ਵਕਤ-ਵਕਤ ’ਤੇ ਇੰਝ ਬਦਲਦੀ ਰਹੀ ‘ਮਮਤਾ ਦੀ ਸਿਆਸੀ ਮੂਰਤ’

01/21/2019 7:14:20 PM

ਜਲੰਧਰ— (ਜਸਬੀਰ ਵਾਟਾਂ ਵਾਲੀ) ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਭਾਜਪਾ ਵਿਰੋਧੀਆਂ ਨੂੰ ਇਕਜੁੱਟ ਕਰਕੇ ਕੀਤੀ ਗਈ ਅੱਜ ਦੀ ਮਹਾਰੈਲੀ ਨੇ ਭਾਜਪਾ ਨੂੰ ਚਿੰਤਾ 'ਚ ਪਾ ਦਿੱਤਾ ਹੈ। ਇਸ ਰੈਲੀ 'ਚ ਜਿੱਥੇ ਭਾਰਤ ਦੇ ਕਈ ਹੋਰ ਧਾਕੜ ਨੇਤਾਵਾਂ ਨੇ ਸ਼ਿਰਕਤ ਕੀਤੀ ਉੱਥੇ ਹੀ ਰੈਲੀ 'ਚ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਭਾਜਪਾ ਨੇਤਾ ਸ਼ਤਰੂਘਨ ਸਿਨਹਾ ਵੀ ਮਮਤਾ ਦੀਦੀ ਦੇ ਖੇਮੇ 'ਚ ਜਾ ਪੁੱਜੇ। ਇੱਥੇ ਹੀ ਬੱਸ ਨਹੀਂ ਸ਼ਤਰੂਘਨ ਸਿਨ੍ਹਾ ਨੇ ਵਿਰੋਧੀਆਂ ਦੇ ਖੇਮੇ ਵਿਚ ਸਿਰਫ ਹਾਜ਼ਰੀ ਹੀ ਨਹੀਂ ਲਗਵਾਈ ਬਲਕਿ ਭਾਜਪਾ ਦਾ ਖੁਲ੍ਹਮ-ਖੁੱਲ੍ਹਾ ਵਿਰੋਧ ਕਰਦਿਆਂ ‘ਚੌਕੀਦਾਰ ਚੋਰ ਹੈ’ ਦੇ ਨਾਹਰੇ ਵੀ ਲਗਾ ਦਿੱਤੇ। ਮਮਤਾ ਦੇ ਨਾਲ ਸ਼ਤਰੂਘਨ ਸਿਨਹਾ ਦੀ ਇਸ ਸਾਂਝ ਨੇ ਜਿੱਥੇ ਭਾਜਪਾ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ, ਉੱਥੇ ਹੀ ਇਸ ਸਾਂਝ ਨੇ ਮੀਡੀਆ 'ਚ ਵੀ ਵੱਡੀ ਚਰਚਾ ਛੇੜ ਦਿੱਤੀ। ਇਸ 'ਚ ਕੋਈ ਸ਼ੱਕ ਨਹੀ ਕਿ ਕਈ ਭਾਜਪਾ ਵਿਰੋਧੀਆਂ ਨੂੰ ਇਕ ਮੰਚ ’ਤੇ ਇਕੱਠਾ ਕਰਨ ਨਾਲ 'ਚ ਮਮਤਾ ਦਾ ਕੱਦ ਇਕ ਵਾਰ ਫਿਰ ਵੱਡਾ ਹੋਇਆ ਹੈ।

