ਆਮਦਨ ਕਰ ਵਿਭਾਗ ਵੱਲੋਂ 3 ਕਾਰੋਬਾਰੀਆਂ ’ਤੇ ਛਾਪੇਮਾਰੀ ਦੂਜੇ ਦਿਨ ਵੀ ਰਹੀ ਜਾਰੀ, ਡਾਟਾ ਚੈੱਕ ਕਰਨ 'ਚ ਜੁਟੇ ਅਧਿਕਾਰੀ
Friday, Nov 25, 2022 - 10:27 PM (IST)
ਲੁਧਿਆਣਾ (ਸੇਠੀ) : ਆਮਦਨ ਕਰ ਵਿਭਾਗ ਵੱਲੋਂ ਬੀਤੇ ਦਿਨੀਂ 3 ਕਾਰੋਬਾਰੀਆਂ ’ਤੇ ਛਾਪਮੇਾਰੀ ਕੀਤੀ ਗਈ ਜਿਸ ਵਿਚ ਮਹਾਨਗਰ ਦੇ ਸਥਾਨਕ ਆਰਤੀ ਚੌਕ ਸਥਿਤ ਸਰਦਾਰ ਜਿਊਲਰ, ਮਾਲ ਰੋਡ ਸਥਿਤ ਨਿੱਕਾ ਮਲ ਜਿਊਲਰ ਅਤੇ ਸਿਵਲ ਲਾਈਨ ਵਿਚ ਮਨੀ ਰਾਮ ਬਲਵੰਤ ਰਾਏ ਇਕ ਕਰਿਆਨਾ ਸਟੋਰ ਦੇ ਨਾਲ ਹੀ ਰਿਹਾਹਿਸ਼ਾਂ ’ਤੇ ਇਕੱਠੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਵਿਚ ਕਰੀਬ 26 ਰਿਹਾਇਸ਼ ਅਤੇ ਕਾਰੋਬਾਰੀ ਕੰਪਲੈਕਸ ਲੁਧਿਆਣਾ, ਜਲੰਧਰ, ਦਿੱਲੀ, ਗੁਜਰਾਤ ਅਤੇ ਰਾਜਕੋਟ ਦੇ ਇਕ-ਇਕ ਕੰਪਲੈਕਸ ਨੂੰ ਕਵਰ ਕੀਤਾ ਜਾ ਰਿਹਾ ਹੈ। ਸੰਭਾਵਨਾ ਹੈ ਕਿ ਸ਼ੁੱਕਰਵਾਰ ਦੇਰ ਰਾਤ ਕਰੀਬ ਦਸ ਕੰਪਲੈਕਸਾਂ ’ਤੇ ਕਾਰਵਾਈ ਖ਼ਤਮ ਹੋ ਜਾਵੇਗੀ।
ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਇਕ ਸੂਤਰ ਨੇ ਦੱਸਿਆ ਕਿ ਆਮਦਨ ਕਰ ਅਧਿਕਾਰੀਆਂ ਵੱਲੋਂ ਮਾਰੇ ਗਏ ਛਾਪੇ ਵਿਚ ਤਿੰਨੋ ਕਾਰੋਬਾਰੀਆਂ ਨਿੱਕਾ ਮਲ, ਜਿਊਲਰਸ, ਸਰਦਾਰ ਜਿਊਲਰਸ ਅਤੇ ਮਨੀ ਰਾਮ ਬਲਵੰਤ ਰਾਏ ਦੇ ਕਾਰੋਬਾਰੀ ਕੰਪਲੈਕਸਾਂ ਵਿਚ ਮੌਜੂਦ ਦਸਤਾਵੇਜ਼ ਦਾ ਆਂਕਲਣ ਕਰ ਰਹੇ ਹਨ। ਇਸ ਤੋਂ ਇਲਾਵਾ ਦੋਵੇਂ ਜੌਹਰੀਆਂ ਦੇ ਕੋਲ ਮੌਜੂਦ ਗਹਿਣਿਆਂ ਦਾ ਮੁੱਲਆਂਕਣ ਕੀਤਾ ਜਾ ਰਿਹਾ ਹੈ, ਜਦੋਂਕਿ ਕਰਿਆਨਾ ਅਤੇ ਸੁੰਦਰਤਾ ਪ੍ਰਸਾਧਨ ਟ੍ਰੇਡਿੰਗ ਕੰਪਨੀ ਦੇ ਕੰਪਲੈਕਸ ਵਿਚ ਸਟਾਕ ਮਿਲਾਨ ਵੀ ਕੀਤਾ ਜਾ ਰਿਹਾ ਹੈ।
