ਕ੍ਰਾਈਮ ਸਿਟੀ ਬਣਿਆ ਜਲੰਧਰ : ਲੁਟੇਰਿਆਂ ਦੀ ਦਹਿਸ਼ਤ ’ਚ, ਧੁੰਦ ਦਾ ਫ਼ਾਇਦਾ ਉਠਾ ਕੇ ਕਰ ਰਹੇ ਵਾਰਦਾਤਾਂ

Wednesday, Dec 27, 2023 - 02:37 PM (IST)

ਕ੍ਰਾਈਮ ਸਿਟੀ ਬਣਿਆ ਜਲੰਧਰ : ਲੁਟੇਰਿਆਂ ਦੀ ਦਹਿਸ਼ਤ ’ਚ, ਧੁੰਦ ਦਾ ਫ਼ਾਇਦਾ ਉਠਾ ਕੇ ਕਰ ਰਹੇ ਵਾਰਦਾਤਾਂ

ਜਲੰਧਰ (ਵਰੁਣ) : ਸ਼ਹਿਰ ’ਚ ਵਾਪਰ ਰਹੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਲੈ ਕੇ ਸ਼ਹਿਰ ਨਿਵਾਸੀ ਦਹਿਸ਼ਤ ’ਚ ਘਿਰੇ ਹੋਏ ਹਨ। ਰਾਤ ਦੇ ਸਮੇਂ ਲੁਟੇਰਿਆਂ ਦੀ ਦਹਿਸ਼ਤ ’ਚ ਧੁੰਦ ਹੀ ਇਕਲੌਤਾ ਸਹਾਰਾ ਬਣ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਰਾਤ ਹੁੰਦੇ ਹੀ ਪੁਲਸ ਗਾਇਬ ਹੋ ਜਾਂਦੀ ਹੈ। ਸ਼ਹਿਰ ਦੀਆਂ ਸੜਕਾਂ ’ਤੇ ਨਾ ਹੀ ਕੋਈ ਸੁਰੱਖਿਆ ਹੈ ਅਤੇ ਨਾ ਹੀ ਪੁਲਸ ਦਾ ਪਹਿਰਾ। ਕਾਫੀ ਪਾਠਕਾਂ ਨੇ ਰਾਤ ਦੇ ਹਨ੍ਹੇਰੇ ’ਚ ਸ਼ਹਿਰ ਦੀ ਹਕੀਕਤ ਜਾਣਨ ਦੀ ਮੰਗ ਕੀਤੀ ਤਾਂ ‘ਜਗ ਬਾਣੀ’ ਦੀ ਟੀਮ ਦੇਰ ਰਾਤ 12 ਤੋਂ ਲੈ ਕੇ 2 ਵਜੇ ਤਕ ਸ਼ਹਿਰ ਦੀਆਂ ਉਨ੍ਹਾਂ ਸੜਕਾਂ ’ਤੇ ਘੁੰਮੀ, ਜਿੱਥੇ ਵਧੇਰੇ ਲੁੱਟ ਦੀਆਂ ਵਾਰਦਾਤਾਂ ਹੁੰਦੀਆਂ ਹਨ। ਮੁੱਦਾ ਰਾਤ ਦੇ ਸਮੇਂ ਫੈਕਟਰੀਆਂ ’ਚੋਂ ਘਰ ਵੱਲ ਜਾਂਦੇ ਮਜ਼ਦੂਰਾਂ ਦੀ ਸੁਰੱਖਿਆ ਦਾ ਵੀ ਸੀ। ਅਜਿਹੇ ’ਚ ‘ਜਗ ਬਾਣੀ’ ਦਫਤਰ ਤੋਂ ਸ਼ਹਿਰ ਦਾ ਹਾਲ ਜਾਣਨ ਲਈ ਸੜਕਾਂ ’ਤੇ ਉਤਰੇ ਤਾਂ ਸਭ ਤੋਂ ਪਹਿਲਾਂ ਭਗਵਾਨ ਵਾਲਮੀਕਿ ਚੌਕ ਸੁੰਨਸਾਨ ਮਿਲਿਆ। ਉਥੋਂ ਲੈ ਕੇ ਮਕਸੂਦਾਂ ਸਬਜ਼ੀ ਮੰਡੀ ਤਕ ਕੋਈ ਪੁਲਸ ਟੀਮ ਨਾਕੇ ਜਾਂ ਪੈਟਰੋਲਿੰਗ ਕਰਦੀ ਨਹੀਂ ਮਿਲੀ। ਮਕਸੂਦਾਂ ਚੌਕ ’ਚ ਅੱਧੀ ਦਰਜਨ ਪੁਲਸ ਕਰਮਚਾਰੀ ਇਕੱਠੇ ਖੜ੍ਹੇ ਸਨ, ਜਿਨ੍ਹਾਂ ਕੋਲ 2 ਗੱਡੀਆਂ ਸਨ।

