ਬਿਨਾਂ ਇਜ਼ਾਜਤ ਪਾਕਿਸਤਾਨ ਗਈ ਕਬੱਡੀ ਟੀਮ ਹਾਰ ਕੇ ਵਾਪਸ ਪਰਤੀ

02/18/2020 12:10:59 PM

ਅੰਮ੍ਰਿਤਸਰ (ਨੀਰਜ): ਪੂਰੇ ਵਿਸ਼ਵ ਵਿਚ ਸਿਆਸਤੀ, ਰਾਜਨੀਤਕ ਅਤੇ ਵਪਾਰਕ ਪੱਧਰ 'ਤੇ ਭਾਰਤ ਤੋਂ ਹਾਰ ਖਾ ਚੁੱਕਿਆ ਪਾਕਿਸਤਾਨ ਲਾਹੌਰ ਵਿਚ ਆਯੋਜਿਤ ਵਿਸ਼ਵ ਕੱਪ ਕਬੱਡੀ ਮੈਚ 2020 ਵਿਚ ਭਾਰਤੀ ਕਬੱਡੀ ਟੀਮ ਨੂੰ ਹਰਾਉਣ 'ਚ ਕਾਮਯਾਬ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬਕਾਇਦਾ ਭਾਰਤੀ ਕਬੱਡੀ ਟੀਮ ਨੂੰ ਵਿਸ਼ਵ ਕੱਪ ਫਾਈਨਲ 'ਚ ਹਰਾਉਣ ਦਾ ਟਵੀਟ ਕੀਤਾ ਹੈ। ਦੂਜੇ ਪਾਸੇ ਪਾਕਿਸਤਾਨ ਤੋਂ ਹਾਰਨ ਦੇ ਬਾਅਦ ਅਟਾਰੀ ਬਾਰਡਰ ਦੇ ਰਸਤੇ ਵਾਪਸ ਪਰਤੀ ਭਾਰਤੀ ਕਬੱਡੀ ਟੀਮ ਦੇ ਟੀਮ ਮੈਨੇਜਰ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਾਰੇ ਕਬੱਡੀ ਖਿਡਾਰੀ ਇਨਡੀਪੇਂਡੈਂਟ ਵੀਜਾ 'ਤੇ ਪਾਕਿਸਤਾਨ ਵਿਚ ਕਬੱਡੀ ਟੂਰਨਾਮੈਂਟ ਖੇਡਣ ਲਈ ਗਏ ਸਨ। ਇਹ ਟੂਰਨਾਮੈਂਟ ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤਾ ਸੀ। ਭਾਰਤੀ ਖੇਡ ਮੰਤਰਾਲੇ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਕਿਸੇ ਵੀ ਰਾਸ਼ਟਰੀ ਕਬੱਡੀ ਟੀਮ ਨੂੰ ਪਾਕਿਸਤਾਨ 'ਚ ਖੇਡਣ ਦੀ ਇਜ਼ਾਜਤ ਨਹੀਂ ਦਿੱਤੀ ਹੈ। ਇਸ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਸਾਰੇ ਖਿਡਾਰੀ ਫੈੱਡਰੇਸ਼ਨ ਵੱਲੋਂ ਆਮ ਤੌਰ 'ਤੇ ਦੇਸ਼-ਵਿਦੇਸ਼ 'ਚ ਕਬੱਡੀ ਖੇਡਣ ਲਈ ਜਾਂਦੇ ਹਨ। ਇਸ ਵਾਰ ਵੀ ਪਾਕਿਸਤਾਨ ਵਿਚ ਖੇਡਣ ਲਈ ਗਏ ਸਨ। ਇੰਮੀਗਰੇਸ਼ਨ ਵਿਭਾਗ ਅਟਾਰੀ ਵਿਚ ਬਕਾਇਦਾ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਸੀ। ਉਨ੍ਹਾਂ ਨੇ ਕੋਈ ਵੀ ਗੈਰ-ਕਾਨੂਨੀ ਕੰਮ ਨਹੀਂ ਕੀਤਾ ਹੈ। ਬਕਾਇਦਾ ਸਰਕਾਰੀ ਵੀਜ਼ਾ ਲੈ ਕੇ ਸਾਰੇ ਖਿਡਾਰੀ ਪਾਕਿਸਤਾਨ ਗਏ ਸਨ।

