ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਰੋਸ ਮਾਰਚ
Friday, Mar 30, 2018 - 12:11 AM (IST)

ਰੂਪਨਗਰ, (ਵਿਜੇ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੀ ਕੇਂਦਰੀ ਕਮੇਟੀ ਦੇ ਸੱਦੇ 'ਤੇ ਅੱਜ ਮਾਧੋ ਸਿੰਘ ਦੀ ਧਰਮਸ਼ਾਲਾ 'ਚ ਪਾਰਟੀ ਵੱਲੋਂ ਵਿਸ਼ਾਲ ਇਕੱਠ ਕਰ ਕੇ ਸ਼ਹਿਰ 'ਚ ਮਾਰਚ ਕੀਤਾ ਗਿਆ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਦੇ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਸੂਬਾਈ ਆਗੂ ਤਰਲੋਚਨ ਸਿੰਘ ਰਾਣਾ, ਵੇਦ ਪ੍ਰਕਾਸ਼ ਸ਼ਰਮਾ, ਮਲਕੀਤ ਸਿੰਘ ਪਲਾਸੀ, ਮੋਹਨ ਸਿੰਘ ਧਮਾਣਾ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਬਜਟ ਤਜਵੀਜ਼ਾਂ ਨਿੰਦਣਯੋਗ ਹਨ। ਉਨ੍ਹਾਂ ਮੰਗ ਕੀਤੀ ਕਿ ਚੋਣਾਂ ਤੋਂ ਪਹਿਲਾਂ ਦੋਵੇਂ ਸਰਕਾਰਾਂ ਵੱਲੋਂ ਜਨਤਾ ਨਾਲ ਕੀਤੇ ਵਾਅਦਿਆਂ 'ਤੇ ਅਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਮਰਾਜੀ ਨਿਰਦੇਸ਼ਤ ਨਵ-ਉਦਾਰਵਾਦੀ ਨੀਤੀ ਲਾਗੂ ਕਰਨ ਵਾਲੀ ਕੋਈ ਵੀ ਸਰਕਾਰ ਕਿਰਤੀ ਲੋਕਾਂ ਦੀਆਂ ਬੁਨਿਆਦੀ ਮੁਸ਼ਕਲਾਂ ਹੱਲ ਨਹੀਂ ਕਰ ਸਕਦੀ। ਇਸ ਲਈ ਲੋਕ ਪੱਖੀ ਬਦਲ ਲਈ ਫੈਸਲਾਕੁੰਨ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਇਸ ਮੌਕੇ ਸ਼ਮਸ਼ੇਰ ਸਿੰਘ, ਬਲਵਿੰਦਰ ਸਿੰਘ, ਹਿੰਮਤ ਸਿੰਘ, ਧਰਮਪਾਲ, ਜਰਨੈਲ ਸਿੰਘ, ਜਨਵਾਦੀ ਇਸਤਰੀ ਸਭਾ ਦੀ ਪ੍ਰਧਾਨ ਦਰਸ਼ਨ ਕੌਰ, ਅਸ਼ੋਕ ਕੁਮਾਰ, ਕ੍ਰਿਸ਼ਨ ਕੁਮਾਰ ਡੋਗਰਾ, ਅਵਤਾਰ ਸਿੰਘ, ਸੁਰਿੰਦਰ ਸਿੰਘ, ਸੋਮ ਸਿੰਘ, ਨਿਰਮਲ ਸਿੰਘ ਲੋਦੀਮਾਜਰਾ ਵੀ ਮੌਜੂਦ ਸਨ।
ਇਹ ਹਨ ਮੰਗਾਂ
1. ਖੇਤ ਮਜ਼ਦੂਰਾਂ ਤੇ 10 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਬਿਨਾਂ ਦੇਰੀ ਮੁਆਫ ਕੀਤਾ ਜਾਵੇ।
2. ਬੇਜ਼ਮੀਨੇ ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਤੇ ਮਕਾਨ ਬਣਾਉਣ ਲਈ ਘੱਟੋ-ਘੱਟ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ।
3. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ।
4. ਵੱਖ-ਵੱਖ ਵਿਭਾਗਾਂ 'ਚ ਖਾਲੀ ਆਸਾਮੀਆਂ ਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
5. ਸਾਰੇ ਐਡਹਾਕ ਅਤੇ ਠੇਕਾ ਭਰਤੀ ਮੁਲਾਜ਼ਮਾਂ ਨੂੰ ਪੂਰੇ ਤਨਖਾਹ ਸਕੇਲਾਂ 'ਤੇ ਰੈਗੂਲਰ ਕੀਤਾ ਜਾਵੇ।
6. ਘੱਟੋ-ਘੱਟ ਉਜਰਤਾਂ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੈਅ ਕੀਤੀਆਂ ਜਾਣ।
7. ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤਾਂ ਦੀਆਂ ਪੈਨਸ਼ਨਾਂ ਘੱਟੋ-ਘੱਟ ਤਿੰਨ ਹਜ਼ਾਰ ਰੁ. ਪ੍ਰਤੀ ਮਹੀਨਾ ਕੀਤੀਆਂ ਜਾਣ।
8. ਬੰਜਰ ਅਤੇ ਨਿਕਾਸੀ ਜ਼ਮੀਨਾਂ ਦੇ ਸਾਰੇ ਆਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ।
9. ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ ਅਤੇ ਔਰਤਾਂ 'ਤੇ ਵਧ ਰਹੇ ਫਿਰਕੂ ਹਮਲਿਆਂ ਨੂੰ ਨੱਥ ਪਾਈ ਜਾਵੇ।