ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ’ਚ ਸਿੱਖ ਮਸਲਿਆਂ ਸਬੰਧੀ ਅਹਿਮ ਮਤੇ ਪਾਸ
Tuesday, Mar 28, 2023 - 08:25 PM (IST)
ਅੰਮ੍ਰਿਤਸਰ (ਸਰਬਜੀਤ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਿੱਖ ਮਾਮਲਿਆਂ ਨਾਲ ਸਬੰਧਤ ਅਹਿਮ ਮਤੇ ਪਾਸ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੇਸ਼ ਕੀਤੇ ਗਏ ਇਨ੍ਹਾਂ ਮਤਿਆਂ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ 'ਚ ਪ੍ਰਵਾਨਗੀ ਦਿੱਤੀ। ਪਾਸ ਕੀਤੇ ਮਤਿਆਂ ’ਚ ਸਿੱਖਾਂ ਨੂੰ ਆਪਣੇ ਬੱਚਿਆਂ ਦੇ ਨਾਂ ਰੱਖਣ ਸਮੇਂ ਸਿੰਘ ਅਤੇ ਕੌਰ ਲਗਾਉਣ, ਸਿੱਖ ਨੌਜਵਾਨੀ ਨੂੰ ਪ੍ਰਸ਼ਾਸਕੀ ਸੇਵਾਵਾਂ ਲਈ ਤਿਆਰ ਕਰਨ ਵਾਸਤੇ ਸੰਗਤ ਨੂੰ ਸਹਿਯੋਗ ਕਰਨ ਅਤੇ ਸਿੱਖ ਜੋੜ ਮੇਲਿਆਂ ਮੌਕੇ ਗੁਰਮਤਿ ਦੀ ਭਾਵਨਾ ਅਨੁਸਾਰ ਸ਼ਮੂਲੀਅਤ ਕਰਨ ਦੀ ਅਪੀਲ ਦੇ ਨਾਲ-ਨਾਲ ਕਈ ਸਿੱਖ ਮਸਲਿਆਂ ’ਤੇ ਗੱਲ ਕੀਤੀ ਗਈ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦਾ 11 ਅਰਬ 38 ਕਰੋੜ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਪਾਸ
ਸਿੱਖ ਕੌਮ ਨੂੰ ਅਪੀਲ ਕਰਦੇ ਮਤੇ 'ਚ ਕਿਹਾ ਗਿਆ ਕਿ ਹਰ ਸਿੱਖ ਆਪਣੇ ਬੱਚਿਆਂ ਦਾ ਨਾਂ ਰੱਖਣ ਸਮੇਂ ਸਿੰਘ ਅਤੇ ਕੌਰ ਜ਼ਰੂਰ ਲਗਾਉਣ। ਇਸ ਤੋਂ ਬਿਨਾਂ ਨਾਂ ਰੱਖਣੇ ਸਿੱਖ ਮਰਿਆਦਾ ਵਿਰੁੱਧ ਹੈ। ਸਿੱਖਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਸੋਸ਼ਲ ਮੀਡੀਆ ਖਾਤਿਆਂ 'ਚ ਵੀ ਉਹ ਆਪਣੇ ਨਾਂ ਨੂੰ ਸਿੰਘ ਅਤੇ ਕੌਰ ਤੋਂ ਬਿਨਾਂ ਨਾ ਲਿਖਣ। ਇਸ ਮਤੇ ਰਾਹੀਂ ਮੀਡੀਆ ਅਦਾਰਿਆਂ ਨੂੰ ਸਿੱਖ ਸ਼ਖਸੀਅਤਾਂ ਦੇ ਨਾਂ ਸਿੰਘ ਅਤੇ ਕੌਰ ਸਮੇਤ ਲਿਖੇ/ਪੜ੍ਹੇ ਅਤੇ ਪ੍ਰਕਾਸ਼ਿਤ ਕੀਤੇ ਜਾਣ ਲਈ ਆਖਿਆ ਗਿਆ ਹੈ।
ਇਹ ਵੀ ਪੜ੍ਹੋ : ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ’ਚ 56 ਬਹੁ-ਮੰਜ਼ਿਲਾ ਇਮਾਰਤਾਂ 'ਤੇ ਲਗਾਈਆਂ ਜਾਣਗੀਆਂ ਐਂਟੀ-ਸਮੋਗ ਗੰਨਜ਼