PunjabKesari

ਉਸ ਤੋਂ ਬਾਅਦ ਟੀਮ ਟਰਾਂਸਪੋਰਟ ਨਗਰ ਤੇ ਫੋਕਲ ਪੁਆਇੰਟ ਪਹੁੰਚੀ। ਧੁੰਦ ਜ਼ਿਆਦਾ ਸੀ ਕੁਝ ਮਜ਼ਦੂਰ ਗੱਡੀ ਦੀ ਆਵਾਜ਼ ਸੁਣ ਕੇ ਧੁੰਦ ’ਚ ਖੁਦ ਨੂੰ ਲੁਕਾਉਣ ਲੱਗੇ। ਉਨ੍ਹਾਂ ਕੋਲ ਜਾ ਕੇ ਗੱਲ ਕੀਤੀ ਤਾਂ ਉਹ ਪਹਿਲਾਂ ਤਾਂ ਸਹਿਮ ਗਏ ਪਰ ਆਪਣੇ ਬਾਰੇ ਦੱਸਣ ’ਤੇ ਉਹ ਦਹਿਸ਼ਤ ’ਚੋਂ ਬਾਹਰ ਨਿਕਲੇ ਤੇ ਇਸ਼ਾਰਾ ਕਰ ਕੇ ਬੋਲੇ ਕਿ ਤੁਹਾਡੀ ਜਗ੍ਹਾ ਪੁਲਸ ਹੋਣੀ ਚਾਹੀਦੀ ਸੀ, ਕਿਉਂਕਿ ਇਥੇ ਹਰ ਰੋਜ਼ ਅਜਿਹੇ ਹੀ ਡਰ ਦੇ ਪ੍ਰਛਾਵੇਂ ਹੇਠ ਘਰ ਵੱਲ ਜਾਣਾ ਪੈਂਦਾ ਹੈ।

ਇਹ ਵੀ ਪੜ੍ਹੋ : ਪਾਵਰਕਾਮ ਦੀ ਵੱਡੀ ਕਾਰਵਾਈ : ਓਵਰਲੋਡ ਤੇ ਗਲਤ ਵਰਤੋਂ ਕਰਨ ਵਾਲਿਆਂ ਨੂੰ ਕੀਤਾ ‘10 ਲੱਖ ਜੁਰਮਾਨਾ’

