ਪੰਜਾਬ ਵਿਚ ਪੈਟਰੋਲ-ਡੀਜ਼ਲ ਦਾ ਵਧਿਆ ਰੇਟ, ਪ੍ਰਾਪਰਟੀ ਵੀ ਹੋਈ ਮਹਿੰਗੀ
Tuesday, Jan 12, 2021 - 12:42 PM (IST)
ਚੰਡੀਗੜ੍ਹ(ਅਸ਼ਵਨੀ) - ਸੂਬੇ ਵਿਚ ਸਮੁੱਚੇ ਤੌਰ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਸੋਮਵਾਰ ਨੂੰ ਵਿਸ਼ੇਸ਼ ਬੁਨਿਆਦੀ ਢਾਂਚਾ ਵਿਕਾਸ (ਆਈ. ਡੀ.) ਫ਼ੀਸ ਵਸੂਲਣ ਨੂੰ ਮਨਜ਼ੂਰੀ ਦੇ ਦਿੱਤੀ, ਜੋ ਕਿ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੇ ਵਿਕਾਸ ਫੰਡ ਵਿਚ ਜਮਾਂ ਕਰਵਾਈ ਜਾਵੇਗੀ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਅਨੁਸਾਰ ਵਿਸ਼ੇਸ਼ ਆਈ. ਡੀ. ਫ਼ੀਸ ਸੂਬੇ ਵਿਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ’ਤੇ 0.25 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਵਸੂਲੀ ਜਾਵੇਗੀ। ਇਸੇ ਤਰ੍ਹਾਂ ਵਿਸ਼ੇਸ਼ ਆਈ. ਡੀ. ਫ਼ੀਸ ਸੂਬੇ ਵਿਚ ਅਚੱਲ ਜਾਇਦਾਦ ਦੀ ਖਰੀਦ ’ਤੇ 0.25 ਰੁਪਏ ਪ੍ਰਤੀ ਸੈਂਕੜਾ ਦੇ ਹਿਸਾਬ ਨਾਲ ਵਸੂਲੀ ਜਾਵੇਗੀ। ਉਕਤ ਵਸਤੂਆਂ ’ਤੇ ਵਸੂਲੀ ਜਾਣ ਵਾਲੀ ਆਈ. ਡੀ. ਫ਼ੀਸ ਨਾਲ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਫੰਡ ਵਿਚ 216.16 ਕਰੋੜ ਰੁਪਏ ਦਾ ਵਾਧੂ ਮਾਲੀਆ ਇਕੱਠਾ ਹੋਵੇਗਾ।
ਇਹ ਵੀ ਪੜ੍ਹੋ : ਵਟਸਐਪ ਤੇ ਫੇਸਬੁੱਕ ਦੀ ਨਵੀਂ ਪਾਲਸੀ ਤੋਂ ਲੋਕ ਪ੍ਰੇਸ਼ਾਨ, ਐਲਨ ਮਸਕ ਨੇ ਦਿੱਤੀ ਇਹ ਸਲਾਹ
ਇਸ ਤੋਂ ਇਲਾਵਾ ਕੈਬਨਿਟ ਵਲੋਂ ਪੰਜਾਬ ਇਨਫ੍ਰਾਸਟ੍ਰਕਚਰ (ਡਿਵੈੱਲਪਮੈਂਟ ਐਂਡ ਰੈਗੂਲੇਸ਼ਨ) ਐਕਟ, 2002 ਵਿਚ ਕੁਝ ਖਾਸ ਸੋਧਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ। ਇਹ ਸੋਧਾਂ ਇਕ ਆਰਡੀਨੈਂਸ ਅਤੇ ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਵਿਚ ਇਕ ਬਿੱਲ ਪੰਜਾਬ ਇਨਫ੍ਰਾਸਟ੍ਰਚਰ (ਡਿਵੈੱਲਪਮੈਂਟ ਐਂਡ ਰੈਗੂਲੇਸ਼ਨ) ਸੋਧ ਬਿਲ 2021 ਪਾਸ ਕਰਕੇ ਨੇਪਰੇ ਚਾੜ੍ਹੀਆਂ ਜਾਣਗੀਆਂ। ਵਿਸ਼ੇਸ਼ ਆਈ. ਡੀ. ਫ਼ੀਸ ਲਾਗੂ ਕਰਨ ਲਈ ਮੌਜੂਦਾ ਤਜਵੀਜ਼ਾਂ ਵਿਚ ਸੋਧ ਕਰਦਿਆਂ ਇਕ ਨਵੀਂ ਧਾਰਾ 25-ਏ ਵਿਸ਼ੇਸ਼ ਫ਼ੀਸ ਦੀ ਵਸੂਲੀ ਸਬੰਧੀ ਜੋੜੀ ਜਾਵੇਗੀ, ਜੋ ਕਿ ਇਹ ਦਰਸਾਏਗੀ ਕਿ ਇਸ ਐਕਟ ਵਿਚ ਸ਼ਾਮਲ ਕਿਸੇ ਵੀ ਮੱਦ ਦੇ ਬਾਵਜੂਦ, ਸੂਬਾ ਸਰਕਾਰ ਵਲੋਂ ਵਿਸ਼ੇਸ਼ ਆਈ. ਡੀ. ਫ਼ੀਸ ਲਾਗੂ ਕੀਤੀ ਜਾ ਸਕਦੀ ਹੈ, ਜਿਸ ਲਈ ਇਕ ਵਿਸ਼ੇਸ਼ ਹੈੱਡ ਦੀ ਸਿਰਜਣਾ ਕੀਤੀ ਜਾਵੇਗੀ, ਜਿਸ ਤਹਿਤ ਇਹ ਵਿਸ਼ੇਸ਼ ਆਈ. ਡੀ. ਫ਼ੀਸ ਇਕੱਠੀ ਕੀਤੀ ਜਾਵੇਗੀ ਅਤੇ ਧਾਰਾ 27 (1) ਦੀਆਂ ਤਜਵੀਜ਼ਾਂ ਤਹਿਤ ਕਾਇਮ ਕੀਤੇ ਵਿਕਾਸ ਫੰਡ ਵਿਚ ਜਮਾਂ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : ਆਪਣੇ Whatsapp Group ਨੂੰ ‘Signal App’ ’ਤੇ ਲਿਜਾਣ ਲਈ ਅਪਣਾਓ ਇਹ ਆਸਾਨ ਤਰੀਕਾ
ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।