ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਪੈ ਸਕਦੀ ਹੈ ਭਾਰੀ ਪਰੇਸ਼ਾਨੀ
Tuesday, Jan 09, 2024 - 09:47 AM (IST)
ਜਲੰਧਰ (ਪੁਨੀਤ) : ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ 'ਚ ਹੋ ਰਹੀ ਦੇਰੀ ਸਬੰਧੀ ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਨੇ ਸੰਘਰਸ਼ ਦਾ ਬਿਗੁਲ ਵਜਾਉਂਦੇ ਹੋਏ ‘ਚੱਕਾ ਜਾਮ’ ਕਰਨ ਦੀ ਚਿਤਾਵਨੀ ਦਿੱਤੀ ਹੈ। ਵਿਭਾਗ ਵੱਲੋਂ ਲਾਈਆਂ ਜਾਣ ਵਾਲੀਆਂ ਕੰਡੀਸ਼ਨਾਂ ਅਤੇ ਲਗਾਤਾਰ ਹੋ ਰਹੀ ਰਿਪੋਰਟ ਸਬੰਧੀ ਨਿਯਮਾਂ ਵਿਚ ਬਦਲਾਅ ਕਰਨ ਦੀ ਮੰਗ ਪ੍ਰਮੁੱਖਤਾ ਨਾਲ ਉਠਾਈ ਗਈ। ਉਨ੍ਹਾਂ ਕਿਹਾ ਕਿ ਜੇਕਰ ਇਸ ਪ੍ਰਤੀ ਤੁਰੰਤ ਪ੍ਰਭਾਵ ਨਾਲ ਐਕਸ਼ਨ ਨਾ ਲਿਆ ਗਿਆ ਤਾਂ ਵਿਭਾਗ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਇਸੇ ਲੜੀ ਵਿਚ ਅਗਲੇ ਪ੍ਰਦਰਸ਼ਨਾਂ ਦੀ ਰੂਪ-ਰੇਖਾ ਤਿਆਰ ਕਰਨ ਲਈ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਬੱਸ ਸਟੈਂਡ ਵਿਖੇ ਬੁਲਾਈ ਗਈ, ਜਿਸ ਵਿਚ ਪੰਜਾਬ ਦੇ ਸਾਰੇ 27 ਡਿਪੂਆਂ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਮੀਟਿੰਗ ਤੋਂ ਪਹਿਲਾਂ ਬੱਸ ਸਟੈਂਡ ਵਿਚ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨ ਕਰਦੇ ਹੋਏ ਵਿਭਾਗ ਅਤੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਇਸ ਲੜੀ ਤਹਿਤ ਆਪਸੀ ਸਹਿਮਤੀ ਨਾਲ ਸੂਬੇ ਭਰ ਵਿਚ ਰੋਸ ਪ੍ਰਦਰਸ਼ਨਾਂ ਦੀ ਤਿਆਰੀ ਕੀਤੀ ਗਈ ਹੈ ਤਾਂ ਜੋ ਵਿਭਾਗੀ ਅਧਿਕਾਰੀਆਂ ਨੂੰ ਕੁੰਭਕਰਨੀ ਨੀਂਦ ਤੋਂ ਜਗਾਇਆ ਜਾ ਸਕੇ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਬੁਲਾਰਿਆਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਦਿੱਤੇ ਗਏ ਭਰੋਸੇ ਖੋਖਲੇ ਸਾਬਿਤ ਹੋ ਰਹੇ ਹਨ। ਵਿਭਾਗ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ, ਜਿਸ ਕਾਰਨ ਯੂਨੀਅਨ ਵਿਚ ਰੋਸ ਵੱਧਦਾ ਜਾ ਰਿਹਾ ਹੈ। ਗਿੱਲ ਅਤੇ ਢਿੱਲੋਂ ਨੇ ਕਿਹਾ ਕਿ ਬੱਸਾਂ ਵਿਚ ਜ਼ਿਆਦਾ ਯਾਤਰੀ ਹੋਣ ’ਤੇ ਕੰਡਕਟਰਾਂ ਅਤੇ ਡਰਾਈਵਰਾਂ ਨੂੰ ਰਿਪੋਰਟ ਅਤੇ ਹੋਰ ਵਿਭਾਗੀ ਇਨਕੁਆਇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : 26 ਜਨਵਰੀ ਦੇ ਸਮਾਗਮ 'ਚ CM ਮਾਨ ਹੋਣਗੇ ਮੁੱਖ ਮਹਿਮਾਨ, ਤਿਆਰੀਆਂ ਨੂੰ ਲੈ ਕੇ ਹੋਈ ਵਿਸ਼ੇਸ਼ ਮੀਟਿੰਗ