ਮਜ਼ਦੂਰਾਂ ਨੇ ਦੱਸਿਆ ਕਿ ਉਹ ਮੋਬਾਇਲ ਵੀ ਲੁਕਾ ਕੇ ਰੱਖਦੇ ਹਨ ਤੇ ਜੇਬ ’ਚ ਕੈਸ਼ ਲੈ ਕੇ ਨਹੀਂ ਆਉਂਦੇ, ਕਿਉਂਕਿ ਕੁਝ ਪਤਾ ਨਹੀਂ ਕਦੋਂ ਲੁਟੇਰੇ ਘੇਰਾ ਪਾ ਲੈਣ। ਉਨ੍ਹਾਂ ਦੱਸਿਆ ਕਿ ਕੁਝ ਸਾਥੀਆਂ ਨਾਲ ਲੁਟੇਰਿਆਂ ਨੇ ਵਾਰਦਾਤ ਕਰਨੀ ਚਾਹੀ ਪਰ ਉਨ੍ਹਾਂ ਕੋਲ ਕੁਝ ਨਹੀਂ ਸੀ ਤਾਂ ਲੁਟੇਰੇ ਕੁੱਟਮਾਰ ਕਰ ਕੇ ਚਲੇ ਗਏ। ਫੋਕਲ ਪੁਆਇੰਟ ਤੇ ਟਰਾਂਸਪੋਰਟ ਨਗਰ ’ਚ ਕੋਈ ਪੁਲਸ ਵਾਲਾ ਨਹੀਂ ਦਿਸਿਆ ਤਾਂ ਹਾਈਵੇ ਤੋਂ ਹੁੰਦੇ ਹੋਏ ਸੋਢਲ ਰੋਡ ’ਤੇ ਵੀ ਧੁੰਦ ਤੋਂ ਇਲਾਵਾ ਕੋਈ ਸੁਰੱਖਿਆ ਇੰਤਜ਼ਾਮ ਨਜ਼ਰ ਨਹੀਂ ਆਇਆ। ਉੱਥੇ ਗੁੱਜਾਪੀਰ ਰੋਡ ਤੋਂ ਦੋਆਬਾ ਚੌਕ, ਕਿਸ਼ਨਪੁਰਾ ਚੌਕ ਤੇ ਦੋਮੋਰੀਆ ਪੁਲ ਹੁੰਦੇ ਹੋਏ ਰੇਲਵੇ ਸਟੇਸ਼ਨ ਪਹੁੰਚੇ। ਨਸ਼ੇ ’ਚ ਚੂਰ ਕੁਝ ਲੋਕ ਦੁਕਾਨਾਂ ਬੰਦ ਕਰ ਕੇ ਬੈਠੇ ਦੁਕਾਨਦਾਰਾਂ ਨਾਲ ਬਹਿਸ ਕਰਦੇ ਨਜ਼ਰ ਆਏ। ਦੁਕਾਨਦਾਰ ਨਸ਼ੇੜੀਆਂ ਤੋਂ ਗਾਲ੍ਹਾਂ ਖਾ ਰਹੇ ਸਨ। ਉੱਥੇ ਵੀ ਪੁਲਸ ਦੀ ਕਮੀ ਨਜ਼ਰ ਆਈ।

PunjabKesari

ਦੂਜੀ ਵਾਰ ਪੁਲਸ ਦੀ ਵੈਨ ਸੈਂਟਰਲ ਟਾਊਨ ਗੁ. ਸਾਹਿਬ ਦੇ ਬਾਹਰ ਖੜ੍ਹੀ ਮਿਲੀ। ਰਾਤ ਦੇ ਸਮੇਂ ਇਹੀ ਹਾਲ ਸ਼ਹਿਰ ਦੀਆਂ ਹੋਰਨਾਂ ਸੜਕਾਂ ਦਾ ਸੀ। ਇਕ ਵੀ ਗੱਡੀ ਸੜਕ ’ਤੇ ਪੈਟਰੋਲਿੰਗ ਕਰਦੀ ਨਜ਼ਰ ਨਹੀਂ ਆਈ। ਸਾਫ਼ ਕਿਹਾ ਜਾ ਸਕਦਾ ਹੈ ਕਿ ਰਾਤ ਦੇ ਸਮੇਂ ਜੇਕਰ ਘਰੋਂ ਬਾਹਰ ਨਿਕਲਣਾ ਪਵੇ ਤਾਂ ਖੁਦ ਦੀ ਸੁਰੱਖਿਆ ਦਾ ਇੰਤਜ਼ਾਮ ਖੁਦ ਹੀ ਕਰਨਾ ਬਿਹਤਰ ਹੈ।

ਇਹ ਵੀ ਪੜ੍ਹੋ : ਵਿੱਤ ਮੰਤਰੀ ਚੀਮਾ ਵੱਲੋਂ ਸਕੂਲ ਸਿੱਖਿਆ ਵਿਭਾਗ ਨੂੰ ਮਿਡ-ਡੇ-ਮੀਲ ਕੁੱਕਾਂ ਦੀਆਂ ਤਨਖ਼ਾਹਾਂ ਬਾਰੇ ਕਮੇਟੀ ਬਣਾਉਣ ਦੇ ਨਿਰਦੇਸ਼

