ਬੇਅਦਬੀ ਦੀਆਂ ਘਟਨਾਵਾਂ ਬਹੁਤ ਹੀ ਦੁੱਖਦਾਈ : ਸੁਖਬੀਰ
Thursday, Jun 03, 2021 - 12:56 AM (IST)
ਚੰਡੀਗੜ੍ਹ(ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਹ ਬੇਅਦਬੀ ਦੀਆਂ ਘਟਨਾਵਾਂ ਤੋਂ ਬਹੁਤ ਦੁਖ ਤੇ ਤਕਲੀਫ਼ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਕਾਂਗਰਸ ਪਾਰਟੀ ਇਸ ਸੰਵੇਦਨਸ਼ੀਲ ਮਾਮਲੇ ’ਤੇ ਰਾਜਨੀਤੀ ਕਰਦੀ ਆ ਰਹੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਸੂਬੇ ਵਿਚ ਅਕਾਲੀ ਸਰਕਾਰ ਬਣਨ ’ਤੇ ਇਸ ਮਾਮਲੇ ਵਿਚ ਨਿਆਂ ਮਿਲਣਾ ਯਕੀਨੀ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ 2,281 ਨਵੇਂ ਮਾਮਲੇ, 99 ਮਰੀਜ਼ਾਂ ਦੀ ਹੋਈ ਮੌਤ
ਅਕਾਲੀ ਦਲ ਦੇ ਪ੍ਰਧਾਨ ਇਥੇ ਪਾਰਟੀ ਦੇ ਆਗੂ ਰਣਜੀਤ ਸਿੰਘ ਗਿੱਲ ਵਲੋਂ ਬਣਾਏ 25 ਬੈੱਡਾਂ ਦੇ ਕੋਰੋਨਾ ਕੇਅਰ ਸੈਂਟਰ ਦਾ ਉਦਘਾਟਨ ਕਰਨ ਆਏ ਸਨ। ਗਿੱਲ ਨੇ ਦੱਸਿਆ ਕਿ ਇਸ ਏ. ਸੀ. ਸਹੂਲਤ ਵਿਚ ਕੰਸਨਟ੍ਰੇਟਰ ਲੱਗੇ ਹਨ ਤੇ ਮੈਡੀਕਲ ਸਟਾਫ਼ ਇਥੇ ਕੋਰੋਨਾ ਮਰੀਜ਼ਾਂ ਦਾ ਮੁਫ਼ਤ ਇਲਾਜ ਕਰੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਬੇਅਦਬੀ ਦੇ ਮਾਮਲੇ ਵਿਚ ਨਿਆਂ ਪ੍ਰਾਪਤ ਕਰਨ ਵਾਸਤੇ ਕਾਂਗਰਸ ਪਾਰਟੀ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਬੇਅਦਬੀ ਦੇ ਮਾਮਲੇ ਹੋਏ ਸਨ ਤਾਂ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਕਾਂਗਰਸ ਤੇ ਇਸ ਦੇ ਕੁਝ ਅਖੌਤੀ ਆਗੂਆਂ ਨੇ ਮੰਗ ਕੀਤੀ ਕਿ ਮਾਮਲਾ ਸੀ. ਬੀ. ਆਈ. ਹਵਾਲੇ ਕੀਤਾ ਜਾਵੇ। ਜਦੋਂ ਕਾਂਗਰਸ ਪਾਰਟੀ ਸੱਤਾ ਵਿਚ ਆ ਗਈ ਤਾਂ ਇਸ ਨੇ ਨਾ ਸਿਰਫ਼ ਕੇਸ ਸੀ. ਬੀ. ਆਈ. ਤੋਂ ਵਾਪਸ ਲੈ ਲਏ ਬਲਕਿ ਚਾਰ ਸਾਲਾਂ ਵਿਚ ਕੋਈ ਪ੍ਰਗਤੀ ਨਹੀਂ ਕੀਤੀ।
ਇਹ ਵੀ ਪੜ੍ਹੋ- ਕੈਪਟਨ ਵਲੋਂ ਹਾਈਕਮਾਨ ਨੂੰ ਮਿਲਣ ਦੀ ਫੁਲ ਤਿਆਰੀ, ਫਾਈਲਾਂ ਰਾਹੀਂ ਰੱਖਣਗੇ ਆਪਣਾ ਪੱਖ
