ਅੰਮ੍ਰਿਤਸਰ ਦੇ ਗੁਰਦੁਆਰਾ ਬੇਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ, ਪਹੁੰਚੀਆਂ ਸਿੱਖ ਜਥੇਬੰਦੀਆਂ
Saturday, May 21, 2022 - 10:56 PM (IST)
ਹਰਸ਼ਾ ਛੀਨਾ/ਭਿੰਡੀ ਸੈਦਾਂ (ਭੱਟੀ/ਗੁਰਜੰਟ)-ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਧਰਮਕੋਟ ਦੇ ਇਤਿਹਾਸਕ ਗੁਰਦੁਆਰਾ ਬਾਬਾ ਬੇਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਰਖਵਾਏ ਗਏ ਸਹਿਜ ਪਾਠ ਕਰਨ ਲਈ ਦੁਪਹਿਰ 3 ਕੁ ਵਜੇ ਗ੍ਰੰਥੀ ਆਇਆ ਤਾਂ ਉਸ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਂ ਰੁਮਾਲਾ ਸਾਹਿਬ ਚੁੱਕਿਆ ਤਾਂ ਉਸ ਦੇ ਇਕਦਮ ਹੋਸ਼ ਉੱਡ ਗਏ। ਉਸ ਨੇ ਦੇਖਿਆ ਕਿ ਸ੍ਰੀ ਗੁਰੂ ਗੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੀ ਹੋਈ ਹੈ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ’ਚ ਲਾਏ ਗਏ ਸੀ.ਸੀ.ਟੀ.ਵੀ. ਕੈਮਰਿਆ ਦੀ ਰਿਕਾਰਡਿੰਗ ਚੈੱਕ ਕੀਤੀ ਗਈ ਤਾਂ ਉਸ ’ਚ ਪਿੰਡ ਧਰਮਕੋਟ ਦੇ ਮੱਸਾ ਸਿੰਘ ਪੁੱਤਰ ਚੰਨਣ ਸਿੰਘ ਦੀ ਫੋਟੋ ਆ ਗਈ, ਜੋ ਗੁਰਦੁਆਰਾ ਸਾਹਿਬ ਵਿਖੇ ਹੀ ਦੁਪਹਿਰ ਵੇਲੇ ਰੋਜ਼ਾਨਾ ਆਉਂਦਾ ਹੁੰਦਾ ਸੀ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪੈਟਰੋਲ 9.50 ਰੁਪਏ ਤੇ ਡੀਜ਼ਲ 7 ਰੁਪਏ ਕੀਤਾ ਸਸਤਾ
ਵੇਖਣ ’ਤੇ ਪਤਾ ਲੱਗਾ ਕਿ ਉਸ ਨੇ ਚਾਕੂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 39 ਅੰਗ ਪਾੜ ਦਿੱਤੇ ਹਨ, ਜਦਕਿ ਗੁਰਦੁਆਰਾ ਦੀ ਕਮੇਟੀ ਵੱਲੋਂ ਇਸ ਘਟਨਾ ਦੀ ਸੂਚਨਾ ਤੁਰੰਤ ਥਾਣਾ ਭਿੰਡੀ ਸੈਦਾਂ ਨੂੰ ਦਿੱਤੀ ਗਈ, ਜਿਸ ’ਤੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਨੇ ਤੁਰੰਤ ਪੁਲਸ ਪਾਰਟੀ ਨਾਲ ਪਹੁੰਚ ਕੇ ਦੋਸ਼ੀ ਨੂੰ ਕਾਬੂ ਲਿਆ। ਇਸ ਘਟਨਾ ਨੂੰ ਲੈ ਕੇ ਸੰਗਤ ’ਚ ਬਹੁਤ ਰੋਸ ਹੈ। ਇਸ ਘਟਨਾ ਦਾ ਜਾਇਜ਼ਾ ਲੈਣ ਲਈ ਡੀ. ਐੱਸ. ਪੀ. ਅਟਾਰੀ ਬਲਬੀਰ ਸਿੰਘ ਅਤੇ ਐੱਸ. ਪੀ. ਗੁਰਮੀਤ ਸਿੰਘ ਚਾਹਲ ਮੌਕੇ ’ਤੇ ਪਹੁੰਚੇ। ਉਧਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਾਬਾ ਕੁਲਬੀਰ ਸਿੰਘ ਨੇ ਦੱਸਿਆ ਕੇ ਬੇਅਦਬੀ ਕਰਨ ਵਾਲੇ ਮੱਸਾ ਸਿੰਘ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹ ਗਾਲੀ-ਗਲੋਚ ਕਰਨ ਲੱਗ ਪਏ ਤੇ ਬੜੀ ਮੁਸ਼ਕਿਲ ਨਾਲ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬਚਾਇਆ।
ਕਈ ਸਿੱਖ ਜਥੇਬੰਦੀਆਂ ਦੇ ਆਗੂ ਗੁਰਦੁਆਰਾ ਸਾਹਿਬ ਪਹੁੰਚੇ
ਉਧਰ ਦਮਦਮੀ ਟਕਸਾਲ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਹੋਰ ਸਿੱਖ ਜਥੇਬੰਦੀਆ ਦੇ ਆਗੂ ਸਾਹਿਬਾਨ ਗੁਰਦੁਆਰਾ ਸਾਹਿਬ ਵਿਖੇ ਪਹੁੰਚਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਇਸ ਘਿਨਾਉਣੀ ਕਾਰਵਾਈ ਕਰਨ ਵਾਲੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।