ਵੱਡਾ ਸਵਾਲ- ਆਖ਼ਰ ਕਿੱਥੇ ਰਹਿੰਦੀ ਹੈ ਰਾਤ ਦੇ ਸਮੇਂ ਪੁਲਸ?
ਹੁਣ ਇਹ ਸਵਾਲੀਆ ਨਿਸ਼ਾਨ ਹੈ ਕਿ ਆਖ਼ਰਕਾਰ ਪੁਲਸ ਹੈ ਕਿੱਥੇ? ਸੀ. ਪੀ. ਵੱਲੋਂ ਈ. ਆਰ. ਐੱਸ. ਵੀ ਗਠਿਤ ਕੀਤੀ ਗਈ ਪਰ ਉਸ ਦਾ ਫਾਇਦਾ ਹੀ ਕੀ ਜੋ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ’ਚ ਕੰਮ ਨਾ ਆਵੇ। ਨਾਈਟ ਡੋਮੀਨੇਸ਼ਨ, ਜੋ ਅਸੀਂ ਦੇਖਿਆ, ਉਹ ਸੀ. ਪੀ. ਦੇ ਧਿਆਨ ’ਚ ਕਿਉਂ ਨਹੀਂ ਹੈ। ਕੀ ਸੀ. ਪੀ. ਨੂੰ ਖੁਦ ਫੀਲਡ ’ਚ ਆ ਕੇ ਰਾਤ ਦੇ ਸਮੇਂ ਸ਼ਹਿਰ ਦੇ ਹਾਲਾਤ ਦੇਖਣੇ ਚਾਹੀਦੇ ਹਨ। ਇਸ ਸਮੇਂ ਸ਼ਹਿਰ ਦੇ ਲੋਕ ਦਹਿਸ਼ਤ ’ਚ ਹਨ ਅਤੇ ਸੀ. ਪੀ. ਹੀ ਇਕ ਅਜਿਹੇ ਸ਼ਖਸ ਹਨ, ਜੋ ਲੋਕਾਂ ਦੀ ਦਹਿਸ਼ਤ ਖਤਮ ਕਰ ਸਕਦੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ਨੂੰ ਮਿਲਣਗੀਆਂ ਦੋ ਨਵੀਆਂ ਵੰਦੇ ਭਾਰਤ : ਦਿੱਲੀ ਤੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਜਾਣਾ ਹੋਵੇਗਾ ਆਸਾਨ

ਸੀ. ਸੀ. ਟੀ. ਵੀ. ’ਚ ਦਿਸੀ ਬੋਲੈਰੋ ਸਵਾਰ ਲੁਟੇਰਿਆਂ ਦੀ ਦਹਿਸ਼ਤ, ਸਾਈਕਲ ਸਵਾਰ ਨੂੰ ਲੁੱਟਿਆ
ਮੰਗਲਵਾਰ ਨੂੰ ਗੁਲਾਬ ਦੇਵੀ ਰੋਡ ਦੀ ਇਕ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ। ਫੁਟੇਜ 25 ਦਸੰਬਰ ਦੀ ਰਾਤ ਦੀ ਹੈ। ਸੜਕ ’ਤੇ ਜਾ ਰਹੇ ਇਕ ਮਜ਼ਦੂਰ ਨੂੰ ਓਵਰਟੇਕ ਕਰ ਕੇ ਬੋਲੈਰੋ ਗੱਡੀ ਨੇ ਰੋਕਿਆ ਤੇ ਅੰਦਰੋਂ 4 ਨੌਜਵਾਨ ਬਾਹਰ ਆਏ। ਸਾਈਕਲ ਸਵਾਰ ਸਾਈਕਲ ਛੱਡ ਪਿੱਛੇ ਵੱਲ ਭੱਜੇ ਪਰ ਇਸੇ ਦੌਰਾਨ ਇਕ ਲੁਟੇਰੇ ਨੇ ਕਿਸੇ ਤੇਜ਼ਧਾਰ ਹਥਿਆਰ ਨੂੰ ਮਜ਼ਦੂਰ ਵੱਲ ਹਵਾ ’ਚ ਸੁੱਟਿਆ, ਜਿਸ ਨਾਲ ਮਜ਼ਦੂਰ ਡਿੱਗ ਗਿਆ। ਲੁਟੇਰਿਆਂ ਨੇ ਮਜ਼ਦੂਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਤਲਾਸ਼ੀ ਲੈ ਕੇ ਜੇਬ ’ਚੋਂ ਜੋ ਵੀ ਮਿਲਿਆ, ਉਹ ਲੈ ਕੇ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਹ ੈ ਕਿ ਉਥੋਂ 2 ਵਾਹਨ ਵੀ ਨਿਕਲੇ ਪਰ ਲੁਟੇਰੇ ਬਿਲਕੁਲ ਵੀ ਨਹੀਂ ਡਰੇ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਨਿਕਲੇ। ਫਿਲਹਾਲ ਪੁਲਸ ਨੂੰ ਸ਼ਿਕਾਇਤ ਨਹੀਂ ਦਿੱਤੀ ਗਈ ਹੈ।

