ਪੰਜਾਬ ਪੁਲਸ ਦੇ ਨਾਲ-ਨਾਲ ਭਾਰਤੀ ਸੈਨਾ ਅਤੇ ਬੀ. ਐੱਸ. ਐੱਫ. ਦੀਆਂ ਏਜੰਸੀਆਂ ਨੂੰ ਵੀ ਚੌਕਸ ਰਹਿਣ ਦੀ ਜ਼ਰੂਰਤ

12/26/2017 1:36:34 AM

ਫਿਰੋਜ਼ਪੁਰ(ਕੁਮਾਰ)-ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਭਾਰਤ-ਪਾਕਿ ਬਾਰਡਰ 'ਤੇ ਵੱਸਿਆ ਸ਼ਹਿਰ ਹੈ ਅਤੇ ਹੁਸੈਨੀਵਾਲਾ ਜੁਆਇੰਟ ਚੈੱਕ ਪੋਸਟ ਜ਼ੀਰੋ ਲਾਈਨ ਤੋਂ 6-7 ਕਿਲੋਮੀਟਰ ਦੀ ਦੂਰੀ 'ਤੇ ਹੈ। ਫਿਰੋਜ਼ਪੁਰ ਵਿਚ ਭਾਰਤੀ ਸੈਨਾ ਅਤੇ ਇਥੇ ਬੀ. ਐੱਸ. ਐੱਫ. ਦਾ ਹੈੱਡ ਕੁਆਰਟਰ ਵੀ ਹੈ। ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੇ ਰਸਤੇ ਪਾਕਿਸਤਾਨ ਭਾਰਤੀ ਸਮੱਗਲਰਾਂ ਨਾਲ ਮਿਲ ਕੇ ਲਗਾਤਾਰ ਹੈਰੋਇਨ ਤੇ ਹਥਿਆਰਾਂ ਦੀ ਖੇਪ ਭੇਜਦਾ ਰਹਿੰਦਾ ਹੈ ਅਤੇ ਹਰੇਕ ਸਾਲ ਇਸ ਬਾਰਡਰ 'ਤੇ ਕਈ ਕੁਇੰਟਲ ਹੈਰੋਇਨ, ਹਥਿਆਰ, ਅੱਤਵਾਦੀ, ਜਾਸੂਸ ਤੇ ਪਾਕਿਸਤਾਨੀ ਮੋਬਾਇਲ ਫੋਨ ਦੀਆਂ ਸਿਮਾਂ ਆਦਿ ਫੜੀਆਂ ਜਾਂਦੀਆਂ ਹਨ। ਕਈ ਵਾਰ ਸੁਰਾਗ ਨਾ ਲੱਗਣ 'ਤੇ ਇਸ ਬਾਰਡਰ ਦੇ ਰਸਤੇ ਕਰੋੜਾਂ ਰੁਪਏ ਦੀ ਹੈਰੋਇਨ ਸਮੱਗਲਰਾਂ ਰਾਹੀਂ ਅੰਤਰਰਾਸ਼ਟਰੀ ਪੱਧਰ 'ਤੇ ਡਲਿਵਰ ਹੋ ਜਾਂਦੀ ਹੈ। 1965 ਅਤੇ 1971 ਦੀ ਭਾਰਤ-ਪਾਕਿ ਜੰਗ ਦੌਰਾਨ ਪਾਕਿਸਤਾਨ ਲਈ ਫਿਰੋਜ਼ਪੁਰ ਮੁੱਖ ਰੂਪ ਤੋਂ ਪਾਕਿਸਤਾਨੀ ਸੈਨਾ ਦੀਆਂ ਨਜ਼ਰਾਂ ਵਿਚ ਨਿਸ਼ਾਨਾ ਰਿਹਾ ਹੈ ਅਤੇ 1971 ਦੀ ਭਾਰਤ-ਪਾਕਿ ਜੰਗ ਵਿਚ ਪਾਕਿ ਸੈਨਾ ਨੇ ਫਿਰੋਜ਼ਪੁਰ ਸ਼ਹਿਰ ਛਾਉਣੀ ਵਿਚ ਦਾਖਲ ਹੋਣ ਅਤੇ ਕਬਜ਼ਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਸੀ ਪਰ ਭਾਰਤੀ ਸੈਨਾ ਅਤੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਪਾਕਿ ਸੈਨਾ ਦੇ ਸਾਰੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਅਤੇ 1971 ਦੀ ਭਾਰਤ-ਪਾਕਿ ਜੰਗ ਸਮੇਂ ਤੋਂ ਹੁਸੈਨੀਵਾਲਾ ਬਾਰਡਰ ਬੰਦ ਕਰ ਲਿਆ।
ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਦੀਆਂ ਸੜਕਾਂ 'ਤੇ ਸਾਲਾਂ ਤੋਂ ਪਾਗਲਾਂ ਦੇ ਭੇਸ ਵਿਚ ਕਈ ਲੋਕ ਘੁੰਮਦੇ ਰਹਿੰਦੇ ਹਨ ਅਤੇ ਸੜਕਾਂ 'ਤੇ ਹੀ ਰਾਤ ਕੱਟਦੇ ਹਨ। ਬੇਸ਼ੱਕ ਇਹ ਲੋਕ ਪਾਗਲ ਹੋ ਸਕਦੇ ਹਨ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਵਿਚੋਂ ਕੁਝ ਪਾਗਲਾਂ ਦੇ ਭੇਸ ਵਿਚ ਸੜਕਾਂ 'ਤੇ ਬੈਠੇ ਪਾਕਿ ਏਜੰਸੀ ਆਈ. ਐੱਸ. ਆਈ. ਦੇ ਏਜੰਟ ਤਾਂ ਨਹੀਂ। ਕਈ ਅਜਿਹੇ ਪਾਗਲ ਸ਼ਹਿਰ ਛਾਉਣੀ ਵਿਚ ਜਗ੍ਹਾ ਬਦਲ ਕੇ ਕਈ-ਕਈ ਮਹੀਨੇ ਸੜਕਾਂ 'ਤੇ ਬੈਠੇ ਰਹਿੰਦੇ ਹਨ। ਰਾਤ ਸਮੇਂ ਅਜਿਹੇ ਪਾਗਲ ਲੋਕ ਕਿਥੇ-ਕਿਥੇ ਘੁੰਮਦੇ ਹਨ ਅਤੇ ਕੀ ਕਰਦੇ ਹਨ, ਇਸ ਵੱਲ ਭਾਰਤੀ ਸੈਨਾ ਅਤੇ ਬੀ. ਐੱਸ. ਐੱਫ. ਦੀਆਂ ਏਜੰਸੀਆਂ ਕੋਈ ਵਿਸ਼ੇਸ਼ ਧਿਆਨ ਨਹੀਂ ਦਿੰਦੀਆਂ ਅਤੇ ਇਹ ਸਾਰਾ ਕੰਮ ਪੰਜਾਬ ਪੁਲਸ 'ਤੇ ਛੱਡ ਦਿੱਤਾ ਜਾਂਦਾ ਹੈ। ਫਿਰੋਜ਼ਪੁਰ ਛਾਉਣੀ 'ਚ ਆਵਾਰਾ ਘੁੰਮਦੇ ਅਤੇ ਸੜਕਾਂ 'ਤੇ ਬੈਠੇ ਪਾਗਲਾਂ ਦੀ ਮੈਡੀਕਲ ਜਾਂਚ ਅਤੇ ਉਨ੍ਹਾਂ ਦੀ ਪਛਾਣ ਦੀ ਬਕਾਇਦਾ ਜਾਂਚ ਹੋਣੀ ਚਾਹੀਦੀ ਹੈ।  ਕੁਝ ਸਾਲ ਬਾਅਦ ਸ਼ਹਿਰ ਤੇ ਛਾਉਣੀ 'ਚ ਘੁੰਮ ਰਹੇ ਪਾਗਲ ਗਾਇਬ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਜਗ੍ਹਾ 'ਤੇ ਨਵੇਂ ਪਾਗਲ ਆ ਜਾਂਦੇ ਹਨ, ਅੱਜ ਤੱਕ ਫਿਰੋਜ਼ਪੁਰ ਸ਼ਹਿਰ 'ਚ ਕਈ ਪਾਗਲ ਆਏ ਅਤੇ ਕੁਝ ਸਮੇਂ ਬਾਅਦ ਉਹ ਕਿਥੇ ਗਾਇਬ ਹੋ ਗਏ, ਇਹ ਇਕ ਭੇਤ ਬਣਿਆ ਹੋਇਆ ਹੈ। 
ਸੂਤਰਾਂ ਦੀ ਮੰਨੀਏ ਤਾਂ ਪਾਕਿ ਏਜੰਸੀ ਆਈ. ਐੱਸ. ਆਈ. ਵੱਲੋਂ ਆਪਣੇ ਜਾਸੂਸਾਂ ਨੂੰ ਪਾਗਲ ਬਣਾ ਕੇ ਸੜਕਾਂ 'ਤੇ ਘੁੰਮਣ ਅਤੇ ਬੈਠੇ ਰਹਿਣ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਇਹ ਜਾਸੂਸ ਪਾਗਲ ਬਣ ਕੇ ਦਿਨ ਸਮੇਂ ਲੋਕਾਂ ਕੋਲੋਂ ਹਮਦਰਦੀ ਹਾਸਲ ਕਰਦੇ ਹਨ ਅਤੇ ਰਾਤ ਵੇਲੇ ਆਪਣਾ ਜਾਸੂਸੀ ਦਾ ਆਪ੍ਰੇਸ਼ਨ ਚਲਾਉਂਦੇ ਹਨ। 


Related News