ਸੰਗਤ ਵੱਲੋਂ ਗੁਰੂ ਘਰਾਂ ਅੰਦਰ ਭੇਟ ਕੀਤੇ ਜਾਂਦੇ ਰੁਮਾਲਾ ਸਾਹਿਬ ਦੀ ਬਹੁਤਾਤ ਕਾਰਨ ਸਾਂਭ-ਸੰਭਾਲ ’ਚ ਆਉਂਦੀ ਮੁਸ਼ਕਿਲ ਸਬੰਧੀ ਪਾਸ ਕੀਤੇ ਗਏ ਇਕ ਮਤੇ 'ਚ ਕਿਹਾ ਗਿਆ ਕਿ ਸੰਗਤਾਂ ਲੋੜੀਂਦੇ ਰੁਮਾਲਾ ਸਾਹਿਬ ਹੀ ਭੇਟ ਕਰਨ ਅਤੇ ਇਸ ਦੇ ਬਦਲ ਵਜੋਂ ਸਿੱਖ ਨੌਜਵਾਨੀ ਨੂੰ ਪ੍ਰਸ਼ਾਸਕੀ ਸੇਵਾਵਾਂ ਵਿੱਚ ਮੌਕੇ ਮੁਹੱਈਆ ਕਰਵਾਉਣ ਲਈ ਯੋਗਦਾਨ ਪਾਉਣ। ਇਸ ਮੌਕੇ ਕਿਹਾ ਗਿਆ ਕਿ ਮੌਜੂਦਾ ਸਮਾਂ ਬੌਧਿਕ ਤੌਰ ’ਤੇ ਅੱਗੇ ਵਧਣ ਦਾ ਹੈ, ਜਿਸ ਲਈ ਸਿੱਖ ਨੌਜਵਾਨੀ ਨੂੰ ਉੱਚ ਅਫ਼ਸਰ ਬਣਾਉਣਾ ਜ਼ਰੂਰੀ ਹੈ। ਇਸ ਸਬੰਧੀ ਸਿੱਖ ਕੌਮ ਆਪਣਾ ਹਿੱਸਾ ਪਾ ਸਕਦੀ ਹੈ। ਸੰਗਤ ਨੂੰ ਅਪੀਲ ਕੀਤੀ ਗਈ ਕਿ ਰੁਮਾਲਾ ਸਾਹਿਬ ਦੀ ਲੋੜ ਅਨੁਸਾਰ ਭੇਟਾ ਤੋਂ ਇਲਾਵਾ ਸਿੱਖ ਕੌਮ ਗੁਰਸਿੱਖ ਨੌਜਵਾਨਾਂ ਨੂੰ ਆਈ. ਏ. ਐੱਸ., ਆਈ. ਪੀ. ਐੱਸ., ਆਈ. ਐੱਫ. ਐੱਸ., ਪੀ. ਪੀ. ਐੱਸ. ਸੀ. ਆਦਿ ਮੁਕਾਬਲਾ ਪ੍ਰੀਖਿਆਵਾਂ ਦੀ ਕੋਚਿੰਗ ਲਈ ਅੱਗੇ ਆਵੇ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਕਾਰਜ ਲਈ ਸ਼ੁਰੂ ਕੀਤੀ ਗਈ ਨਿਸ਼ਚੈ ਅਕੈਡਮੀ ’ਚ ਵਿੱਤੀ ਹਿੱਸਾ ਪਾਵੇ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਤਾਜ਼ਾ ਕੁਦਰਤੀ ਆਫ਼ਤਾਂ ਵਿੱਚ 9 ਦੀ ਮੌਤ, 74 ਜ਼ਖ਼ਮੀ
ਬਜਟ ਇਜਲਾਸ ਦੌਰਾਨ ਪੰਜਾਬ ਦੇ ਮੌਜੂਦਾ ਬਣੇ ਹਾਲਾਤ ’ਚ ਸਰਕਾਰਾਂ ਵੱਲੋਂ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਵੀ ਕਰੜੀ ਨਿੰਦਾ ਕੀਤੀ ਗਈ। ਇਸ ਮਤੇ ਰਾਹੀਂ ਸਰਕਾਰ ਨੂੰ ਸਿੱਖ ਸਰੋਕਾਰ ਸਮਝਣ ਅਤੇ ਪੰਜਾਬ ਲਈ ਨਿਭਣ ਦੀ ਨਸੀਹਤ ਦਿੱਤੀ ਗਈ। ਮਤੇ ਰਾਹੀਂ ਵਚਨਬੱਧਤਾ ਪ੍ਰਗਟਾਈ ਗਈ ਕਿ ਜਿਨ੍ਹਾਂ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਜਾਵੇਗੀ। ਇਹ ਵੀ ਕਿਹਾ ਗਿਆ ਕਿ ਇਨ੍ਹਾਂ ਹਾਲਾਤ ਦੌਰਾਨ ਜਿਨ੍ਹਾਂ ਮੀਡੀਆ ਅਦਾਰਿਆਂ, ਪੱਤਰਕਾਰਾਂ ਅਤੇ ਵੈੱਬ ਚੈਨਲਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ, ਸ਼੍ਰੋਮਣੀ ਕਮੇਟੀ ਉਨ੍ਹਾਂ ਦਾ ਡੱਟ ਕੇ ਸਾਥ ਦੇਵੇਗੀ। ਇਸ ਦੇ ਨਾਲ ਹੀ ਖਾਲਸਾ ਰਾਜ ਦੇ ਝੰਡਿਆਂ ਤੇ ਨਿਸ਼ਾਨਾਂ ਨੂੰ ਵੱਖਵਾਦੀ ਪੇਸ਼ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਵੀ ਫ਼ੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ : ਦਲਾਈ ਲਾਮਾ ਨੇ 8 ਸਾਲ ਦੇ ਅਮਰੀਕੀ ਮੰਗੋਲੀਆਈ ਬੱਚੇ ਨੂੰ ਬਣਾਇਆ ਬੁੱਧ ਧਰਮ ਦਾ ਸਭ ਤੋਂ ਵੱਡਾ ਧਰਮਗੁਰੂ
ਸ਼੍ਰੋਮਣੀ ਕਮੇਟੀ ਦੇ ਇਜਲਾਸ ’ਚ ਸਿੱਖ ਇਤਿਹਾਸ ਨੂੰ ਵਿਗਾੜਨ ਅਤੇ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਵਾਲੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਵਿਅਕਤੀਆਂ ’ਤੇ ਕਾਰਵਾਈ ਵੀ ਮੰਗੀ ਗਈ ਹੈ। ਮਤੇ 'ਚ ਕਿਹਾ ਗਿਆ ਕਿ ਸਿੱਖ ਪਛਾਣ, ਸਿੱਖ ਸੰਸਥਾਵਾਂ, ਮਰਿਆਦਾ ਅਤੇ ਇਤਿਹਾਸ ਨੂੰ ਕੁਝ ਲੋਕ ਜਾਣਬੁਝ ਕੇ ਸੱਟ ਮਾਰ ਰਹੇ ਹਨ। ਸਰਕਾਰਾਂ ਇਸ ਵਰਤਾਰੇ ਨੂੰ ਠੱਲ੍ਹਣ ਦੀ ਬਜਾਏ ਜਾਣਬੁਝ ਕੇ ਨਜ਼ਰਅੰਦਾਜ਼ ਕਰ ਰਹੀਆਂ ਹਨ। ਦੂਸਰੇ ਪਾਸੇ ਸਿੱਖ ਮੀਡੀਆ ਅਦਾਰਿਆਂ ਅਤੇ ਨਿੱਜੀ ਖਾਤਿਆਂ ਨੂੰ ਬੈਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਿਤਾ ਨੇ 15 ਮਹੀਨਿਆਂ ਦੀ ਬੇਟੀ ਨੂੰ ਕੰਧ ਨਾਲ ਪਟਕਾ ਕੇ ਮਾਰਿਆ, ਹੋਈ ਦਰਦਨਾਕ ਮੌਤ
ਇਜਲਾਸ ਨੇ ਮੰਗ ਕੀਤੀ ਕਿ ਸਰਕਾਰ ਸੋਸ਼ਲ ਮੀਡੀਆ ’ਤੇ ਸਿੱਖਾਂ ਵਿਰੁੱਧ ਨਫ਼ਰਤੀ ਪ੍ਰਚਾਰ ਕਰਨ ਵਾਲੇ ਲੋਕਾਂ ਵਿਰੁੱਧ ਸਖਤ ਕਾਰਵਾਈ ਕਰੇ ਤੇ ਕਿਸੇ ਵੀ ਨਫ਼ਰਤ ਫੈਲਾਉਣ ਵਾਲੇ ਵਿਅਕਤੀ ਨਾਲ ਇਕੋ ਜਿਹਾ ਵਿਵਹਾਰ ਕੀਤਾ ਜਾਵੇ, ਨਾ ਕਿ ਕਿਸੇ ਵਿਸ਼ੇਸ਼ ਧਰਮ ਨੂੰ ਦੂਸਰੇ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਖੁੱਲ੍ਹਾ ਛੱਡਿਆ ਜਾਵੇ।
