ਬਿਜਲੀ ਬਿੱਲ ਤੇ ਕੱਟਾਂ ਨੂੰ ਲੈ ਕੇ ਖ਼ਪਤਕਾਰਾਂ ਲਈ ਅਹਿਮ ਖ਼ਬਰ, ਪਾਵਰਕਾਮ ਨੇ ਦਿੱਤੀ ਵੱਡੀ ਅਪਡੇਟ

01/08/2024 6:55:11 PM

ਜਲੰਧਰ (ਪੁਨੀਤ)- ਪਾਵਰਕਾਮ ਵੱਲੋਂ ਬਿਜਲੀ ਖ਼ਪਤਕਾਰਾਂ ਨੂੰ ਸਿਸਟਮ ’ਚ ਅਪਡੇਟ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਜਲੰਧਰ ਦੇ 70 ਫ਼ੀਸਦੀ ਖ਼ਪਤਕਾਰਾਂ ਦਾ ਡਾਟਾ ਅਪਡੇਟ ਕੀਤਾ ਗਿਆ ਹੈ। ਬਿਜਲੀ ਖ਼ਪਤਕਾਰ ਵੈੱਬਸਾਈਟ 'ਤੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ ਜਾਂ ਸਬੰਧਤ ਬਿਜਲੀ ਦਫ਼ਤਰ 'ਚ ਜਾ ਕੇ ਆਪਣਾ ਖਾਤਾ ਰਜਿਸਟਰ ਕਰਵਾ ਸਕਦੇ ਹਨ। ਸਿਸਟਮ ’ਚ ਅਪਡੇਟ ਹੋਣ ਵਾਲੇ ਖ਼ਪਤਕਾਰਾਂ ਨੂੰ ਮੋਬਾਇਲ ਰਾਹੀਂ ਬਿਜਲੀ ਦੇ ਬਿੱਲਾਂ ਸਮੇਤ ਹੋਰ ਜਾਣਕਾਰੀ ਮਿਲੇਗੀ। ਇਸ ਤਹਿਤ ਤੁਸੀਂ ਪਾਵਰਕੱਟਾਂ ਬਾਰੇ ਜਾਣਕਾਰੀ ਦੇ ਨਾਲ ਵੀ ਅਪਡੇਟ ਰਹਿ ਸਕੋਗੇ। ਵਿਭਾਗ ਵੱਲੋਂ ਰਾਜ ਪੱਧਰੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਖ਼ਪਤਕਾਰਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।

ਬਿਜਲੀ ਕੱਟਾਂ ਸਬੰਧੀ ਜਾਣਕਾਰੀ ਦਿੰਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਹੜੇ ਖ਼ਪਤਕਾਰ ਆਪਣੇ-ਆਪ ਨੂੰ ਅਪਡੇਟ ਕਰਨਗੇ, ਉਨ੍ਹਾਂ ਨੂੰ ਇਕ ਦਿਨ ਪਹਿਲਾਂ ਹੀ ਕੱਟ ਬਾਰੇ ਜਾਣਕਾਰੀ ਮਿਲਣੀ ਸ਼ੁਰੂ ਹੋ ਜਾਵੇਗੀ। ਵਿਭਾਗ ਵੱਲੋਂ ਜਿਸ ਸਬ-ਡਿਵੀਜ਼ਨ ’ਚ ਬਿਜਲੀ ਬੰਦ ਰੱਖੀ ਜਾਣੀ ਹੈ, ਉਸ ਦੇ ਜੇ. ਈ. ਬਿਜਲੀ ਬੰਦ ਹੋਣ ਬਾਰੇ ਮੁੱਖ ਦਫ਼ਤਰ ਨੂੰ ਇਕ ਦਿਨ ਪਹਿਲਾਂ ਸੂਚਿਤ ਕਰਨਗੇ। ਸਬ-ਡਿਵੀਜ਼ਨ ਵੱਲੋਂ ਸੂਚਨਾ ਦੇਣ ਤੋਂ ਬਾਅਦ ਸਰਕਲ ਦਫ਼ਤਰ ’ਚ ਬੈਠੇ ਕੰਪਿਊਟਰ ਆਪ੍ਰੇਟਰ ਬਿਜਲੀ ਕੱਟਾਂ ਦੀ ਜਾਣਕਾਰੀ ਵਿਭਾਗ ਦੀ ਵੈੱਬਸਾਈਟ ’ਤੇ ਅਪਡੇਟ ਕਰਨਗੇ। ਇਸ ਸਬੰਧੀ ਮੁੱਖ ਦਫ਼ਤਰ ਵੱਲੋਂ ਜਲੰਧਰ ਦੇ ਅਧਿਕਾਰੀਆਂ ਨੂੰ ਵੈੱਬਸਾਈਟ ਅਪਡੇਟ ਕਰਨ ਦੇ ਅਧਿਕਾਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਜ਼ਮੀਨ-ਜਾਇਦਾਦਾਂ ਦੀਆਂ ਰਜਿਸਟਰੀਆਂ ਤੋਂ ਹੋਣ ਵਾਲੀ ਆਮਦਨ ਨੂੰ ਲੈ ਕੇ ਮੰਤਰੀ ਜਿੰਪਾ ਦਾ ਅਹਿਮ ਬਿਆਨ

