ਪਠਾਨਕੋਟ ਸਮੇਤ ਇਨ੍ਹਾਂ ਜ਼ਿਲ੍ਹਿਆਂ 'ਚ ਬੇਖੌਫ਼ ਹੋਇਆ ਮਾਈਨਿੰਗ ਮਾਫ਼ੀਆ, ਖੱਡਿਆਂ ਕਾਰਨ ਵਧਿਆ ਘੁਸਪੈਠ ਦਾ ਡਰ

Wednesday, Aug 17, 2022 - 01:28 PM (IST)

ਪਠਾਨਕੋਟ ਸਮੇਤ ਇਨ੍ਹਾਂ ਜ਼ਿਲ੍ਹਿਆਂ 'ਚ ਬੇਖੌਫ਼ ਹੋਇਆ ਮਾਈਨਿੰਗ ਮਾਫ਼ੀਆ, ਖੱਡਿਆਂ ਕਾਰਨ ਵਧਿਆ ਘੁਸਪੈਠ ਦਾ ਡਰ

ਪਠਾਨਕੋਟ/ਫਾਜ਼ਿਲਕਾ/ਫਰੀਦਕੋਟ : ਪੰਜਾਬ 'ਚ ਨਾਜਾਇਜ਼ ਮਾਈਨਿੰਗ ਦੇ ਮਾਮਲੇ ਦੇਖਣ ਨੂੰ ਮਿਲਦੇ ਹੀ ਰਹਿੰਦੇ ਹਨ ਪਰ ਮਾਈਨਿੰਗ ਮਾਫ਼ੀਆ ਵੱਲੋਂ ਸਰਹੱਦੀ ਖੇਤਰਾਂ ਨੂੰ ਜੋ ਖੋਖਲਾ ਕੀਤਾ ਜਾ ਰਿਹਾ ਹੈ ਉਸ ਨਾਲ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਪਹੁੰਚ ਰਿਹਾ ਹੈ। ਪੰਜਾਬ ਹਰਿਆਣਾ ਹਾਈਕੋਰਟ 'ਚ ਵੀ ਬੀ.ਐੱਸ.ਐੱਫ. ਨੇ ਕਿਹਾ ਸੀ ਕਿ ਸਰਹੱਦੀ ਖੇਤਰਾਂ 'ਚ ਦਿਨ-ਰਾਤ ਮਾਈਨਿੰਗ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਮਾਮਲੇ ਦੀ ਸੁਣਵਾਈ 29 ਅਗਸਤ ਨੂੰ ਹੋਵੇਗੀ। ਪਠਾਨਕੋਟ, ਫਿਰੋਜ਼ਪੁਰ, ਮਮਦੋਟ, ਵਿੱਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਮਾਈਨਿੰਗ ਕਾਰਨ ਬਣੇ ਖੱਡਿਆ ਕਾਰਨ ਘੁਸਪੈਠ ਦਾ ਡਰ ਵੀ ਵੱਧ ਗਿਆ ਹੈ।

ਕੀ ਹੈ ਪਠਾਨਕੋਟ ਦਾ ਹਾਲ?

