾਰਤੀ ਲੋਕਾਂ ਦੀ ਜਾਂਚ ਵਧ ਗਈ ਹੈ, ਜੋ ਛੋਟੇ ਸ਼ਹਿਰਾਂ ’ਚ ਰਹਿੰਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਦਿੱਲੀ ਤੇ ਮੁੰਬਈ ਵਿਚ ਅਪਾਰਟਮੈਂਟਾਂ ਅਤੇ ਵਿਲਾ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਦੋਵੇਂ ਸ਼ਹਿਰਾਂ ਵਿਚ ਲਾਂਚ ਕੀਤੀਆਂ ਗਈਆਂ ਜ਼ਿਆਦਾਤਰ ਜਾਇਦਾਦਾਂ ਦੀ ਕੀਮਤ 5 ਕਰੋੜ ਰੁਪਏ ਤੇ ਇਸ ਤੋਂ ਵੱਧ ਹੈ। ਇਸ ਦੇ ਨਾਲ ਹੀ ਦੁਬਈ ’ਚ ਵੀ ਜਾਇਦਾਦਾਂ ਦੀ ਔਸਤ ਕੀਮਤ ਇਸੇ ਰੇਂਜ ’ਚ ਹੈ।

ਮੁੰਬਈ ’ਚ ਘਰਾਂ ਦੀਆਂ ਕੀਮਤਾਂ ਦੁਬਈ ਦੇ ਬਰਾਬਰ

ਇੰਡੀਆ ਸੋਥਬੀ ਇੰਟਰਨੈਸ਼ਨਲ ਰਿਐਲਿਟੀ ਦੇ ਡਾਇਰੈਕਟਰ (ਇੰਟਰਨੈਸ਼ਨਲ) ਆਕਾਸ਼ ਪੁਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਐੱਨ. ਸੀ. ਆਰ. ਤੇ ਮੁੰਬਈ ’ਚ ਰੀਅਲ ਅਸਟੇਟ ਦੀਆਂ ਕੀਮਤਾਂ ਹੁਣ ਦੁਬਈ ਸਮੇਤ ਕਈ ਗਲੋਬਲ ਗੇਟਵੇ ਸ਼ਹਿਰਾਂ ਦੇ ਬਰਾਬਰ ਹਨ। ਇਸ ਕਾਰਨ ਬਹੁਤ ਸਾਰੇ ਨਿਵੇਸ਼ਕ ਆਪਣੇ ਨਿਵੇਸ਼ ਦੇ ਮੌਕਿਆਂ ਲਈ ਦੁਬਈ ਵਿਚ ਜਾਇਦਾਦ ਖਰੀਦਣ ਬਾਰੇ ਵਿਚਾਰ ਕਰ ਰਹੇ ਹਨ।

ਦੁਬਈ ਦੁਨੀਆ ਭਰ ਦੇ ਪ੍ਰਾਪਰਟੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਦਾ ਹੈ। ਇਸ ਵਿਚ ਭਾਰਤੀ ਪਹਿਲੇ ਸਥਾਨ ’ਤੇ ਹਨ। ਡਿਵੈੱਲਪਰਾਂ ਦਾ ਕਹਿਣਾ ਹੈ ਕਿ ਨਵੇਂ ਪ੍ਰਾਜੈਕਟ ਵਿਚ ਲੱਗਭਗ 50 ਫੀਸਦੀ ਖਰੀਦਦਾਰ ਭਾਰਤ ਤੋਂ ਹਨ। ਇਨ੍ਹਾਂ ’ਚੋਂ ਲੱਗਭਗ 70 ਫੀਸਦੀ ਛੋਟੇ ਸ਼ਹਿਰਾਂ ਤੋਂ ਹਨ।

ਦੁਬਈ ਸਥਿਤ ਮਰਲਿਨ ਰੀਅਲ ਅਸਟੇਟ ਦੇ ਸਹਿ-ਸੰਸਥਾਪਕ ਰੋਹਿਤ ਬਚਾਨੀ ਦਾ ਕਹਿਣਾ ਹੈ ਕਿ ਭਾਰਤ ਵਿਚ ਰੀਅਲ ਅਸਟੇਟ ਬਾਜ਼ਾਰ ਲਗਾਤਾਰ ਵਧ ਰਿਹਾ ਹੈ। ਅਸੀਂ ਟੀਅਰ 2 ਤੇ ਟੀਅਰ 3 ਸ਼ਹਿਰਾਂ ਦੇ ਨਿਵੇਸ਼ਕਾਂ ਵਿਚ ਇਕ ਮਹੱਤਵਪੂਰਨ ਤਬਦੀਲੀ ਦੇਖ ਰਹੇ ਹਾਂ।