ਦੂਜੇ ਪਾਸੇ ਪਾਕਿਸਤਾਨ ਸਰਕਾਰ 16 ਫਰਵਰੀ ਦੀ ਸ਼ਾਮ ਨੂੰ ਹੋਏ ਵਿਸ਼ਵ ਕੱਪ ਕਬੱਡੀ ਟੂਰਨਾਮੈਂਟ 'ਚ ਭਾਰਤੀ ਰਾਸ਼ਟਰੀ ਕਬੱਡੀ ਟੀਮ ਨੂੰ ਹਰਾਉਣ ਦੇ ਜਸ਼ਨ ਮਨਾ ਰਹੀ ਹੈ। ਦਵਿੰਦਰ ਸਿੰਘ ਬਾਜਵਾ ਨੇ ਇਹ ਵੀ ਕਿਹਾ ਕਿ ਪਾਕਿਸਤਾਨ 'ਚ ਖੇਡੇ ਜਾਣ ਵਾਲੇ ਮੈਚਾਂ ਦੌਰਾਨ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਕੋਈ ਵੀ ਕਾਲ ਨਹੀਂ ਕੀਤੀ ਗਈ। ਜੇਕਰ ਭਾਰਤ ਸਰਕਾਰ ਉਨ੍ਹਾਂ ਨੂੰ ਇਹ ਮੈਚ ਖੇਡਣ ਤੋਂ ਮਨਾ ਕਰਦੀ ਅਤੇ ਵਾਪਸ ਬੁਲਾਉਣ ਲਈ ਕਹਿੰਦੀ ਤਾਂ ਉਹ ਪਾਕਿਸਤਾਨ 'ਚ ਕਬੱਡੀ ਮੈਚ ਛੱਡ ਕੇ ਵਾਪਸ ਭਾਰਤ ਆ ਜਾਂਦੇ।

550ਵੇਂ ਪ੍ਰਕਾਸ਼ ਦਿਹਾੜੇ 'ਤੇ ਭਾਰਤ ਸਰਕਾਰ ਦੇ ਸੱਦੇ ਦੇ ਬਾਵਜੂਦ ਨਹੀਂ ਆਈ ਸੀ ਪਾਕਿਸਤਾਨੀ ਟੀਮ
ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਨਵੰਬਰ 2019 ਦੇ ਮਹੀਨੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਵ ਕੱਪ ਕਬੱਡੀ ਮੈਚ ਵਿਚ ਸਰਕਾਰ ਵੱਲੋਂ ਪਾਕਿਸਤਾਨ ਦੀ ਕਬੱਡੀ ਟੀਮ ਨੂੰ ਵੀ ਸੱਦਾ ਦਿੱਤਾ ਗਿਆ ਸੀ। ਲੇਕਿਨ ਪਾਕਿਸਤਾਨ ਦੀ ਟੀਮ ਨੇ ਭਾਰਤ ਵਿਚ ਕੱਬਡੀ ਮੈਚ ਖੇਡਣ ਤੋਂ ਸਾਫ਼ ਮਨਾ ਕਰ ਦਿੱਤਾ ਸੀ।

ਲਾਹੌਰ 'ਚ ਮੈਚ ਦੌਰਾਨ ਖਾਲਿਸਤਾਨੀ ਸਮਰਥਕ ਰਹੇ ਮੌਜੂਦ
ਪਾਕਿਸਤਾਨ ਵੱਲੋਂ ਆਯੋਜਿਤ ਵਿਸ਼ਵ ਕੱਪ ਕਬੱਡੀ ਮੈਚ ਦੇ ਫਾਈਨਲ ਮੈਚ ਜੋ ਕਿ ਲਾਹੌਰ ਵਿਚ ਖੇਡਿਆ ਗਿਆ, ਉਸ 'ਚ ਕਈ ਖਾਲਿਸਤਾਨੀ ਸਮਰਥਕ ਵੀ ਮੌਜੂਦ ਰਹੇ। ਖਾਲਿਸਤਾਨੀ ਝੰਡੇ ਵੀ ਵਿਖਾਈ ਦਿੱਤੇ ਪਰ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਸਿਰਫ ਕੱਬਡੀ ਨਾਲ ਪ੍ਰੇਮ ਕਰਦੇ ਹਨ ਅਤੇ ਕਬੱਡੀ ਖੇਡਣ ਲਈ ਪਾਕਿਸਤਾਨ ਗਏ ਸਨ।


Shyna

Content Editor

Related News