ਕੁਝ ਅਖੌਤੀ ਸੰਗਠਨਾਂ ਵਲੋਂ ਬੇਅਦਬੀ ਦੇ ਮਾਮਲੇ ’ਤੇ ਕੀਤੀ ਜਾ ਰਹੀ ਰਾਜਨੀਤੀ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਉਹ ਬਲਜੀਤ ਸਿੰਘ ਦਾਦੂਵਾਲ ਵਰਗਿਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਹ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕਿਵੇਂ ਬਣ ਗਏ। ਹੁਣ ਵੀ ਦਾਦੂਵਾਲ ਦੇ ਕਹਿਣ ’ਤੇ ਭਾਜਪਾ ਸਰਕਾਰ ਨੇ ਹਰਿਆਣਾ ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਹਨ। ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦਿਆਂ ਸੁਖਬੀਰ ਨੇ ਕਿਹਾ ਕਿ ਬਜਾਏ ਕੋਰੋਨਾ ਨਾਲ ਲੜਨ ਦੀ ਬਜਾਏ ਸਰਕਾਰ ਕੁਰਸੀ ਦੀ ਲੜਾਈ ਵਿਚ ਰੁੱਝੀ ਹੈ। ਮੁੱਖ ਮੰਤਰੀ ਤੇ ਉਨ੍ਹਾਂ ਦੇ ਮੰਤਰੀਆਂ ਦੇ ਘਰਾਂ ਵਿਚ ਲੁਕ ਜਾਣ ਜਾਂ ਫਿਰ ਦਿੱਲੀ ਭੱਜ ਜਾਣ ਕਾਰਨ ਪੰਜਾਬੀ ਬੇਵੱਸ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਾਂਗਰਸ ਸਰਕਾਰ ਵਲੋਂ ਕੋਰੋਨਾ ਮਰੀਜ਼ਾਂ ਦੀ ਲੁੱਟ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ’ਤੇ ਨਕੇਲ ਪਾਉਣ ਅਤੇ ਦਵਾਈਆਂ ਦੀ ਕਾਲਾਬਜ਼ਾਰੀ ਰੋਕਣ ਵਿਚ ਨਾਕਾਮ ਰਹਿਣ ਦੀ ਵੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਬਲਾਕ ਪੱਧਰ ’ਤੇ ਕੋਰੋਨਾ ਕੇਅਰ ਸੈਂਟਰ ਖੋਲ੍ਹਣ ਵਿਚ ਵੀ ਨਾਕਾਮ ਰਹੀ ਹੈ ਤੇ ਇਹ ਪੰਜਾਬ ਦੀ ਸਾਰੀ ਆਬਾਦੀ ਨੂੰ ਲਗਾਉਣ ਲਈ ਉਤਪਾਦਕਾਂ ਤੋਂ ਵੈਕਸੀਨ ਖਰੀਦਣ ਵਿਚ ਵੀ ਨਾਕਾਮ ਰਹੀ ਹੈ।
ਇਹ ਵੀ ਪੜ੍ਹੋ- 5 ਜੂਨ ਨੂੰ ਖੇਤੀ ਬਿੱਲਾਂ ਦੇ ਇਕ ਸਾਲ ਹੋਣ ਦੇ ਰੋਸ ਵਜੋਂ ਖੇਤੀ ਕਨੂੰਨਾਂ ਦੀਆਂ ਸਾੜੀਆਂ ਜਾਣਗੀਆਂ ਕਾਪੀਆਂ : ਉਗਰਾਹਾਂ
ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਸਫ਼ਾਈ ਕਰਮਚਾਰੀਆਂ ਨਾਲ ਤੁਰੰਤ ਗੱਲਬਾਤ ਕਰਨ ਅਤੇ ਉਨ੍ਹਾਂ ਦੀ ਚੱਲ ਰਹੀ ਹੜਤਾਲ ਖਤਮ ਕਰਨ ਲਈ ਉਨ੍ਹਾਂ ਦੀਆਂ ਸੇਵਾਵਾਂ ਤੁਰੰਤ ਨਿਯਮਿਤ ਕਰਨ।