ਭਾਰਤ ਸਰਕਾਰ ਘੱਟਗਿਣਤੀਆਂ ਦੇ ਮਸਲਿਆਂ ’ਤੇ ਜਾਣਬੁਝ ਕੇ ਅਪਣਾ ਰਹੀ ਹੈ ਨਕਾਰਾਤਮਕ ਰਵੱਈਆ : ਐਡਵੋਕੇਟ ਧਾਮੀ

Friday, Feb 19, 2021 - 06:17 PM (IST)

ਅੰਮ੍ਰਿਤਸਰ (ਦੀਪਕ ਸ਼ਰਮਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਭਾਰਤ ਸਰਕਾਰ ਦੇਸ਼ ਅੰਦਰ ਵੱਸਦੇ ਘੱਟਗਿਣਤੀ ਭਾਈਚਾਰਿਆਂ ਅਤੇ ਖ਼ਾਸਕਰ ਸਿੱਖਾਂ ਨਾਲ ਬੇਗਾਨਿਆਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਘੱਟਗਿਣਤੀਆਂ ਨਾਲ ਸਬੰਧਤ ਮਸਲਿਆਂ ’ਤੇ ਨਕਾਰਾਤਮਕ ਰਵੱਈਆ ਕੇਂਦਰ ਦੀ ਨੀਤੀ ਬਣਦੀ ਜਾ ਰਹੀ ਹੈ, ਜੋ ਦੇਸ਼ ਦੇ ਲੋਕਤੰਤਰ ਲਈ ਠੀਕ ਨਹੀਂ ਹੈ। ਹਾਲ ਹੀ ਵਿਚ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪਾਕਿ ਭੇਜੇ ਜਾਣ ਵਾਲੇ ਜਥੇ ’ਤੇ ਰੋਕ ਲਗਾ ਕੇ ਭਾਰਤ ਸਰਕਾਰ ਨੇ ਆਪਣੀ ਸਿੱਖ ਵਿਰੋਧੀ ਨੀਤੀ ਦਾ ਪ੍ਰਗਟਾਵਾ ਕੀਤਾ ਹੈ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ  

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਕਿਹਾ ਕਿ ਜਦੋਂ ਇਸ ਜਥੇ ਲਈ ਕਾਰਵਾਈ ਚੱਲ ਰਹੀ ਸੀ, ਤਾਂ ਉਸ ਵਕਤ ਭਾਰਤ ਸਰਕਾਰ ਦੀ ਜਾਗ ਕਿਉਂ ਨਾ ਖੁੱਲ੍ਹੀ। ਵੀਜ਼ੇ ਜਾਰੀ ਹੋਣ ਬਾਅਦ ਜਦੋਂ ਸ਼ਰਧਾਲੂ ਸ੍ਰੀ ਨਨਕਾਣਾ ਸਾਹਿਬ ਜਾਣ ਲਈ ਸ੍ਰੀ ਅੰਮ੍ਰਿਤਸਰ ਪੁੱਜ ਗਏ ਸਨ, ਤਾਂ ਉਸ ਸਮੇਂ ਸੁਰੱਖਿਆ ਅਤੇ ਕੋਵਿਡ-19 ਦਾ ਬਹਾਨਾ ਬਣਾ ਕੇ ਜਥੇ ਨੂੰ ਰੋਕਣ ਦਾ ਫ਼ੈਸਲਾ ਸਵਾਲ ਪੈਦਾ ਕਰਨ ਵਾਲਾ ਹੈ। ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਨੂੰ ਕਿਸੇ ਰਾਜਸੀ ਪਾਰਟੀ ਦੇ ਏਜੰਡੇ ਤਹਿਤ ਕੰਮ ਨਹੀਂ ਕਰਨਾ ਚਾਹੀਦਾ, ਸਗੋਂ ਦੇਸ਼ ਦੇ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਹਰ ਵਰਗ ਅਤੇ ਭਾਈਚਾਰੇ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਇਸ ਦੇਸ਼ ਅੰਦਰ ਸਿੱਖਾਂ ਦੇ ਯੋਗਦਾਨ ਨੂੰ ਕਦੇ ਵੀ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ। 

ਪੜ੍ਹੋ ਇਹ ਵੀ ਖ਼ਬਰ - ਦਿੱਲੀ ਧਰਨੇ ’ਤੋਂ ਵਾਪਸ ਪਰਤ ਰਹੇ ਕਿਸਾਨ ਦੀ ਸਿਹਤ ਖ਼ਰਾਬ ਹੋਣ ਕਰਕੇ ਰਸਤੇ ’ਚ ਹੋਈ ਮੌਤ