ਇਸ ਕਾਰਨ ਯੂਨੀਅਨ ਨੇ ਫ਼ੈਸਲਾ ਕੀਤਾ ਹੈ ਕਿ 23 ਜਨਵਰੀ ਤੋਂ ਬੱਸਾਂ 'ਚ ਯਾਤਰੀਆਂ ਨੂੰ ਬਿਠਾਉਣ ਸਬੰਧੀ ਕਾਨੂੰਨ ਦੀ ਪੂਰੀ ਪਾਲਣਾ ਕੀਤੀ ਜਾਵੇਗੀ। ਇਸੇ ਲੜੀ ਤਹਿਤ ਬੱਸਾਂ ਵਿਚ ਸੀਟਾਂ ਮੁਤਾਬਕ 52 ਤੋਂ ਵੱਧ ਯਾਤਰੀਆਂ ਨੂੰ ਨਹੀਂ ਬਿਠਾਇਆ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਇਸ ਸਮੇਂ ਬੱਸਾਂ ਵਿਚ 80 ਤੋਂ ਵੱਧ ਯਾਤਰੀ ਚੜ੍ਹ ਜਾਂਦੇ ਹਨ, ਜਿਸ ਕਾਰਨ ਬੱਸਾਂ ਓਵਰਲੋਡ ਹੋ ਜਾਂਦੀਆਂ ਹਨ ਅਤੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਕੋਈ ਵੀ ਸਰਕਾਰੀ ਬੱਸ ਓਵਰਲੋਡ ਨਹੀਂ ਚੱਲੇਗੀ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੱਚਾਈ ਇਹ ਹੈ ਕਿ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਨੂੰ ਕਿਸੇ ਵੀ ਠੇਕਾ ਕਰਮਚਾਰੀ ਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ ਹੈ।
ਚੱਕਾ ਜਾਮ ਤੋਂ ਪਹਿਲਾਂ ਚਿਤਾਵਨੀ ਵਜੋਂ 22 ਜਨਵਰੀ ਤੋਂ ਸੂਬੇ ਭਰ ਵਿਚ ਰੋਹ ਭਰਪੂਰ ਰੈਲੀਆਂ ਕਰ ਕੇ ਰੋਸ ਪ੍ਰਦਰਸ਼ਨਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ। ਪੰਜਾਬ ਦੇ ਸਾਰੇ 27 ਡਿਪੂਆਂ ਵਿਚ ਰੋਸ ਰੈਲੀਆਂ ਕਰ ਕੇ ਨੀਤੀਆਂ ਦੀ ਆਲੋਚਨਾ ਕੀਤੀ ਜਾਵੇਗੀ। ਇਸ ਦੇ ਨਾਲ ਹੀ 26 ਜਨਵਰੀ ਨੂੰ ਪੰਜਾਬ ਵਿਚ ਹੋਣ ਵਾਲੇ ਵੱਡੇ ਪ੍ਰੋਗਰਾਮਾਂ ਵਿਚ ਆਗੂਆਂ ਨੂੰ ਕਾਲੇ ਝੰਡੇ ਦਿਖਾਏ ਜਾਣਗੇ ਅਤੇ ਸੀਨੀਅਰ ਆਗੂਆਂ ਦੇ ਪ੍ਰੋਗਰਾਮਾਂ ਵਿਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਜੇਕਰ ਇਸ ਤੋਂ ਬਾਅਦ ਵੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਪ੍ਰਦਰਸ਼ਨ ਤੇਜ਼ ਕਰਦੇ ਹੋਏ 1 ਫਰਵਰੀ ਨੂੰ ਪਨਬੱਸ ਦੇ ਮੁੱਖ ਦਫ਼ਤਰ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸੇ ਤਰ੍ਹਾਂ 7 ਫਰਵਰੀ ਨੂੰ ਸੂਬੇ ਭਰ ਦੇ ਬੱਸ ਅੱਡਿਆਂ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਪੁਤਲਾ ਫੂਕ ਪ੍ਰਦਰਸ਼ਨ ਕੀਤੇ ਜਾਣਗੇ। ਚੱਕਾ ਜਾਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੰਘਰਸ਼ ਦੇ ਹਿੱਸੇ ਵਜੋਂ 13-14-15 ਫਰਵਰੀ ਨੂੰ ਤਿੰਨ ਰੋਜ਼ਾ ਚੱਕਾ ਜਾਮ ਕੀਤਾ ਜਾਵੇਗਾ, ਜਿਸ ਵਿਚ ਕਰਮਚਾਰੀਆਂ ਵੱਲੋਂ ਕੰਮਕਾਜ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਪੱਧਰ ’ਤੇ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ। ਇਸੇ ਤਹਿਤ ਬੱਸ ਅੱਡੇ ਬੰਦ ਕਰਨ ਦੀ ਵੀ ਯੋਜਨਾ ਬਣਾਈ ਜਾਵੇਗੀ ਅਤੇ ਪ੍ਰਾਈਵੇਟ ਬੱਸਾਂ ਨੂੰ ਬੱਸ ਅੱਡੇ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8