ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਮੋਹਾਲੀ ਤੋਂ ਸੂਬਾ ਪੱਧਰੀ 'ਮੇਰਾ ਸ਼ਹਿਰ-ਮੇਰਾ ਮਾਣ' ਮੁਹਿੰਮ ਦੀ ਸ਼ੁਰੂਆਤ
Friday, Aug 26, 2022 - 04:19 PM (IST)
ਮੋਹਾਲੀ (ਪਰਦੀਪ) : ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਅੱਜ ਜ਼ਿਲ੍ਹਾ ਮੋਹਾਲੀ ਤੋਂ 'ਮੇਰਾ ਸ਼ਹਿਰ-ਮੇਰਾ ਮਾਣ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਐੱਸ. ਏ. ਐੱਸ. ਨਗਰ ਦੇ 3ਬੀ2 ਸਥਿਤ ਅੰਬੇਡਕਰ ਭਵਨ ਵਿਖੇ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਹਾਜ਼ਰੀ 'ਚ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆl ਇਸ ਮੌਕੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਵੀ ਹਾਜ਼ਰ ਸਨl 'ਮੇਰਾ ਸ਼ਹਿਰ-ਮੇਰਾ ਮਾਣ' ਮੁਹਿੰਮ ਦੀ ਸ਼ੁਰੂਆਤ ਕਰਦਿਆਂ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਸੀਵਰੇਜ ਸੜਕਾਂ ਦੀ ਸਫ਼ਾਈ ਦਾ ਮੁਆਇਨਾ ਲਿਆ ਗਿਆ। ਇਸ ਦੇ ਨਾਲ ਹੀ ਪਾਰਕਾਂ 'ਚ ਹੁੰਦੀ ਸਾਫ਼-ਸਫ਼ਾਈ ਦਾ ਵੀ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ l
ਵਧੇਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ 'ਮੇਰਾ ਸ਼ਹਿਰ-ਮੇਰਾ ਮਾਣ' ਮੁਹਿੰਮ ਦੀ ਕਲਪਨਾ ਸਾਫ਼-ਸੁਥਰੇ ਅਤੇ ਹਰੇ ਭਰੇ ਸ਼ਹਿਰਾਂ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਹੈ, ਜਿੱਥੇ ਸਵੱਛਤਾ ਅਤੇ ਸਫ਼ਾਈ ਜੀਵਨ ਦਾ ਇੱਕ ਤਰੀਕਾ ਹੈ। ਸਵੱਛਤਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਵਸਨੀਕਾਂ ਨੂੰ ਵਧੀਆ ਜੀਵਨ ਪੱਧਰ ਪ੍ਰਦਾਨ ਕਰਨਾ ਇਸ ਮੁਹਿੰਮ ਦਾ ਮੁੱਖ ਮਕਸਦ ਹੈ। ਉਨ੍ਹਾਂ ਦੱਸਿਆ ਕਿ ਅੱਜ ਤੋਂ ਹੀ ਜ਼ਿਲ੍ਹਾ ਐੱਸ. ਏ. ਐੱਸ. ਨਗਰ ਤੋਂ ਇਲਾਵਾ ਸੂਬੇ ਦੀਆਂ 12 ਨਗਰ ਨਿਗਮਾਂ ਅਤੇ ਕਲਾਸ-1 ਯੂ. ਐੱਲ. ਬੀਜ 'ਚ ਵੀ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।