ਜਲੰਧਰ 'ਚ ਸ਼ੀਤਲ ਵਿਜ, ਮਸ਼ਹੂਰ ਕਾਰੋਬਾਰੀ ਚੰਦਰਸ਼ੇਖਰ ਅਗਰਵਾਲ ਦੇ ਘਰਾਂ 'ਚ IT ਵਿਭਾਗ ਦੀ ਰੇਡ ਤੀਜੇ ਦਿਨ ਵੀ ਜਾਰੀ
Saturday, Nov 12, 2022 - 12:16 PM (IST)
ਜਲੰਧਰ (ਸੋਨੂੰ)– ਗੁਰੂ ਨਾਨਕ ਮਿਸ਼ਨ ਚੌਂਕ ਸਥਿਤ ਦੈਨਿਕ ਸਵੇਰਾ ਭਵਨ ਦੇ ਮਾਲਕ ਸ਼ੀਤਲ ਵਿਜ ਅਤੇ ਮਸ਼ਹੂਰ ਕਾਰੋਬਾਰੀ ਚੰਦਰਸ਼ੇਖਰ ਅਗਰਵਾਲ (ਚੰਦਰ) ਦੇ ਘਰਾਂ ਅਤੇ ਦਫ਼ਤਰਾਂ ਵਿਚ ਇਨਕਮ ਟੈਕਸ ਮਹਿਕਮੇ ਦੇ ਇਨਵੈਸਟੀਗੇਸ਼ਨ ਵਿੰਗ ਦੀ ਟੀਮ ਦੀ ਰੇਡ ਤੀਜੇ ਦਿਨ ਵੀ ਜਾਰੀ ਹੈ। ਇਨਕਮ ਟੈਕਸ ਮਹਿਕਮੇ ਦੇ ਇਨਵੈਸਟੀਗੇਸ਼ਨ ਵਿੰਗ ਦੀ ਟੀਮ ਵੱਲੋਂ ਕੀਤੀ ਜਾ ਰਹੀ ਰੇਡ ਨੂੰ 40 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਅਤੇ ਵੀ ਸਰਚ ਜਾਰੀ ਹੈ। ਏਜੰਸੀ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਚ ਦੌਰਾਨ ਵੱਡੇ ਪੱਧਰ ’ਤੇ ਆਈ. ਟੀ. ਦੀ ਟੀਮ ਹੱਥ ਦਸਤਾਵੇਜ਼ ਲੱਗੇ ਹਨ, ਜਿਨ੍ਹਾਂ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।
40 ਘੰਟਿਆਂ ਤੋਂ ਫਰਾਰ ਹੈ ਚੰਦਰਸ਼ੇਖਰ
ਉਥੇ ਹੀ, ਸੂਤਰਾਂ ਮੁਤਾਬਕ ਜਿਸ ਸਮੇਂ ਚੰਦਰ ਦੀ ਕੋਠੀ ’ਤੇ ਆਈ. ਟੀ. ਮਹਿਕਮੇ ਦੀ ਟੀਮ ਨੇ ਰੇਡ ਕੀਤੀ ਤਾਂ ਚੰਦਰ ਦੇ ਪ੍ਰਾਈਵੇਟ ਸਕਿਓਰਿਟੀ ਗਾਰਡ ਵੱਲੋਂ ਅੰਦਰੋਂ ਮੇਨ ਗੇਟ ਨੂੰ ਲਾਕ ਕਰ ਦਿੱਤਾ ਗਿਆ ਅਤੇ ਆਈ. ਟੀ. ਦੀ ਟੀਮ ਨਾਲ ਆਏ ਸੀ. ਆਰ. ਪੀ. ਐੱਫ਼. ਦੇ ਜਵਾਨਾਂ ਨੂੰ ਕੰਧ ਟੱਪ ਕੇ ਕੋਠੀ ਵਿਚ ਦਾਖ਼ਲ ਹੋਣਾ ਪਿਆ। ਸਕਿਓਰਿਟੀ ਗਾਰਡ ਵੱਲੋਂ ਮੇਨ ਗੇਟ ਨੂੰ ਲਾਕ ਕਰ ਦੇਣ ਦਾ ਫਾਇਦਾ ਉਠਾ ਕੇ ਚੰਦਰ ਅਗਰਵਾਲ ਕੋਠੀ ਦੇ ਪਿਛਲੇ ਦਰਵਾਜ਼ੇ ਰਾਹੀਂ ਫ਼ਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਰੇਡ ਦੇ 40 ਘੰਟਿਆਂ ਤੋਂ ਵੱਧ ਸਮੇਂ ਦੇ ਬਾਅਦ ਵੀ ਫ਼ਰਾਰ ਚੰਦਰ ਅਗਰਵਾਲ ਦਾ ਕੋਈ ਪਤਾ ਨਹੀਂ ਲੱਗਾ।