PunjabKesari

ਲੈਬ ਕਰਮਚਾਰੀ ਨੂੰ ਦਾਤਰ ਮਾਰ ਕੇ ਵੀ ਲੁੱਟਿਆ ਸੀ ਬਾਈਕ, ਪਰਸ ਅਤੇ ਲੈਪਟਾਪ
19 ਦਸੰਬਰ ਨੂੰ ਸੋਢਲ ਰੋਡ ’ਤੇ ਬਾਈਕ ’ਤੇ ਸਵਾਰ ਹੋ ਕੇ ਆਏ 3 ਲੁਟੇਰਿਆਂ ਨੇ ਲੈਬ ਕਰਮਚਾਰੀਆਂ ਨੂੰ ਦਾਤਰ ਮਾਰ ਕੇ ਉਸ ਤੋਂ ਪਰਸ, ਬਾਈਕ ਤੇ ਲੈਪਟਾਪ ਸਮੇਤ ਕੱਪੜਿਆਂ ਦਾ ਬੈਗ ਲੁੱਟ ਕੇ ਫ਼ਰਾਰ ਹੋ ਗਏ ਸਨ। ਥਾਣਾ ਨੰ. 8 ’ਚ ਪੁਲਸ ਨੇ ਅਣਪਛਾਤੇ ਲੁਟੇਰਿਆਂ ਖ਼਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅਭਿਸ਼ੇਕ ਨਿਵਾਸੀ ਊਨਾ ਨੇ ਦੱਸਿਆ ਕਿ 19 ਦਸੰਬਰ ਨੂੰ ਉਹ ਦੇਰ ਰਾਤ ਇਕ ਵਜੇ ਸੋਢਲ ਰੋਡ ਤੋਂ ਨਿਕਲ ਰਿਹਾ ਸੀ ਕਿ ਬਾਈਕ ਸਵਾਰ 3 ਲੁਟੇਰਿਆਂ ਨੇ ਚੱਲਦੇ ਬਾਈਕ ’ਤੇ ਉਸ ਦੀ ਬਾਂਹ ’ਤੇ ਉਲਟੀ ਦਾਤਰ ਮਾਰ ਕੇ ਰੁਕਵਾ ਲਿਆ। ਲੁਟੇਰਿਆਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਤੇ ਉਸ ਦੀ ਜੇਬ ਤੋਂ ਪਰਸ ਕੱਢ ਲਿਆ। ਮੁਲਜ਼ਮ ਉਸ ਦਾ ਬਾਈਕ ਵੀ ਲੈ ਗਏ, ਜਿਸ ’ਤੇ 2 ਬੈਗ ਟੰਗੇ ਸਨ। ਇਕ ਬੈਗ ’ਚ ਲੈਪਟਾਪ ਸੀ ਤਾਂ ਦੂਜੇ ’ਚ ਕੱਪੜੇ ਤੇ ਕੀਮਤੀ ਸਾਮਾਨ ਸੀ।

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News