ਪਠਾਨਕੋਟ ਵਿਚ ਰਾਵੀ ਦਰਿਆ ਦੇ ਕਿਨਾਰੇ ਮਾਧੇਪੁਰ-ਬੇਹੜੀਆਂ ਤੇ ਕੀੜੀਆਂ ਵਿਚ 80 ਕਰੱਸ਼ਰ ਹਨ। ਕੀੜੀਆਂ ਪਿੰਡ ਬਾਰਡਰ ਤੋਂ 22 ਕਿਲੋਮੀਟਰ ਅਤੇ ਬੇਹੜੀਆਂ 30 ਕਿਲੋਮੀਟਰ ਦੂਰ ਹੈ। ਬਮਿਆਲ ਕੋਲ ਉੱਜ ਦਰਿਆ ਦੇ ਦੋਵੇਂ ਕਿਨਾਰਿਆਂ ’ਤੇ ਮੁੱਠੀ ਇਲਾਕੇ ਵਿਚ 4 ਸਟੋਨ ਕਰੱਸ਼ਰ ਚੱਲ ਰਹੇ ਹਨ। ਇਥੋਂ ਜ਼ੀਰੋ ਲਾਈਨ 8 ਕਿਲੋਮੀਟਰ ਦੂਰ ਹੈ। ਕਥਲੌਰ ਕੋਲ ਰਾਵੀ ਕਿਨਾਰੇ ਦਤਿਆਲ ਵਿਚ 4, ਗੱਜੂ ਜਗੀਰ ਵਿਚ 2 ਕਰੱਸ਼ਰ ਹਨ। ਉੱਜ ਦਰਿਆ ਦੇ ਕੰਢੇ 'ਤੇ ਮੁੱਠੀ 'ਚ ਸਟੋਨ ਕਰੱਸ਼ਰ ਨੇੜੇ ਇਸ ਰਕਬੇ 'ਚ 15-20 ਫੁੱਟ ਡੂੰਘੀ ਖੱਡ ਬਣ ਗਈ ਹੈ। ਇੱਥੇ ਦੁਪਹਿਰ 12 ਵਜੇ ਤੱਕ  ਜੇ.ਸੀ.ਬੀ. ਨਾਲ ਮਾਈਨਿੰਗ ਕੀਤੀ ਜਾ ਰਹੀ ਸੀ। ਉੱਥੇ ਕੰਮ ਕਰਨ ਵਾਲਿਆਂ ਨੇ ਦੱਸਿਆ ਕਿ ਕਰੱਸ਼ਰ ਪਠਾਨਕੋਟ ਨਿਗਮ ਦੇ ਕਾਂਗਰਸੀ ਕੌਂਸਲਰ ਅਮਿਤ ਦਾ ਹੈ। ਜ਼ਿਕਰਯੋਗ ਹੈ ਕਿ ਅਮਿਤ ਖ਼ਿਲਾਫ਼ ਹਾਲ ਹੀ 'ਚ ਗੈਰ-ਕਾਨੂੰਨੀ ਮਾਈਨਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮੰਗਲਵਾਰ ਨੂੰ ਪੁਲਸ ਨੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਇਲਾਵਾ ਪਹਾੜੀਪੁਰ ਚੌਕੀ ਤੋਂ ਸਿਰਫ਼ 6 ਕਿਲੋਮੀਟਰ ਦੂਰ ਰਾਵੀ ਦਰਿਆ ਦੇ ਨਾਲ-ਨਾਲ ਦਤਿਆਲ-ਫਿਰੋਜ਼ਾ ਵਿਚ 4 ਕਰੱਸ਼ਰ ਹਨ। ਇੱਥੇ ਵੀ ਇੱਕ ਜੇ.ਸੀ.ਬੀ. ਡੂੰਘੀ ਖੱਡ ਵਿੱਚ ਉਤਰ ਕੇ ਮਾਈਨਿੰਗ ਕਰਦੀ ਦਿਖਾਈ ਦਿੱਤੀ।

ਪਠਾਨਕੋਟ ਦੇ ਡੀ.ਸੀ. ਦਾ ਕੀ ਹੈ ਕਹਿਣਾ?

ਪਠਾਨਕੋਟ ਦੇ ਡੀ.ਸੀ. ਹਰਬੀਰ ਸਿੰਘ ਨੇ ਕਿਹਾ ਕਿ ਬੀ.ਐੱਸ.ਐੱਫ. ਨੇ ਜੋ ਰਿਪੋਰਟ ਦਰਜ ਕਰਵਾਈ ਹੈ, ਉਹ ਪਠਾਨਕੋਟ ਜ਼ਿਲ੍ਹੇ ਲਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡਾ ਕਰੱਸ਼ਰ ਮਾਈਨਿੰਗ ਪੁਆਇੰਟ ਬਾਰਡਰ ਤੋਂ 6 ਕਿਲੋਮੀਟਰ ਦੂਰ ਹੈ। ਬੀ.ਐੱਸ.ਐੱਫ. ਦਾ ਪੁਆਇੰਟ ਗੁਰਦਾਸਪੁਰ ਜਾਂ ਅੰਮ੍ਰਿਤਸਰ ਜ਼ਿਲ੍ਹੇ ਲਈ ਹੋਵੇਗਾ। ਫਿਰ ਵੀ ਅਸੀਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਬੀ.ਐਸ.ਐਫ ਕੋਲ ਲਿਜਾ ਕੇ ਉਹ ਨੁਕਤੇ ਦਿਖਾਉਣ ਦੇ ਹੁਕਮ ਦਿੱਤੇ ਹਨ।