ਇਸ ਤੋਂ ਬਾਅਦ, ਉਨ੍ਹਾਂ ਸਾਰੇ ਖ਼ਪਤਕਾਰਾਂ ਨੂੰ ਇਕ ਅਲਰਟ ਸੁਨੇਹਾ ਭੇਜਿਆ ਜਾਵੇਗਾ, ਜਿਨ੍ਹਾਂ ਦੇ ਮੋਬਾਇਲ ਨੰਬਰ ਸਬੰਧਤ ਫੀਡਰ ਨਾਲ ਜੁੜੇ ਹੋਏ ਹਨ। ਜਲੰਧਰ ਸਰਕਲ ’ਚ ਸ਼ੁਰੂ ਕੀਤੀ ਗਈ ਇਸ ਸਕੀਮ ਰਾਹੀਂ ਜਲੰਧਰ ਪੂਰਬੀ (ਪਠਾਨਕੋਟ ਚੌਕ), ​​ਵੈਸਟ (ਮਕਸੂਦਾਂ), ਕੈਂਟ (ਬੜਿੰਗ), ਮਾਡਲ ਟਾਊਨ (ਰਵਿਦਾਸ ਚੌਕ) ਦੇ ਖ਼ਪਤਕਾਰਾਂ ਨੂੰ ਮੈਸੇਜ ਰਾਹੀਂ ਬਿਜਲੀ ਕੱਟਾਂ ਬਾਰੇ ਜਾਣਕਾਰੀ ਮਿਲਣੀ ਸ਼ੁਰੂ ਹੋ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਵੈੱਬਸਾਈਟ 'ਤੇ ਆਪਣਾ ਨੰਬਰ ਦਰਜ ਕਰਨ ਲਈ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਹੈ। ਨੰਬਰ ਰਜਿਸਟਰ ਕਰਨ ਲਈ ਆਪਣੇ ਬਿੱਲ ’ਤੇ ਖਾਤਾ ਨੰਬਰ ਵੇਖੋ ਅਤੇ ਇਸ ਨੂੰ ਇਸ ਨਾਲ ਲਿੰਕ ਕਰੋ।

ਅਧਿਕਾਰੀਆਂ ਨੇ ਦੱਸਿਆ ਕਿ ਅਲਰਟ ਸਿਸਟਮ ਰਾਹੀਂ ਬਿਜਲੀ ਕੱਟ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਮੋਬਾਇਲ ’ਤੇ ਆਪਣਾ ਬਿੱਲ ਪ੍ਰਾਪਤ ਕਰਨ ਲਈ ਖ਼ਪਤਕਾਰਾਂ ਦੇ ਮੋਬਾਇਲ ਨੰਬਰ ਨੂੰ ਸਹੀ ਫੀਡਰ ਨਾਲ ਟੈਗ ਕਰਨਾ ਜ਼ਰੂਰੀ ਹੈ। ਇਸ ਸਮੇਂ ਬਹੁਤ ਸਾਰੇ ਖ਼ਪਤਕਾਰਾਂ ਨੇ ਆਪਣੇ ਮੋਬਾਇਲ ਨੰਬਰ ਦਰਜ ਕਰਵਾਏ ਹਨ। ਵਿਭਾਗ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਖ਼ਪਤਕਾਰਾਂ ਨੇ ਗਲਤ ਮੋਬਾਇਲ ਫੋਨ ਦਰਜ ਕਰਵਾਏ ਹਨ, ਜਿਸ ਕਾਰਨ ਉਨ੍ਹਾਂ ਨੂੰ ਜਾਣਕਾਰੀ ਨਹੀਂ ਮਿਲ ਰਹੀ ਅਤੇ ਲੋਕ ਵਿਭਾਗ ਦੇ ਸਿਸਟਮ ਦੀਆਂ ਖਾਮੀਆਂ ਵੱਲ ਇਸ਼ਾਰਾ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਲਰਟ ਸਿਸਟਮ ਦਾ ਲਾਭ ਲੈਣ ਲਈ ਬਿਜਲੀ ਖ਼ਪਤਕਾਰਾਂ ਨੂੰ ਵਿਭਾਗ ਦੀ ਵੈੱਬਸਾਈਟ 'ਤੇ ਆਪਣਾ ਮੋਬਾਇਲ ਨੰਬਰ ਸਹੀ ਦਰਜ ਕਰਨਾ ਚਾਹੀਦਾ ਹੈ, ਜਿਨ੍ਹਾਂ ਖ਼ਪਤਕਾਰਾਂ ਦੇ ਬਿਜਲੀ ਬਿੱਲਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ, ਉਨ੍ਹਾਂ ਦੇ ਨੰਬਰ ਰਜਿਸਟਰ ਹੋ ਚੁੱਕੇ ਹਨ, ਹੋਰ ਖ਼ਪਤਕਾਰ ਆਪਣੇ ਨੰਬਰ ਦਰਜ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ : ਬਿਜਲੀ ਡਿਫ਼ਾਲਟਰਾਂ ਖ਼ਿਲਾਫ਼ ਪਾਵਰਕਾਮ ਨੇ ਕੱਸਿਆ ਸ਼ਿਕੰਜਾ, ਸਮਾਰਟ ਮੀਟਰ ਲੱਗਣ ਦੇ ਨਾਲ ਹੋ ਰਹੀ ਇਹ ਕਾਰਵਾਈ

ਮਹੀਨੇ ਦੇ ਅੰਤ ਤੱਕ 90 ਫ਼ੀਸਦੀ ਅਪਡੇਟ ਕਰਨ ਦੀ ਯੋਜਨਾ
ਅਧਿਕਾਰੀਆਂ ਨੇ ਦੱਸਿਆ ਕਿ ਪੇਪਰ ਰਹਿਤ ਬਿਲਿੰਗ ਨੂੰ 100 ਫ਼ੀਸਦੀ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਲਈ ਪਾਵਰਕਾਮ ਨੇ ਹਰੇਕ ਬਿਜਲੀ ਦਫ਼ਤਰ ’ਚ ਵੱਖਰੇ ਮੁਲਾਜ਼ਮ ਤਾਇਨਾਤ ਕੀਤੇ ਹਨ। ਜਨਵਰੀ ਦੇ ਅੰਤ ਤੱਕ ਨਵੀਂ ਪ੍ਰਣਾਲੀ ਦੇ ਤਹਿਤ 90 ਫ਼ੀਸਦੀ ਤੋਂ ਵੱਧ ਖ਼ਪਤਕਾਰਾਂ ਨੂੰ ਅਪਡੇਟ ਕਰਨ ਦੀ ਯੋਜਨਾ ਚੱਲ ਰਹੀ ਹੈ। ਇਸ ਲੜੀ ਤਹਿਤ ਜਲੰਧਰ ਸ਼ਹਿਰ (4 ਡਿਵੀਜ਼ਨਾਂ) ਦੇ ਵੱਧ ਤੋਂ ਵੱਧ ਖ਼ਪਤਕਾਰਾਂ ਨੂੰ ਪੇਪਰ ਰਹਿਤ ਤਕਨੀਕ ਰਾਹੀਂ ਜਨਵਰੀ-ਫਰਵਰੀ ਦੇ ਬਿੱਲ ਭੇਜੇ ਜਾਣਗੇ।

ਇਹ ਵੀ ਪੜ੍ਹੋ : ਜਲੰਧਰ ਸ਼ਹਿਰ 'ਚ ਅਪਰਾਧ ਨੂੰ ਰੋਕਣ ਲਈ ਪੁਲਸ ਕਮਿਸ਼ਨਰ ਵੱਲੋਂ ਮਾਸਟਰ ਪਲਾਨ ਤਿਆਰ, ਦਿੱਤੀਆਂ ਇਹ ਹਦਾਇਤਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News