ਪਾਕਿਸਤਾਨ ਖਿਲਾਫ ਕਾਰਵਾਈ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ (ਵੀਡੀਓ)
Tuesday, Feb 26, 2019 - 05:55 PM (IST)
ਜਲੰਧਰ/ਪਠਾਨਕੋਟ— ਪਾਕਿਸਤਾਨ 'ਤੇ ਭਾਰਤੀ ਹਵਾਈ ਫੌਜ ਦੀ ਵੱਡੀ ਕਾਰਵਾਈ ਤੋਂ ਬਾਅਦ ਪੰਜਾਬ 'ਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਆਦਮਪੁਰ ਏਅਰਪੋਰਟ, ਹਲਵਾਰਾ, ਪਠਾਨਕੋਟ ਏਅਰਬੇਸ 'ਤੇ ਪੁਲਸ ਦੀ ਚੌਕਸੀ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇੰਡੋ-ਪਾਕਿ ਬਾਰਡਰ ਅਤੇ ਜੰਮੂ-ਕਸ਼ਮੀਰ ਦੇ ਨਾਲ ਲੱਗਦੇ ਪਠਾਨਕੋਟ ਜ਼ਿਲੇ ਦੇ ਸਰਹੱਦੀ ਇਲਾਕਿਆਂ 'ਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਬਮਿਆਲ ਦੇ ਸਰਹੱਦੀ ਇਲਾਕਿਆਂ 'ਚ ਪੈਂਦੇ ਪੁਲਸ ਨਾਕਿਆਂ 'ਤੇ ਵੀ ਪੁਲਸ ਦੀ ਚੌਕਸੀ ਵਧਾਈ ਗਈ ਹੈ। ਰਾਵੀ ਦਰਿਆ 'ਤੇ ਲਗਾਏ ਗਏ ਨਾਕੇ ਦੇ ਇੰਚਾਰਜ ਦਲਬੀਰ ਕੁਮਾਰ ਨੇ ਦੱਸਿਆ ਸੈਨਾ ਦੇ ਜਵਾਨ ਹਰ ਨਾਕੇ 'ਤੇ ਤਾਇਨਾਤ ਕੀਤੇ ਗਏ ਹਨ ਤਾਂਕਿ ਕੋਈ ਵੀ ਸ਼ਰਾਰਤੀ ਅਨਸਰ ਸਰਹੱਦ ਦੇ ਰਸਤੇ ਪੰਜਾਬ 'ਚ ਦਾਖਲ ਨਾ ਹੋ ਸਕੇ।
ਹਵਾਈ ਫੌਜ ਦੇ ਸੂਤਰਾਂ ਨੇ ਕਿਹਾ ਕਿ ਭਾਰਤੀ ਲੜਾਕੂ ਜਹਾਜ਼ਾਂ ਨੇ ਪੰਜਾਬ ਦੇ ਆਦਮਪੁਰ ਤੋਂ ਉਡਾਣ ਭਰੀ ਸੀ। 14 ਫਰਵਰੀ ਨੂੰ ਕੀਤੇ ਗਏ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ 'ਚ ਤਣਾਅ ਜਾਰੀ ਹੈ। ਇਸ ਦਰਮਿਆਨ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਮੰਗਲਵਾਰ ਤੜਕੇ 3.30 ਦੇ ਕਰੀਬ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਪੀ. ਓ. ਕੇ. 'ਚ ਦਾਖਲ ਹੋ ਕੇ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਹਮਲੇ ਕੀਤੇ। ਸੂਤਰਾਂ ਦੀ ਮੰਨੀਏ ਤਾਂ ਇਸ ਦੂਜੀ ਸਟਰਾਈਕ 'ਚ 300 ਦੇ ਕਰੀਬ ਅੱਤਵਾਦੀ ਮਾਰੇ ਗਏ ਹਨ।
ਟੀ. ਵੀ. ਰਿਪੋਰਟ ਮੁਤਾਬਕ ਇਸ ਹਮਲੇ 'ਚ ਪੀ. ਓ. ਕੇ. ਦੇ ਬਾਲਾਕੋਟ-ਚਕੌਟੀ 'ਚ ਅੱਤਵਾਦੀਆਂ ਦੇ ਲਾਂਚ ਪੈਡ ਅਤੇ ਜੈਸ਼-ਏ-ਮੁਹੰਮਦ ਦਾ ਅਲਫਾ-3 ਕੰਟਰੋਲ ਰੂਮ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਅੱਤਵਾਦੀ ਕੈਂਪਾਂ 'ਤੇ ਲੜਾਕੂ ਜਹਾਜ਼ਾਂ ਜ਼ਰੀਏ ਇਕ ਹਜ਼ਾਰ ਕਿਲੋ ਬੰਬ ਸੁੱਟੇ ਗਏ ਹਨ। ਸੂਤਰਾਂ ਮੁਤਾਬਕ, ਭਾਰਤੀ ਹਵਾਈ ਫੌਜ ਨੇ 12 ਮਿਰਾਜ ਲੜਾਕੂ ਜਹਾਜ਼ਾਂ ਜ਼ਰੀਏ ਹਵਾਈ ਸਟ੍ਰਾਈਕ ਕੀਤੀ ਹੈ। ਸੂਤਰਾਂ ਮੁਤਾਬਕ, ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਪਾਰ ਬਾਲਾਕੋਟ, ਚਕੋਟੀ, ਮੁਜ਼ੱਫਰਾਬਾਦ 'ਚ ਜੈਸ਼ ਦੇ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ ਹੈ। ਬਾਲਾਕੋਟ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾਹ 'ਚ ਸਥਿਤ ਹੈ।
ਪਾਕਿਸਤਾਨ ਦੀ ਜਵਾਬੀ ਕਾਰਵਾਈ ਦਾ ਜਵਾਬ ਦੇਣ ਨੂੰ ਲੈ ਕੇ ਬੀ. ਐੱਸ. ਐੱਫ., ਆਰਮੀ ਅਤੇ ਹਵਾਈ ਫੌਜ ਸਭ ਅਲਰਟ 'ਤੇ ਹਨ। ਸਰਹੱਦ 'ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਮੁਤਾਬਕ, ਭਾਰਤ ਦੀ ਕਾਰਵਾਈ ਤੋਂ ਡਰੇ ਪਾਕਿਸਤਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਸੁਰੱਖਿਅਤ ਜਗ੍ਹਾ 'ਤੇ ਸ਼ਿਫਟ ਕਰ ਦਿੱਤਾ ਹੈ। ਉਥੇ ਹੀ ਪਾਕਿਸਤਾਨੀ ਫੌਜ ਨੇ ਵੀ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਫੌਜ ਨੇ ਭਾਰਤ-ਪਾਕਿ ਕੰਟਰੋਲ ਰੇਖਾ (ਐੱਲ. ਓ. ਸੀ.) ਦੀ ਉਲੰਘਣਾ ਕਰਕੇ ਉਨ੍ਹਾਂ ਦੀ ਸਰਹੱਦ 'ਚ ਦਾਖਲ ਕਰਨ ਦੀ ਕੋਸ਼ਿਸ਼ ਕੀਤੀ।