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਸਰਕਾਰ ਦੇ ਜ਼ਿੰਮੇਵਾਰ ਮੰਤਰੀਆਂ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਦੇਸ਼ ਦੀ ਸੁਰੱਖਿਆ ਅਤੇ ਸੱਭਿਆਚਾਰਕ ਖ਼ਾਸੇ ਨੂੰ ਬਚਾਉਣ ਲਈ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਦੇਸ਼ ਲਈ 80 ਫੀਸਦੀ ਤੋਂ ਵੱਧ ਸ਼ਹਾਦਤਾਂ ਸਿੱਖਾਂ ਦੇ ਹਿੱਸੇ ਆਈਆਂ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਇਤਿਹਾਸ ਵੱਲੋਂ ਅੱਖਾਂ ਬੰਦ ਕਰਕੇ ਫ਼ੈਸਲੇ ਲੈ ਰਹੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਸਿੱਖਾਂ ਲਈ ਪਾਵਨ ਅਸਥਾਨ ਹੈ। ਇਸ ਦੇ ਦਰਸ਼ਨਾਂ ਲਈ ਸੰਗਤਾਂ ਅੰਦਰ ਚਾਅ ਅਤੇ ਭਾਵਨਾਤਮਕ ਖਿੱਚ ਹੁੰਦੀ ਹੈ। ਸ਼ਹੀਦੀ ਸਾਕੇ ਦੀ ਸ਼ਤਾਬਦੀ ਦਾ ਇਤਿਹਾਸਕ ਅਵਸਰ ਸਿੱਖ ਸੰਗਤਾਂ ਲਈ ਬੇਹੱਦ ਖ਼ਾਸ ਮੌਕਾ ਹੈ ਪਰ ਭਾਰਤ ਸਰਕਾਰ ਇਸ ਵਿਚ ਸੰਗਤਾਂ ਦੀ ਸ਼ਮੂਲੀਅਤ ਰੋਕ ਕੇ ਇਸ ਇਤਿਹਾਸਕ ਮੌਕੇ ਦਾ ਸੰਗਤਾਂ ਨੂੰ ਗਵਾਹ ਬਣਨ ਤੋਂ ਰੋਕ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਫਿਰੋਜ਼ਪੁਰ: BSF ਦੇ ਜਵਾਨਾਂ ਨੇ ਪਾਕਿ ਤਸਕਰਾਂ ਨੂੰ ਭਜਾਉਣ ਲਈ ਕੀਤੀ ਗੋਲੀਬਾਰੀ, ਹੱਥ ਲੱਗੀ ਕਰੋੜਾਂ ਦੀ ਹੈਰੋਇਨ

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਅਜਿਹੇ ਆਪ ਹੁਦਰੇ ਫ਼ੈਸਲੇ ਨਹੀਂ ਲੈਣੇ ਚਾਹੀਦੇ ਅਤੇ ਹਰ ਧਰਮ ਤੇ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਭਾਰਤ ਸਰਕਾਰ ਨੂੰ ਇਸ ਫ਼ੈਸਲੇ ’ਤੇ ਮੁੜ ਗੌਰ ਕਰਨਾ ਚਾਹੀਦਾ ਹੈ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਲਿਖੇ ਗਏ ਪੱਤਰ ਤਹਿਤ 21 ਫ਼ਰਵਰੀ ਵਾਲੇ ਸ੍ਰੀ ਨਨਕਾਣਾ ਸਾਹਿਬ ਵਿਖੇ ਹੋ ਰਹੇ ਸਮਾਗਮ ’ਚ ਸੰਗਤਾਂ ਦੀ ਸ਼ਮੂਲੀਅਤ ਲਈ ਸੰਜੀਦਗੀ ਦਿਖਾਉਣੀ ਚਾਹੀਦੀ ਹੈ।

ਪੜ੍ਹੋ ਇਹ ਵੀ ਖ਼ਬਰ - ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਤੋਂ ਪਰੇਸ਼ਾਨ ਨੌਜਵਾਨ ਵਲੋਂ ਖੁਦਕੁਸ਼ੀ, ਸੁਸਾਈਡ ਨੋਟ ’ਚ ਕਹੀ ਇਹ ਗੱਲ


rajwinder kaur

Content Editor

Related News