90 ਦੇ ਦਹਾਕੇ ਦੇ ਅਖੀਰ ਅਤੇ 2000 ਦੇ ਦਹਾਕੇ ਦੀ ਸ਼ੁਰੂਆਤ ਵਿਚ ਜਿਨ੍ਹਾਂ ਜਾਇਦਾਦਾਂ ਦੀ ਕੀਮਤ ਸਿਰਫ਼ 50 ਲੱਖ ਰੁਪਏ ਸੀ, ਉਹ ਹੁਣ 25 ਕਰੋੜ ਰੁਪਏ ਤੋਂ ਵੱਧ ਵਿਚ ਵਿਕ ਰਹੀਆਂ ਹਨ।

ਰਜਿਸਟ੍ਰੇਸ਼ਨ ’ਚ 43 ਫੀਸਦੀ ਦਾ ਵਾਧਾ

ਸਕੁਏਅਰ ਯਾਰਡਜ਼ ਦੇ ਅੰਕੜਿਆਂ ਅਨੁਸਾਰ ਸਾਲ 2024 ਵਿਚ ਦੁਬਈ ਨੇ 1.20 ਲੱਖ ਤੋਂ ਵੱਧ ਆਫ-ਪਲਾਨ ’ਤੇ ਤਿਆਰ ਰਿਹਾਇਸ਼ੀ ਲੈਣ-ਦੇਣ ਦੇ ਨਾਲ ਇਕ ਨਵਾਂ ਬੈਂਚਮਾਰਕ ਸਥਾਪਤ ਕੀਤਾ।

ਇਸ ਦੀ ਕੁੱਲ ਕੀਮਤ 259 ਅਰਬ ਯੂ. ਏ. ਈ. ਹੈ ਦਿਰਹਾਮ ਤੋਂ ਵੱਧ ਸੀ। ਰਜਿਸਟ੍ਰੇਸ਼ਨ ਲੈਣ-ਦੇਣ ਵਿਚ ਸਾਲਾਨਾ ਆਧਾਰ ’ਤੇ 43 ਫੀਸਦੀ ਦਾ ਵਾਧਾ ਹੋਇਆ। ਇਸ ਦੇ ਨਾਲ ਹੀ ਵਿਕਰੀ ਮੁੱਲ ਵਿਚ ਸਾਲਾਨਾ ਆਧਾਰ ’ਤੇ 34 ਫੀਸਦੀ ਦੀ ਤੇਜ਼ੀ ਆਈ ਹੈ। ਪਿਛਲੇ 5 ਸਾਲਾਂ ’ਚ ਭਾਰਤ ’ਚ ਜਾਇਦਾਦ ਦੀਆਂ ਕੀਮਤਾਂ ਵਿਚ 60 ਫੀਸਦੀ ਦਾ ਵਾਧਾ ਹੋਇਆ ਹੈ।

ਸਕੁਏਅਰ ਯਾਰਡਜ਼ ਦੀ ਸੀ. ਈ. ਓ. ਤੇ ਪ੍ਰਿੰਸੀ. ਪਾਰਟਨਰ (ਗਲੋਬਲ ਮਾਰਕੀਟਸ) ਰਾਬੀਆ ਸ਼ੇਖ ਨੇ ਦੱਸਿਆ ਕਿ ਦੁਬਈ ’ਚ ਔਸਤ ਰਜਿਸਟਰਡ ਲੈਣ-ਦੇਣ ਵਿਕਰੀ ਕੀਮਤ ਇਸ ਸਮੇਂ ਲੱਗਭਗ 5 ਕਰੋੜ ਰੁਪਏ ਹੈ। ਇੱਥੇ ਟੈਕਸ ਵਿਚ ਬਹੁਤ ਸਾਰੀਆਂ ਛੋਟਾਂ ਹਨ। ਅਜਿਹੀ ਸਥਿਤੀ ਵਿਚ ਟੈਕਸ ਲਾਭ ਦੁਬਈ ਨੂੰ ਭਾਰਤੀ ਨਿਵੇਸ਼ਕਾਂ ਲਈ ਇਕ ਆਕਰਸ਼ਕ ਸਥਾਨ ਬਣਾਉਂਦੇ ਹਨ।


author

Rakesh

Content Editor

Related News