ਇਸੇ ਦੌਰਾਨ ਆਮਦਨ ਕਰ ਵਿਭਾਗ ਵੱਲੋਂ ਇਨ੍ਹਾਂ ਗਰੁੱਪਾਂ ਦੀਆਂ ਕੁਝ ਸੰਸਥਾਵਾਂ ਵੱਲੋਂ ਆਮਦਨ ਅਤੇ ਕਰ ਚੋਰੀ ਦੇ ਸ਼ੱਕ ਦੇ ਤਹਿਤ ਤਿੰਨੋ ਗਰੁੱਪਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਲਾਂਕਿ ਸਾਰੇ ਗਰੁੰਪਾਂ ’ਤੇ ਕਾਰਵਾਈ ਹੋਣ ਤੋਂ ਬਾਅਦ ਜੇਕਰ ਕੋਈ ਉਲੰਘਣ ਪਾਇਆ ਗਿਆ ਤਾਂ ਉਕਤ ਗਰੁੱਪਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਵਿਭਾਗੀ ਸੂਤਰਾਂ ਮੁਤਾਬਕ ਕਾਰਵਾਈ ਵਿਚ ਮੋਬਾਇਲ, ਲੈਪਟਾਪ ਦਾ ਡਾਟਾ ਚੈੱਕ ਕੀਤਾ ਜਾ ਰਿਹਾ ਹੈ ਅਤੇ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਵਿਭਾਗ ਦੀ ਇਸ ਕਾਰਵਾਈ ਨੂੰ ਯਕੀਨਨ ਸਫਲਤਾ ਮਿਲੇਗਾ। ਅਧਿਕਾਰੀ ਅਨਅਕਾਊਂਟਿਡ ਇਨਵੈਸਟਮੈਂਟ ਦੀ ਵੀ ਜਾਂਚ ਕਰ ਰਹੇ ਹਨ। ਸੂਤਰਾਂ ਨੇ ਦਾਅਵਾ ਕੀਤਾ ਕਿ ਉਕਤ ਕਾਰੋਬਾਰੀ ਆਪਣੀ ਆਮਦਨ ਜਾਂ ਕੁਝ ਹੋਰ ਆਮਦਨ ਕਰ ਉਲੰਘਣਾਂ ਨੂੰ ਲੁਕੋਣ ਦੇ ਸ਼ੱਕ ਵਿਚ ਵਿਭਾਗ ਦੀ ਜਾਂਚ ਵਿੰਗ ਦੀ ਰਾਡਾਰ ’ਤੇ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਧਿਕਾਰੀ ਪ੍ਰਾਪਰਟੀ ਸਬੰਧੀ ਦਸਤਾਵੇਜ਼ਾਂ ਨੂੰ ਚੈੱਕ ਕਰ ਰਹੇ ਹਨ ਕਿਉਂਕਿ ਕਿਆਸ ਲਗਾਏ ਜਾ ਰਹੇ ਹਨ ਕਿ ਉਕਤ ਕਾਰਵਾਈ ਬੇਨਾਮੀ ਪ੍ਰਾਪਰਟੀ ਦੇ ਸਬੰਧ ਵਿਚ ਕੀਤੀ ਗਈ ਹੈ। ਵਿਭਾਗ ਨੂੰ ਉਕਤ ਗਰੁੱਪਾਂ ’ਤੇ ਸ਼ੱਕ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਵੱਡੇ ਪੱਧਰ ‘ਤੇ ਬੇਨਾਮੀ ਪ੍ਰਾਪਰਟੀ ਦੀ ਖ਼ਰੀਦ ਕਰ ਰਹੇ ਹਨ ਜਿਸ ਦੀ ਧਰ ਪਕੜ ਲਈ ਵਿਭਾਗ ਨੇ ਉਨ੍ਹਾਂ ਨੂੰ ਜਾਂਚ ਦੇ ਘੇਰੇ ਵਿਚ ਲਿਆ ਹੈ।