ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੁਲਸ ਖਿਲਾਫ ਰੋਸ-ਪ੍ਰਦਰਸ਼ਨ
Saturday, Apr 07, 2018 - 10:46 AM (IST)

ਫਤਿਹਗੜ੍ਹ ਚੂੜੀਆਂ (ਸਾਰੰਗਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੁਲਸ ਖਿਲਾਫ ਰੋਸ-ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਯੂਨੀਅਨ ਆਗੂਆਂ ਦਲਜੀਤ ਸਿੰਘ ਚਿਤੌੜਗੜ੍ਹ ਬਲਾਕ ਸਕੱਤਰ, ਹੀਰਾ ਸਿੰਘ ਚੱਕ ਸਿਕੰਦਰ ਜ਼ਿਲਾ ਪ੍ਰਧਾਨ ਅੰਮ੍ਰਿਤਸਰ, ਰਛਪਾਲ ਸਿੰਘ ਟਰਪਈ, ਜਸਪਾਲ ਸਿੰਘ ਧੰਗਾਈ, ਜਗਬੀਰ ਸਿੰਘ ਧੰਗਾਈ, ਦਿਲਬਾਗ ਸਿੰਘ ਘਣੀਏ-ਕੇ-ਬਾਂਗਰ, ਰਣਜੀਤ ਸਿੰਘ, ਨਿਸ਼ਾਨ ਸਿੰਘ ਮੀਤ ਪ੍ਰਧਾਨ ਬਲਾਕ ਫਤਿਹਗੜ੍ਹ ਚੂੜੀਆਂ, ਧੀਰ ਸਿੰਘ ਘਣੀਏ-ਕੇ-ਬਾਂਗਰ, ਦਲਬੀਰ ਸਿੰਘ, ਅਜੀਤ ਸਿੰਘ ਖੋਖਰ, ਕ੍ਰਿਪਾਲ ਸਿੰਘ ਆਦਿ ਨੇ ਸਾਂਝੇ ਤੌਰ 'ਤੇ ਰੋਸ ਭਰੇ ਲਹਿਜੇ 'ਚ ਕਿਹਾ ਕਿ ਪਿੰਡ ਘਣੀਏ-ਕੇ-ਬਾਂਗਰ ਦੇ ਕਿਸਾਨ ਨਿਸ਼ਾਨ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਸੰਤਾ ਸਿੰਘ ਦੇ ਕੰਮਾਂ ਸੰਬੰਧੀ ਥਾਣਾ ਘਣੀਏ-ਕੇ-ਬਾਂਗਰ ਦੇ ਐੱਸ. ਐੱਚ. ਓ. ਨਾਲ ਮਿਲ ਕੇ ਦਰਖਾਸਤਾਂ ਦਿੱਤੀਆਂ ਸੀ, ਜਿਸ 'ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਜਥੇਬੰਦੀ 'ਚ ਪੁਲਸ ਪ੍ਰਤੀ ਭਾਰੀ ਰੋਸ ਹੈ ਕਿਉਂਕਿ ਪੁਲਸ ਨੇ 7 ਦਿਨਾਂ 'ਚ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਅਜਿਹਾ ਨਾ ਹੋਣ ਕਾਰਨ ਅੱਜ ਉਹ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ ਹਨ।
ਯੂਨੀਅਨ ਆਗੂਆਂ ਨੇ ਅੱਗੇ ਕਿਹਾ ਕਿ ਯੂਨੀਅਨ ਵੱਲੋਂ ਥਾਣਾ ਘਣੀਏ- ਕੇ-ਬਾਂਗਰ ਵਿਰੁੱਧ ਕੀਤੇ ਜਾ ਰਹੇ ਰੋਸ-ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਰਵਿੰਦਰ ਕੁਮਾਰ ਸ਼ਰਮਾ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਕੱਲ ਸ਼ਾਮ ਤੱਕ ਜਥੇਬੰਦੀ ਨੂੰ ਇਨਸਾਫ ਦੇ ਦਿੱਤਾ ਜਾਵੇਗਾ। ਇਸ ਦੌਰਾਨ ਜਥੇਬੰਦੀ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਕੱਲ ਦੀ ਸ਼ਾਮ ਤੱਕ ਕਿਸਾਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਤੇਜ਼ ਕਰਨਗੇ।