ਪੰਜਾਬ ਦਾ ਪੈਰਿਸ ਕਪੂਰਥਲਾ ਬਦਲਿਆ ਗੰਦਗੀ ਵਿਚ

10/12/2017 7:08:03 AM

ਕਪੂਰਥਲਾ, (ਗੌਰਵ)- ਕਿਸੇ ਜ਼ਮਾਨੇ ਵਿਚ ਪੰਜਾਬ ਦਾ ਪੈਰਿਸ ਅਖਵਾਉਣ ਵਾਲੇ ਕਪੂਰਥਲਾ ਸ਼ਹਿਰ ਦੀ ਹਾਲਤ ਹੁਣ ਕਾਫੀ ਖਰਾਬ ਹੋ ਚੁੱਕੀ ਹੈ। ਜਗ੍ਹਾ-ਜਗ੍ਹਾ ਲੱਗੇ ਗੰਦਗੀ ਦੇ ਢੇਰਾਂ ਕਾਰਨ ਸ਼ਹਿਰ ਦਾ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ, ਜਿਸ ਕਰ ਕੇ ਲੋਕਾਂ ਨੂੰ ਰਿਆਸਤੀ ਸ਼ਹਿਰ ਕਪੂਰਥਲਾ ਦੀ ਬਦਹਾਲੀ 'ਤੇ ਰੋਣਾ ਆ ਰਿਹਾ ਹੈ।
 ਸ਼ਹਿਰ ਦੀ ਸਾਫ-ਸਫਾਈ ਦੇ ਸੁਚੱਜੇ ਪ੍ਰਬੰਧ ਨਾ ਹੋਣ ਕਾਰਨ ਇੱਥੇ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਪੰਜਾਬ ਵਿਚ ਦੂਜੇ ਨੰਬਰ 'ਤੇ ਆ ਚੁੱਕੀ ਹੈ ਤੇ ਹਾਲਾਤ ਇਹ ਹਨ ਕਿ ਕਪੂਰਥਲਾ ਦੇ ਡੇਂਗੂ ਦੇ ਮਰੀਜ਼ ਜਲੰਧਰ ਤੇ  ਲੁਧਿਆਣਾ ਆਦਿ ਵਰਗੇ ਵੱਡੇ ਸ਼ਹਿਰਾਂ ਵਿਚ ਦਾਖਲ ਹੋਏ ਪਏ ਹਨ। ਥਾਂ-ਥਾਂ 'ਤੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕਾਂ ਵਿਚ ਡੇਂਗੂ ਤੇ ਵਾਇਰਲ ਵਰਗੀਆਂ ਬੀਮਾਰੀਆਂ ਦਾ ਬਹੁਤ ਵਾਧਾ ਹੋ ਚੁੱਕਾ ਹੈ। ਕਪੂਰਥਲਾ ਦੇ ਡੀ. ਸੀ. ਚੌਕ ਕੋਲ ਤੇ ਡੀ. ਸੀ. ਦੀ ਕੋਠੀ ਦੀ ਦੀਵਾਰ ਦੇ ਨਾਲ ਲੱਗੇ ਗੰਦਗੀ ਦੇ ਢੇਰਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਸ਼ਾਸਨ ਕਿੰਨਾ ਕੁ ਸੁਚੇਤ ਹੈ।
 ਇਸੇ ਤਰ੍ਹਾਂ ਅੰਮ੍ਰਿਤਸਰ ਰੋਡ 'ਤੇ ਕੂੜੇ ਦੇ ਬਣ ਚੁੱਕੇ ਡੰਪ ਤੋਂ ਸਥਾਨਕ ਵਾਸੀ ਖਾਸੇ ਪ੍ਰੇਸ਼ਾਨ ਹਨ। ਇੱਥੇ ਕੂੜਾ ਵੱਡੀ ਤਾਦਾਦ ਵਿਚ ਜਮ੍ਹਾ ਪਿਆ ਰਹਿੰਦਾ ਹੈ। ਇਨ੍ਹਾਂ ਤੋਂ ਇਲਾਵਾ ਜਲੌਖਾਨਾ ਚੌਕ, ਪਸ਼ੂ ਹਸਪਤਾਲ ਦੇ ਬਾਹਰ, ਮਸਿਜਦ ਚੌਕ ਦੀ ਪਾਣੀ ਦੀ ਟੈਂਕੀ ਥੱਲੇ, ਕਾਂਜਲੀ ਰੋਡ, ਪੁਲਸ ਲਾਈਨ ਦੇ ਨੇੜੇ ਆਦਿ ਵੱਖ-ਵੱਖ ਥਾਵਾਂ 'ਤੇ ਕੂੜੇ ਦੇ ਲੱਗੇ ਢੇਰਾਂ ਕਾਰਨ ਸਥਾਨਕ ਲੋਕਾਂ ਵਿਚ ਹੋਰ ਭਿਆਨਕ ਬੀਮਾਰੀਆਂ ਫੈਲਣ ਦਾ ਕਾਫੀ ਡਰ ਸਤਾ ਰਿਹਾ ਹੈ। ਇਸ ਸਬੰਧੀ ਸ਼ਹਿਰ ਵਾਸੀ ਰੋਸ਼ਨ ਲਾਲ, ਦਮਨਪ੍ਰੀਤ, ਸੁਲਤਾਨ, ਰਾਜੀਵ ਘੁਲਿਆਨੀ ਆਦਿ ਮੋਹਤਬਰਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਸਾਫ-ਸਫਾਈ ਦਾ ਕੁਸ਼ਲ ਪ੍ਰਬੰਧ ਕੀਤਾ ਜਾਵੇ, ਜਿਸ ਨਾਲ ਲੋਕਾਂ ਵਿਚ ਫੈਲ ਰਹੀਆਂ ਭਿਆਨਕ ਬੀਮਾਰੀਆਂ ਖਤਮ ਹੋ ਸਕਣ। 


Related News