ਫਿਰੋਜ਼ਪੁਰ : ਬੀ.ਐੱਸ.ਐੱਫ. ਨੇ ਕੀਤੀ ਕਾਰਵਾਈ ਦੀ ਮੰਗ

ਪਾਕਿਸਤਾਨ ਨਾਲ ਲੱਗਦੇ ਬਲਾਕ ਮਮਦੋਟ ਦੇ ਪਿੰਡ ਗਜ਼ਨੀ ਵਾਲਾ ਵਿੱਚ ਸਤਲੁਜ ਵਿੱਚ ਹੋ ਰਹੀ ਰੇਤ ਮਾਈਨਿੰਗ ਵੀ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਬੀ.ਐੱਸ.ਐੱਫ. ਅਤੇ ਆਈ.ਬੀ. ਨੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਪੱਤਰ ਲਿਖ ਕੇ ਨਾਜਾਇਜ਼ ਮਾਈਨਿੰਗ ਰੋਕਣ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਦਿਨ 'ਚ ਸਖ਼ਤੀ ਹੋਣ ਕਾਰਨ ਕਈ ਲੋਕ ਨੇ ਹੁਣ ਰਾਤ ਨੂੰ ਮਾਈਨਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਜੇ.ਸੀ.ਬੀ. ਨਾਲ ਕੀਤੀ ਜਾ ਰਹੀ ਖੁਦਾਈ ਕਾਰਨ ਸਤਲੁਜ ਦਰਿਆ 'ਚ ਨਵੇਂ ਨਾਲੇ ਬਣ ਗਏ ਹਨ ਜੋ ਕਿ ਸੁਰੱਖਿਆ ਦੇ ਮੱਦੇਨਜ਼ਰ ਖ਼ਤਰਨਾਕ ਹਨ। ਪਿੰਡ ਗਜ਼ਨੀਵਾਲਾ ਦੀ ਸਰਕਾਰੀ ਖੱਡ ਬੰਦ ਹੋਣ ਤੋਂ ਬਾਅਦ ਸਰਹੱਦੀ ਪਿੰਡਾਂ 'ਚ ਰੇਤ ਦੀ ਗੈਰ-ਕਾਨੂੰਨੀ ਕਾਰੋਬਾਰ ਤੇਜ਼ ਹੋ ਗਿਆ ਹੈ। ਜ਼ਿਲ੍ਹਾ ਫਿਰੋਜ਼ਪੁਰ 'ਚ 6 ਥਾਵਾਂ 'ਤੇ ਰਾਤ ਵੇਲੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਫਿਰੋਜ਼ਪੁਰ 'ਚ 5 ਮਹੀਨਿਆਂ 'ਚ ਗੈਰ-ਕਾਨੂੰਨੀ ਮਾਈਨਿੰਗ ਸੰਬੰਧੀ 56 ਐੱਫ.ਆਈ.ਆਰ. ਦਰਜ ਕਰਕੇ 97 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। 

ਕੀ ਹੈ ਫਾਜ਼ਿਲਕਾ ਦਾ ਹਾਲ ? 

ਫਾਜ਼ਿਲਕਾ 'ਚ ਮਾਈਨਿੰਗ ਮਾਫ਼ੀਆ ਇਸ ਕਦਰ ਬੇਖੌਂਫ ਹੈ ਕਿ ਮਾਈਨਿੰਗ ਕਾਰਨ ਸੜਕਾਂ ਜ਼ਮੀਨੀ ਪੱਧਰ ਤੋਂ 15-20 ਫੁੱਟ ਉੱਚੀਆਂ ਹੋ ਗਈਆਂ ਹਨ। ਸਰਕਾਰੀ ਨਿਯਮਾਂ ਮੁਤਾਬਕ 10 ਫੁੱਟ ਤੋਂ ਹੇਠਾਂ ਖੁਦਾਈ ਨਹੀਂ ਕੀਤੀ ਜਾ ਸਕਦੀ ਪਰ ਇੱਥੇ 20 ਫੁੱਟ ਤੱਕ ਖੁਦਾਈ ਕੀਤੀ ਗਈ ਸੀ। ਮਾਈਨਿੰਗ ਕਾਰਨ ਮੈਦਾਨੀ ਇਲਾਕਾ ਖਾਈ ਵਿੱਚ ਬਦਲ ਗਿਆ ਹੈ। ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਨਵਾਂ ਸਲੇਮਸ਼ਾਹ, ਮਿਆਣੀ ਬਸਤੀ, ਬੱਧਾ, ਗੰਜੂ ਹਸਤਾ, ਗਗਨਕੇ, ਹਸਤਾ ਕਲਾਂ, ਕਾਵਾਂਵਾਲੀ, ਮਹਾਤਮਾ ਨਗਰ, ਸੁਖੇਰਾ ਬੋਦਲਾ, ਟਾਹਲੀਵਾਲਾ ਵਿੱਚ ਰੇਤ ਮਾਫੀਆ ਨੇ ਕਈ ਥਾਵਾਂ ’ਤੇ ਖੱਡਾਂ ਛੱਡੀਆਂ ਹੋਈਆਂ ਹਨ।

ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਦਿੱਤੇ ਸਖ਼ਤ ਹੁਕਮ

ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਗੁਪਤ ਸੂਚਨਾ ਦੇਣ ਲਈ ਪਿੰਡਾਂ ਦੀਆਂ ਪੰਚਾਇਤਾਂ ਤੋਂ ਵੀ ਸਹਿਯੋਗ ਮੰਗਿਆ ਹੈ, ਜਿਸ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਸਰਹੱਦੀ ਖੇਤਰ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਾਈਨਿੰਗ ਵਾਲੀਆਂ ਥਾਵਾਂ ’ਤੇ ਛਾਪੇਮਾਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਸ਼ਖਤ ਹੁਕਮ ਦਿੰਦਿਆਂ ਕਿਹਾ ਕਿ ਨਾਜਾਇਜ਼ ਮਾਈਨਿੰਗ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 


author

Simran Bhutto

Content Editor

Related News