ਇਹ ਵੀ ਪੜ੍ਹੋ : ਗੁਜਰਾਤ ਤੇ ਹਿਮਾਚਲ ’ਚ ਕਥਿਤ ਫੰਡਿੰਗ ਦਾ ਲਿੰਕ ਲੱਭ ਰਹੀ IT ਵਿਭਾਗ ਦੀ ਟੀਮ, ਚੰਦਰ ਅਗਰਵਾਲ 40 ਘੰਟਿਆਂ ਤੋਂ ਫ਼ਰਾਰ
ਚੰਦਰ ਦੇ ਘਰ ’ਚੋਂ ਮਿਲੇ ਕਈ ਅਹਿਮ ਦਸਤਾਵੇਜ਼
ਏਜੰਸੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਰੋਬਾਰੀ ਚੰਦਰ ਦੇ ਘਰ ਵਿਚੋਂ ਆਈ. ਟੀ. ਟੀਮ ਨੂੰ ਅਹਿਮ ਦਸਤਾਵੇਜ਼ ਮਿਲੇ ਹਨ, ਜਿਨ੍ਹਾਂ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਰੇਡ ਟੀਮ ਵੱਲੋਂ ਗੁਜਰਾਤ ਅਤੇ ਹਿਮਾਚਲ ਵਿਚ ਕਥਿਤ ਫੰਡਿੰਗ ਲਈ ਲਿੰਕ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਨਕਮ ਟੈਕਸ ਮਹਿਕਮੇ ਵੱਲੋਂ ਸ਼ਰਾਬ ਸਿੰਡੀਕੇਟ ਦੇ ਦਫ਼ਤਰ ਵਿਚ ਵੀ ਰੇਡ ਕਰਕੇ ਉਨ੍ਹਾਂ ਦੇ ਸਾਰੇ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਹਨ ਤਾਂ ਕਿ ਕਥਿਤ ਫੰਡਿੰਗ ਅਤੇ ਸ਼ਰਾਬ ਦੀ ਵਿਕਰੀ ਦੀ ਖੇਡ ਦਾ ਪਰਦਾਫਾਸ਼ ਕੀਤਾ ਜਾ ਸਕੇ।
ਸਾਰਿਆਂ ਦੇ ਫੋਨ ਤੱਕ ਜ਼ਬਤ
ਸੂਤਰਾਂ ਮੁਤਾਬਕ ਸਵੇਰਾ ਭਵਨ ਵਿਚ ਦੂਜੇ ਦਿਨ ਵੀ ਸਰਚ ਜਾਰੀ ਰਹੀ ਸੀ ਅਤੇ ਦੈਨਿਕ ਸਵੇਰਾ ਭਵਨ ਅਤੇ ਸ਼ੀਤਲ ਫਾਈਬਰ ਦੇ ਮਾਲਕ ਸ਼ੀਤਲ ਵਿਜ ਦੇ ਫੋਨ ਤੱਕ ਟੀਮ ਵੱਲੋਂ ਜ਼ਬਤ ਕਰ ਲਏ ਗਏ ਹਨ। ਵੀਰਵਾਰ ਸਵੇਰੇ 5 ਵਜੇ ਦੇ ਬਾਅਦ ਤੋਂ ਉਨ੍ਹਾਂ ਨੂੰ ਕਿਤੇ ਵੀ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਾ ਹੋ ਸਕੇ।
ਚੰਦਰ ਦਾ ਇਕ ਦੋਸਤ ਵੀ ਇਨਕਮ ਟੈਕਸ ਵਿਭਾਗ ਦੇ ਰਾਡਾਰ ’ਤੇ
ਸੂਤਰਾਂ ਦੀ ਮੰਨੀਏ ਤਾਂ ਡੀ. ਏ. ਵੀ. ਕਾਲਜ ਨੇੜੇ ਸਥਿਤ ਚੰਦਰ ਅਗਰਵਾਲ ਦੇ ਇਕ ਦੋਸਤ ਦੇ ਘਰ ’ਤੇ ਵੀ ਸਰਚ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਕਾਰੋਬਾਰੀ ਚੰਦਰ ਅਗਰਵਾਲ ਦੇ ਹਮੇਸ਼ਾ ਨਾਲ ਰਹਿੰਦਾ ਹੈ ਅਤੇ ਉਸ ਦਾ ਸਾਰਾ ਕੰਮ ਵੇਖਦਾ ਹੈ। ਇਸ ਮਾਮਲੇ ਵਿਚ ਜਲਦ ਇਨਕਮ ਟੈਕਸ ਵਿਭਾਗ ਉਸ ਨੂੰ ਜਾਂਚ ਵਿਚ ਸ਼ਾਮਲ ਕਰ ਸਕਦਾ ਹੈ। ਉਕਤ ਕਾਰੋਬਾਰੀ ਦਾ ਸ਼ਹਿਰ ਦੀ ਹਾਈ ਪ੍ਰੋਫਾਈਲ ਲਾਬੀ ਵਿਚ ਕਾਫ਼ੀ ਪ੍ਰਭਾਵ ਹੈ ਕਿਉਂਕਿ ਉਹ ਚੰਦਰ ਨਾਲ ਕਈ ਸਾਲਾਂ ਤੋਂ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ : ਭਵਿੱਖ ਦੀਆਂ ਬੀਮਾਰੀਆਂ ਨੂੰ ਵੇਖਣ ਵਾਲੀ ਤਕਨੀਕ ਇਜਾਦ, ਐਪ ਰਾਹੀਂ ਲੋਕ ਖ਼ੁਦ ਹੀ ਸਭ ਜਾਣ ਸਕਣਗੇ
ਚੰਦਰ ਨੂੰ ਦਫ਼ਤਰ ’ਚ ਮਿਲਣਾ ਹੋਵੇ ਤਾਂ 3 ਪਹਿਰਿਆਂ ਵਿਚੋਂ ਲੰਘਣਾ ਪੈਂਦੈ
ਸ਼ਹਿਰ ਦੀ ਹਾਈ ਪ੍ਰੋਫਾਈਲ ਲਾਬੀ ਨਾਲ ਸਬੰਧ ਰੱਖਣ ਵਾਲੇ ਚੰਦਰ ਬਾਰੇ ਦੱਸਦੇ ਹਨ ਕਿ ਉਸਦੇ ਭਗਵਾਨ ਵਾਲਮੀਕਿ ਚੌਕ ਸਥਿਤ ਦਫ਼ਤਰ ਵਿਚ ਬਹੁਤ ਹੀ ਟਾਈਟ ਸਕਿਓਰਿਟੀ ਦਾ ਪਹਿਰਾ ਰਹਿੰਦਾ ਹੈ। ਇਹ ਸਕਿਓਰਿਟੀ ਸਰਕਾਰੀ ਨਹੀਂ, ਸਗੋਂ ਉਸ ਦੀ ਖ਼ੁਦ ਦੀ ਪ੍ਰਾਈਵੇਟ ਸਕਿਓਰਿਟੀ ਹੈ। ਕਿਸੇ ਜਾਣਕਾਰ ਨੇ ਚੰਦਰ ਨੂੰ ਮਿਲਣਾ ਹੋਵੇ ਤਾਂ ਉਸਨੂੰ 3 ਪਹਿਰਿਆਂ ਵਿਚੋਂ ਲੰਘਣਾ ਪੈਂਦਾ ਹੈ। ਪਹਿਲੇ ਪਹਿਰੇ ਵਿਚ ਸਕਿਰਿਓਟੀ ਗਾਰਡ ਚੰਦਰ ਨੂੰ ਮਿਲਣ ਵਾਲੇ ਦਾ ਨਾਂ ਅਤੇ ਫੋਟੋ ਲੈਂਦੇ ਹਨ ਅਤੇ ਸਕਿਓਰਟੀ ਸੀ. ਸੀ. ਟੀ. ਵੀ. ਕੈਮਰੇ ਵਿਚ ਮਿਲਣ ਵਾਲੇ ਵਿਅਕਤੀ ਦੀ ਫੋਟੋ ਨੂੰ ਵਿਅਕਤੀ ਦੇ ਸਾਹਮਣੇ ਰੱਖ ਕੇ ਚੈੱਕ ਕਰਦੀ ਹੈ। ਤੀਜੇ ਪਹਿਰੇ ’ਤੇ ਮਿਲਣ ਵਾਲੇ ਵਿਅਕਤੀ ਨੂੰ ਸਕੈਨਰ ਵਿਚੋਂ ਹੋ ਕੇ ਲੰਘਣਾ ਪੈਂਦਾ ਹੈ ਤਾਂ ਕਿ ਵਿਅਕਤੀ ਕੋਈ ਹਥਿਆਰ ਆਦਿ ਅੰਦਰ ਨਾ ਲਿਜਾ ਸਕੇ ਅਤੇ ਆਖਿਰ ਵਿਚ ਚੰਦਰ ਅਗਰਵਾਲ ਨੂੰ ਕੋਈ ਵਿਅਕਤੀ ਉਨ੍ਹਾਂ ਦੇ ਦਫ਼ਤਰ ਵਿਚ ਜਾ ਕੇ ਮਿਲਦਾ ਹੈ।
ਇਹ ਵੀ ਪੜ੍ਹੋ : ਭੈਣ ਨਾਲ ਲਵ ਮੈਰਿਜ ਕਰਨ ਮਗਰੋਂ ਤਲਾਕ ਦੇਣ ਦੀ ਰਜਿੰਸ਼ ਦੀ ਕੱਢੀ ਖਾਰ, ਦਿੱਤਾ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।