31 ਮਾਰਚ ਨੂੰ ਖੁੱਲ੍ਹੇ ਰਹਿਣਗੇ ਇਨਕਮ ਟੈਕਸ ਤੇ GST ਦਫਤਰ
Saturday, Mar 30, 2019 - 03:40 PM (IST)
ਨਵੀਂ ਦਿੱਲੀ — ਇਨਕਮ ਟੈਕਸ ਅਤੇ GST ਦੋਵੇਂ ਵਿਭਾਗ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ। ਵਿਭਾਗ ਮਾਲੀਆ ਇਕੱਠਾ ਕਰਨ ਦਾ ਟੀਚਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਦੇ ਤਹਿਤ ਦਫਤਰ ਖੁੱਲ੍ਹੇ ਰੱਖਣ ਲਈ ਕਿਹਾ ਗਿਆ ਹੈ। ਕੇਂਦਰੀ ਅਪ੍ਰਤੱਖ ਅਤੇ ਕਸਟਮ ਬੋਰਡ(ਸੀਬੀਆਈਸੀ) ਨੇ ਸਰਕੂਲਰ ਵਿਚ ਕਿਹਾ,'ਟੈਕਸ ਦਾਤਿਆਂ ਦੀ ਸਹਾਇਤਾ ਲਈ ਪਹਿਲਾਂ ਦੀ ਤਰ੍ਹਾਂ ਸੀਬੀਆਈਸੀ ਦੇ ਸਾਰੇ ਖੇਤਰੀ ਦਫਤਰ ਚਾਲੂ ਵਿੱਤੀ ਸਾਲ ਦੇ ਆਖਰੀ ਦਿਨ 31 ਮਾਰਚ ਨੂੰ ਖੁੱਲ੍ਹੇ ਰਹਿਣਗੇ।' ਦਫਤਰ ਆਦੇਸ਼ 'ਚ ਕੇਂਦਰੀ ਪ੍ਰਤੱਖ ਟੈਕਸ ਬੋਰਡ(ਸੀਬੀਡੀਟੀ) ਨੇ ਆਪਣੇ ਖੇਤਰੀ ਦਫਤਰਾਂ 'ਚ ਕਰਦਾਤਿਆਂ ਵਲੋਂ ਰਿਟਰਨ ਭਰਨ ਨੂੰ ਆਸਾਨ ਬਣਾਉਣ ਲਈ ਕਿਹਾ ਹੈ। ਇਸ ਲਈ ਜ਼ਰੂਰਤ ਦੇ ਅਨੁਸਾਰ 31 ਮਾਰਚ ਨੂੰ ਵਾਧੂ ਕਾਊਂਟਰ ਖੋਲ੍ਹਣ ਲਈ ਕਿਹਾ ਗਿਆ ਹੈ।'
ਸੀਬੀਡੀਟੀ ਨੇ ਕਿਹਾ,' ਮੁਲਾਂਕਣ ਸਾਲ 2018-19 ਲਈ ਪੈਂਡਿੰਗ ਅਤੇ ਸੋਧੀ ਗਈ ਟੈਕਸ ਰਿਟਰਨ ਭਰਨ ਦੀ ਆਖਰੀ ਤਾਰੀਖ 31 ਮਾਰਚ 2019 ਹੈ। ਵਿੱਤੀ ਸਾਲ 2018-19 ਖਤਮ ਹੋਣ ਨੂੰ ਸਿਰਫ ਇਕ ਦਿਨ ਬਾਕੀ ਬਚਿਆ ਹੈ। 30 ਅਤੇ 31 ਮਾਰਚ ਨੂੰ ਕ੍ਰਮਵਾਰ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਨੂੰ ਦੇਖਦੇ ਹੋਏ ਇਮਕਮ ਟੈਕਸ ਵਿਭਾਗ ਪੂਰੇ ਦੇਸ਼ ਵਿਚ ਦੋਵੇਂ ਦਿਨ ਖੁੱਲ੍ਹੇ ਰਹਿਣਗੇ। ਦੋਵੇਂ ਦਿਨ ਕੰਮਕਾਜ ਦਫਤਰ ਦੇ ਹੋਰ ਦਿਨਾਂ ਦੀ ਤਰ੍ਹਾਂ ਨਿਰਧਾਰਤ ਸਮੇਂ ਅਨੁਸਾਰ ਹੋਣਗੇ।
ਸਰਕਾਰ ਨੇ ਚਾਲੂ ਵਿੱਤੀ ਸਾਲ 'ਚ ਵਸਤੂ ਅਤੇ ਸੇਵਾ ਟੈਕਸ ਭੰਡਾਰ 11.47 ਲੱਖ ਕਰੋੜ ਰੱਖਣ ਦਾ ਟੀਚਾ ਰੱਖਿਆ ਹੈ। ਇਸ ਦੇ ਨਾਲ ਹੀ ਪ੍ਰਤੱਖ ਟੈਕਸ ਭੰਡਾਰ ਦਾ ਅੰਦਾਜ਼ਾ 12 ਲੱਖ ਕਰੋੜ ਰੁਪਏ ਰੱਖਿਆ ਗਿਆ ਹੈ। ਚਾਲੂ ਵਿੱਤੀ ਸਾਲ ਵਿਚ GST ਭੰਡਾਰ ਫਰਵਰੀ ਤੱਕ 10.70 ਲੱਖ ਕਰੋੜ ਰੁਪਏ ਸੀ।
ਪ੍ਰਤੱਖ ਟੈਕਸ ਦੇ ਮਾਮਲੇ ਵਿਚ ਸੀਬੀਡੀਟੀ ਨੇ 23 ਮਾਰਚ ਤੱਕ ਸਿਰਫ 10.21 ਲੱਖ ਕਰੋੜ ਰੁਪਇਆ ਇਕੱਠਾ ਕੀਤਾ ਹੈ ਜਿਹੜਾ ਕਿ 12 ਲੱਖ ਕਰੋੜ ਦੇ ਸੋਧੇ ਅਨੁਮਾਨ ਦਾ 85.1 ਫੀਸਦੀ ਹੈ। ਸੀਬੀਡੀਟੀ ਨੇ ਆਪਣੇ ਖੇਤਰੀ ਦਫਤਰਾਂ ਤੋਂ ਭੰਡਾਰ ਟੀਚਾ ਹਾਸਲ ਕਰਨ ਲਈ ਹਰ ਸੰਭਵ ਕਦਮ ਚੁੱਕਣ ਲਈ ਕਿਹਾ ਹੈ। ਰਿਜ਼ਰਵ ਬੈਂਕ ਨੇ ਵੀ ਆਪਣੀਆਂ ਸਾਰੀਆਂ ਸ਼ਾਖਾਵਾਂ 31 ਮਾਰਚ ਨੂੰ ਖੁੱਲੀਆਂ ਰੱਖਣ ਨੂੰ ਕਿਹਾ ਹੈ, ਤਾਂ ਜੋ 2018-19 ਲਈ ਸਾਰੇ ਸਰਕਾਰੀ ਲੈਣ-ਦੇਣ ਦਾ ਕੰਮ ਪੂਰਾ ਹੋ ਸਕੇ। ਆਰ.ਟੀ.ਜੀ.ਐਸ. ਅਤੇ ਐਨ.ਈ.ਐਫ.ਟੀ. ਸਮੇਤ ਸਾਰੇ ਇਲੈਕਟ੍ਰਾਨਿਕ ਲੈਣ-ਦੇਣ 30 ਮਾਰਚ ਅਤੇ 31 ਮਾਰਚ ਨੂੰ ਹੋਣਗੇ।