ਇੰਡੀਅਨ ਓਵਰਸੀਜ਼ ਕਾਂਗਰਸ ਜਰਮਨੀ ਵੱਲੋਂ ਭਾਰਤੀਆਂ ਲਈ ਖ਼ਾਸ ਉਪਰਾਲਾ, ਖੋਲ੍ਹਿਆ 50 ਬੈੱਡਾਂ ਦਾ ਹਸਪਤਾਲ
Monday, May 17, 2021 - 04:08 PM (IST)
ਚੰਡੀਗੜ੍ਹ (ਟੱਕਰ) : ਇੰਡੀਅਨ ਓਵਰਸੀਜ਼ ਕਾਂਗਰਸ ਜਰਮਨੀ ਵੱਲੋਂ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਭਾਰਤ ਦੇ ਲੋਕਾਂ ਨੂੰ ਕੁੱਝ ਨਿਜਾਤ ਦਿਵਾਉਂਦਿਆ ਭਾਰੀ ਗਿਣਤੀ ਵਿਚ ਆਕਸੀਜਨ ਕਡੰਕਟਰ ਅਤੇ ਆਕਸੀਮੀਟਰ ਭੇਜੇ ਗਏ ਹਨ। ਇਸ ਦੇ ਨਾਲ ਹੀ ਕੇਰਲਾ ’ਚ 50 ਬੈੱਡਾਂ ਦੇ ਹਸਪਤਾਲ ਦਾ ਪ੍ਰਬੰਧ ਕੀਤਾ ਗਿਆ ਹੈ, ਜਿੱਥੇ ਸਿਰਫ ਕੋਵਿਡ-19 ਪੀੜਤ ਮਰੀਜ਼ਾਂ ਦਾ ਹੀ ਇਲਾਜ ਕੀਤਾ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਆਈ. ਓ. ਸੀ ਜਰਮਨੀ ਦੇ ਪ੍ਰਧਾਨ ਪ੍ਰਮੋਦ ਕੁਮਾਰ ਮਿੰਟੂ ਨੇ ਦੱਸਿਆ ਕਿ ਲੋੜ ਪੈਣ ’ਤੇ ਪੰਜਾਬ ਵਿਚ ਵੀ 50 ਬੈੱਡਾਂ ਦਾ ਹਸਪਤਾਲ ਖੋਲ੍ਹਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, 'ਡੇਂਗੂ' ਦੇ ਮੁਫ਼ਤ ਟੈਸਟ ਲਈ 4 ਨਵੀਆਂ ਲੈਬਾਰਟਰੀਆਂ ਸਥਾਪਿਤ
ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਜੋ ਸਮਾਨ ਭਾਰਤ ਅਤੇ ਪੰਜਾਬ ਭੇਜਿਆ ਗਿਆ ਹੈ, ਉਹ ਲੋੜਵੰਦਾਂ ਨੂੰ ਮੁਫ਼ਤ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜਵੰਦ ਲੋਕ ਇਸ ਸਮਾਨ ਦਾ ਲਾਭ ਲੈਣ ਅਤੇ ਮਹਾਮਾਰੀ ਤੋਂ ਨਿਜਾਤ ਪਾਉਣ ਲਈ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਠੀਕ ਹੋਣ ’ਤੇ ਉਹ ਸਮਾਨ ਨੂੰ ਆਪਣੇ ਕੋਲ ਰੱਖਣ ਦੀ ਬਜਾਏ ਵਾਪਸ ਜਮ੍ਹਾਂ ਜ਼ਰੂਰ ਕਰਵਾ ਦੇਣ ਤਾਂ ਕਿ ਕਿਸੇ ਹੋਰ ਵਿਅਕਤੀ ਦੇ ਕੰਮ ਆ ਸਕੇ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਆਈ. ਓ. ਸੀ ਜਰਮਨੀ ਹੋਰ ਵੀ ਸਮਾਨ ਭਾਰਤ ਭੇਜੇਗੀ, ਉੱਥੇ ਹੀ ਇਸ ਸੇਵਾ ਨੂੰ ਅੱਗੇ ਵਧਾਉਣ ਵਾਲੇ ਲੋਕਾਂ ਅਤੇ ਸਮਾਜਸੇਵੀ ਸੰਗਠਨਾਂ ਨੂੰ ਵਾਜ਼ਬ ਕੀਮਤ 'ਤੇ ਸਮਾਨ ਮੁਹੱਈਆ ਕਰਵਾ ਕੇ ਭਾਰਤ ਭੇਜਣ ਦੀ ਜ਼ਿੰਮੇਵਾਰੀ ਵੀ ਸਾਡੀ ਟੀਮ ਲੈ ਲਵੇਗੀ।
ਪ੍ਰਧਾਨ ਮਿੰਟੂ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ ਅਤੇ ਜੇਕਰ ਚੰਗੇ ਪ੍ਰਬੰਧ ਹੁੰਦੇ ਤਾਂ ਭਾਰਤ ਵਿਚ ਹਜ਼ਾਰਾਂ ਲੋਕ ਆਪਣੀ ਜਾਨ ਨਾ ਗਵਾਉਂਦੇ। ਉਨ੍ਹਾਂ ਅਖ਼ੀਰ ’ਚ ਕਿਹਾ ਕਿ ਲੋਕ ਮੋਦੀ ਸਰਕਾਰ ਤੋਂ ਕੋਈ ਆਸ ਨਾ ਰੱਖਣ ਅਤੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਤੇ ਅਫ਼ਵਾਹਾਂ ਵੱਲ ਧਿਆਨ ਨਾ ਦੇ ਕੇ ਇੱਕ-ਦੂਜੇ ਦੀ ਮੱਦਦ ਕਰਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