ਪਾਸ ਕੀਤੇ ਗਏ ਇਕ ਮਤੇ 'ਚ ਸਿੱਖ ਕੌਮ ਦੇ ਵੱਖ-ਵੱਖ ਸੂਬਿਆਂ 'ਚ ਇਤਿਹਾਸਕ ਅਸਥਾਨਾਂ ਸਮੇਤ ਅੰਤਰਰਾਸ਼ਟਰੀ ਸਿੱਖ ਮਸਲੇ ਹੱਲ ਕਰਨ ਦੀ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਗਈ। ਇਸੇ ਮਤੇ 'ਚ ਫੌਜ, ਬੀ. ਬੀ. ਐੱਮ. ਬੀ., ਚੰਡੀਗੜ੍ਹ, ਯੂਨੀਵਰਸਿਟੀਆਂ ਆਦਿ ਵਿੱਚ ਪੰਜਾਬ ਅਤੇ ਸਿੱਖਾਂ ਨਾਲ ਕੀਤੇ ਜਾ ਰਹੇ ਵਿਤਕਰੇ ਦੀ ਵੀ ਆਲੋਚਨਾ ਕੀਤੀ ਗਈ। ਇਸ ਵਿੱਚ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਸਿੱਖਾਂ ਨਾਲ ਅਜਿਹਾ ਵਰਤਾਰਾ ਬੰਦ ਕਰੇ ਅਤੇ ਸਿੱਖ ਮਸਲਿਆਂ ’ਚ ਨਿਆਂਪੂਰਵਕ ਹੱਲ ਕਰੇ।
ਇਹ ਵੀ ਪੜ੍ਹੋ : ਪਾਕਿਸਤਾਨੀ ਵਿਅਕਤੀ ਨੇ Whatsapp ਗਰੁੱਪ 'ਤੇ ਭੇਜਿਆ ਈਸ਼ਨਿੰਦਾ ਦਾ ਮੈਸੇਜ, ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ
ਬਜਟ ਇਜਲਾਸ ਵਿੱਚ ‘ਸਿੱਖ ਇਕ ਵੱਖਰੀ ਕੌਮ’ ਦਾ ਮਤਾ ਵੀ ਲਿਆਂਦਾ ਗਿਆ ਹੈ। ਇਸ ਮਤੇ 'ਚ ਕਿਹਾ ਗਿਆ ਹੈ ਕਿ ਸਿੱਖ ਹਰ ਧਰਮ ਦਾ ਸਤਿਕਾਰ ਕਰਦੇ ਹਨ ਪਰ ਸਿੱਖ ਪਛਾਣ, ਇਤਿਹਾਸ ਤੇ ਪ੍ਰੰਪਰਾਵਾਂ ਨੂੰ ਸੱਟ ਮਾਰਨ ਵਾਲੀਆਂ ਤਾਕਤਾਂ ਹਰਗਿਜ਼ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਜਨਰਲ ਇਜਲਾਸ ਨੇ ਇਸ ਮਤੇ ਰਾਹੀਂ ਤਾੜਨਾ ਕੀਤੀ ਕਿ ਕੋਈ ਵੀ ਸਿੱਖ ਕੌਮ ਦੀ ਵਿਲੱਖਣਤਾ, ਨਿਆਰੇਪਣ ਅਤੇ ਮੌਲਿਕਤਾ ਨੂੰ ਰਲਗਡ ਕਰਨ ਦਾ ਯਤਨ ਨਾ ਕਰੇ।
ਇਕ ਮਤੇ ਰਾਹੀਂ ਹਰਿਆਣਾ ਸਿੱਖ ਗੁਰਦੁਆਰਾ ਐਕਟ 2014 ਦਾ ਸਖਤ ਵਿਰੋਧ ਕਰਦਿਆਂ ਭਾਰਤ ਸਰਕਾਰ ਪਾਸੋਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ, ਜਿਨ੍ਹਾਂ ਗੁਰੂ ਘਰਾਂ ਦਾ ਹਰਿਆਣਾ ਸਰਕਾਰ ਦੀ ਸ਼ਹਿ ’ਤੇ ਪ੍ਰਬੰਧ ਜਬਰੀ ਹਥਿਆਇਆ ਗਿਆ, ਨੂੰ ਵੀ ਸ਼੍ਰੋਮਣੀ ਕਮੇਟੀ ਕੋਲ ਵਾਪਸ ਦੇਣ ਲਈ ਆਖਿਆ ਗਿਆ। ਇਸੇ ਤਰ੍ਹਾਂ ਹੀ ਇਕ ਮਤੇ ’ਚ ਬੰਦੀ ਸਿੰਘਾਂ ਦੇ ਮਸਲੇ ਨੂੰ ਵੀ ਉਭਾਰਿਆ ਗਿਆ। ਇਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਗਈ ਦਸਤਖ਼ਤੀ ਮੁਹਿੰਮ ਦਾ ਜ਼ਿਕਰ ਕੀਤਾ ਗਿਆ। ਇਸ ਦੇ ਨਾਲ ਹੀ ਸਰਕਾਰਾਂ ਨੂੰ ਆਪਣਾ ਅੜੀਅਲ ਵਤੀਰਾ ਛੱਡਣ ਅਤੇ ਮਨੁੱਖੀ ਅਧਿਕਾਰਾਂ ਦੀ ਰੌਸ਼ਨੀ ’ਚ ਫ਼ੈਸਲਾ ਲੈਣ ਦੀ ਅਪੀਲ ਕੀਤੀ ਗਈ।
ਇਹ ਵੀ ਪੜ੍ਹੋ : ਇੰਟਰਨੈੱਟ ਬੰਦ ਕੀਤੇ ਜਾਣ 'ਤੇ ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਕਿਹਾ- ਪੰਜਾਬ ਦੀਆਂ ਘਟਨਾਵਾਂ 'ਤੇ ਸਾਡੀ ਤਿੱਖੀ ਨਜ਼ਰ
ਇਕ ਮਤੇ ’ਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਖੋਲ੍ਹਣ ਦੇ ਨਾਂ ’ਤੇ ਸਿੱਖ ਸ਼ਖ਼ਸੀਅਤਾਂ ਅਤੇ ਸ਼ਹੀਦਾਂ ਦੀਆਂ ਯਾਦਗਾਰਾਂ ਵਜੋਂ ਬਣੇ ਸਿਹਤ ਕੇਂਦਰਾਂ ਦੇ ਨਾਂ ਬਦਲਣ ਦੀ ਵੀ ਨਿਖੇਧੀ ਕੀਤੀ ਗਈ। ਇਸ ਮਤੇ ’ਚ ਪੰਜਾਬ ਸਰਕਾਰ ਨੂੰ ਪਹਿਲਾਂ ਦੀ ਤਰ੍ਹਾਂ ਯਾਦਗਾਰੀ ਸਿਹਤ ਕੇਂਦਰਾਂ ਦੇ ਨਾਂ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਤੋਂ ਆਮ ਆਦਮੀ ਕਲੀਨਿਕ ਤੇ ਮੁੱਖ ਮੰਤਰੀ ਦੀਆਂ ਤਸਵੀਰਾਂ ਹਟਾਉਣ ਲਈ ਆਖਿਆ ਗਿਆ।
ਜਲੰਧਰ ਨੇੜੇ ਕਰਤਾਰਪੁਰ ’ਚ ਪਿਛਲੀਆਂ ਸਰਕਾਰਾਂ ਵੱਲੋਂ ਸਥਾਪਤ ਕੀਤੀ ਗਈ ਜੰਗ-ਏ-ਅਜ਼ਾਦੀ ਯਾਦਗਾਰ ਖ਼ਿਲਾਫ਼ ਮੌਜੂਦਾ ਪੰਜਾਬ ਸਰਕਾਰ ਵੱਲੋਂ ਬਦਲਾਲਊ ਭਾਵਨਾ ਨਾਲ ਕੀਤੀ ਜਾ ਰਹੀ ਕਾਰਵਾਈ ਨੂੰ ਵੀ ਗਲਤ ਕਰਾਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਰਾਜਸੀ ਹਿੱਤਾਂ ਲਈ ਇਸ ਸਬੰਧ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਜਿਸ ਨੂੰ ਤੁਰੰਤ ਬੰਦ ਕੀਤਾ ਜਾਵੇ। ਪਾਸ ਕੀਤੇ ਇਕ ਮਤੇ ’ਚ ਸਿੱਖ ਧਰਮ ਇਤਿਹਾਸ ਨਾਲ ਸਬੰਧਤ ਜੋੜ ਮੇਲਿਆਂ ਦੌਰਾਨ ਸੰਗਤ ਨੂੰ ਗੁਰਮਤਿ ਮਰਿਆਦਾ ਅਨੁਸਾਰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਕਿਹਾ ਗਿਆ ਕਿ ਜੋੜ ਮੇਲਿਆਂ ਮੌਕੇ ਖ਼ਾਲਸਾਈ ਪ੍ਰਗਟਾਅ ਅਤੇ ਗੁਰਮਤਿ ਅਨੁਸਾਰ ਪੇਸ਼ਕਾਰੀ ਅਤਿ-ਲਾਜ਼ਮੀ ਹੈ, ਇਸ ਲਈ ਸੰਗਤ ਆਪੋ-ਆਪਣੀ ਬਣਦੀ ਭੂਮਿਕਾ ਨਿਭਾਵੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।