PunjabKesari

ਮਮਤਾ ਬੈਨਰਜੀ ਦੇ ਜੀਵਨ ਦੇ ਸਿਆਸੀ ਉਤਰਾਅ-ਚੜ੍ਹਾਅ ਦੀ ਗੱਲ ਕਰੀਏ ਤਾਂ ਉਸ ਨੇ ਪੱਛਮੀ ਬੰਗਾਲ ਦੀ ਸਿਆਸਤ ਨੂੰ ਪਿਛਲੇ ਲੰਮੇ ਸਮੇਂ ਤੋਂ ਕਾਫੀ ਪ੍ਰਭਾਵਿਤ ਕੀਤਾ ਹੋਇਆ ਹੈ। ਇਹ ਗੱਲ ਜੱਗ ਜ਼ਾਹਰ ਹੈ ਕਿ ਸਿਅਸਤ 'ਚ ਮਮਤਾ ਦੀਆਂ ਜੜ੍ਹਾਂ ਪ੍ਰਣਬ ਮੁਖਰਜੀ ਦੇ ਆਸਰੇ ਨਾਲ ਲੱਗੀਆਂ ਸਨ ਅਤੇ ਇਸ ਦੌਰਾਨ ਉਸ ਨੇ ਮੁੱਖ ਮੰਤਰੀ ਬਣਨ ਦਾ ਸਿਆਸੀ ਮੁਕਾਮ ਹਾਸਲ ਕੀਤਾ। ਇਸ ਤੋਂ ਕੁਝ ਸਮਾਂ ਬਾਅਦ ਉਸ ਨੇ ਭਾਜਪਾ ਨਾਲ ਨੇੜਤਾ ਕਰ ਲਈ ਅਤੇ ਕਾਂਗਰਸ ਨੂੰ ਲੰਮੇ ਹੱਥੀਂ ਲੈਣਾ ਸ਼ੁਰੂ ਕਰ ਦਿੱਤਾ। ਇਥੇ ਹੀ ਬੱਸ ਨਹੀਂ ਉਸ ਨੇ ਤਾਂ ਪ੍ਰਣਬ ਮੁਖਰਜੀ ਦੇ ਰਾਸ਼ਟਰਪਤੀ ਬਣਨ ਦਾ ਵੀ ਖੁੱਲ੍ਹਮ-ਖੁੱਲ੍ਹਾ ਵਿਰੋਧ ਕੀਤਾ। 
ਹੋਰ ਸਿਆਸੀ ਧਾਰਾਵਾਂ ਦੇ ਨਾਲ ਮਮਤਾ ਦੇ ਵਿਰੋਧ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਮੁੱਢਲੇ ਸਿਆਸੀ ਸਫਰ ਦੌਰਾਨ ਖੱਬੇ ਪੱਖੀਆਂ ਦਾ ਵੀ ਖੁੱਲ੍ਹ ਕੇ ਵਿਰੋਧ ਕੀਤਾ ਸੀ। ਇਸ ਦੌਰਾਨ ਇਕ ਸਮਾਂ ਉਹ ਵੀ ਆਇਆ ਕਿ ਉਸ ਨੇ ਪੱਛਮੀ ਬੰਗਾਲ ਦੇ ਖੱਬੇ ਪੱਖੀਆਂ ਨੂੰ ਜੜ੍ਹ ਤੋਂ ਪੁੱਟਣ ਲਈ ਯਤਨ ਕੀਤੇ। ਇਸ ਦੌਰਾਨ ਮਮਤਾ ਦੇ ਦੋਹਰੇ ਕਿਰਦਾਰ ਇਕ ਪਹਿਲੂ ਇਹ ਸੀ ਕਿ ਇਕ ਪਾਸੇ ਉਸ ਨੇ ਭਾਜਪਾ ਨਾਲ ਗੂੜੀਆਂ ਸਾਂਝਾਂ ਪਾ ਰੱਖੀਆਂ ਸਨ ਅਤੇ ਦੂਜੇ ਪਾਸੇ ਮਾਓਵਾਦੀਆਂ ਨਾਲ ਵੀ ਇਕ-ਮਿਕ ਹੋਈ ਰਹੀ। ਸਿਆਸੀ ਮਾਹਰਾਂ ਦੀ ਮੰਨੀਏ ਤਾਂ ਮਮਤਾ ਬੈਨਰਜ਼ੀ ਨੇ ਇਹ ਖੇਡ ਮੁੱਖ ਮੰਤਰੀ ਦੀ ਕੁਰਸੀ ਤੱਕ ਪੁੱਜਣ ਲਈ ਹੀ ਖੇਡੀ ਸੀ, ਜਿਸ 'ਚ ਉਹ ਕਾਮਯਾਬ ਵੀ ਰਹੀ। 
ਇਸ ਤੋਂ ਬਾਅਦ ਮਮਤਾ ਦਾ ਨਾਂ ਚਿੱਟ ਫੰਡ ਘੋਟਾਲੇ 'ਚ ਬੋਲਣ ਲੱਗਾ ਤਾਂ ਉਸ ਦਾ ਸਿਆਸੀ ਕੱਦ ਘੱਟਣਾ ਸ਼ੁਰੂ ਹੋ ਗਿਆ। ਉਸ ਨੇ ਕਦੇ ਕਾਂਗਰਸ ਅਤੇ ਕਦੇ ਭਾਜਪਾ ਦੀ ਛਾਂ ਹੇਠ ਆਪਣੀ ਸਿਆਸੀ ਪਾਰੀ ਖੇਡਣੀ ਸ਼ੁਰੂ ਕੀਤੀ। ਮਮਤਾ ਨੂੰ ਘਿਰੀ ਦੇਖ ਜਦੋਂ ਭਾਜਪਾ ਨੇ ਉਸ ਨੂੰ ਕਮਜੋਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਨੇ ਭਾਜਪਾ ਦੇ ਵਿਰੋਧ 'ਚ ਨਿੱਤਰਨ ਦਾ ਫੈਸਲਾ ਕਰ ਲਿਆ। ਇਸ ਦੌਰਾਨ ਉਸ ਨੇ ਉਨ੍ਹਾਂ ਖੱਬੇਪੱਖੀ ਧਿਰਾਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨਾਲ ਉਸ ਦੀ ਮੁੱਢ ਤੋਂ ਹੀ ਖੜ੍ਹਕਦੀ ਰਹੀ ਸੀ। ਹੁਣ ਦੇਖਣਾ ਹੋਵੇਗਾ ਕਿ ਕਿਸੇ ਸਮੇਂ 'ਬੰਗਾਲ ਦੀ ਸ਼ੇਰਨੀ' ਕਹੇ ਜਾਣ ਵਾਲੀ ਇਹ ਆਗੂ ਆਉਣ ਵਾਲੇ ਸਮੇਂ 'ਚ ਭਾਰਤ ਦੀ ਰਾਜਨੀਤੀ ਨੂੰ ਕਿੰਨਾ ਕੁ ਪ੍ਰਭਾਵਿਤ ਕਰੇਗੀ।


Related News