ਅਹਿਮ ਖ਼ਬਰ : ਸੂਬੇ ’ਚ 108 ਐਂਬੂਲੈਂਸ ਕਰਮਚਾਰੀਆਂ ਨੇ ਕੀਤੀ ਅਣਮਿੱਥੇ ਸਮੇਂ ਦੀ ਹੜਤਾਲ

Friday, Jan 13, 2023 - 06:16 AM (IST)

ਅਹਿਮ ਖ਼ਬਰ : ਸੂਬੇ ’ਚ 108 ਐਂਬੂਲੈਂਸ ਕਰਮਚਾਰੀਆਂ ਨੇ ਕੀਤੀ ਅਣਮਿੱਥੇ ਸਮੇਂ ਦੀ ਹੜਤਾਲ

ਲੁਧਿਆਣਾ (ਸਹਿਗਲ) : 108 ਐਂਬੂਲੈਂਸ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਨੇ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਮੱਦੇਨਜ਼ਰ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਫ਼ੈਸਲਾ ਕੀਤਾ ਹੈ। ਅੱਜ ਲਾਡੋਵਾਲ ਟੋਲ ਪਲਾਜ਼ਾ ’ਤੇ ਵੱਡੀ ਗਿਣਤੀ ’ਚ ਮੌਜੂਦ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਹ ਐਲਾਨ ਕੀਤਾ। ਐਸੋਸੀਏਸ਼ਨ ਦੇ ਬੁਲਾਰੇ ਮਨਪ੍ਰੀਤ ਨਿੱਝਰ ਨੇ ਦੱਸਿਆ ਕਿ 9 ਜਨਵਰੀ ਨੂੰ ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਕੇ ਸਰਕਾਰ ਨੂੰ  ਉਨ੍ਹਾਂ ਦੀਆਂ ਹੱਕੀ ਮੰਗਾਂ ਤੋਂ ਜਾਣੂ ਕਰਵਾਇਆ ਗਿਆ ਪਰ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ, ਹੁਣ ਹੜਤਾਲ ’ਤੇ ਜਾਣ ਤੋਂ ਬਾਅਦ ਮਰੀਜ਼ਾਂ  ਜਾਂ ਲੋਕਾਂ ਨੂੰ ਜੋ ਵੀ ਪ੍ਰੇਸ਼ਾਨੀ ਹੋਵੇਗੀ, ਉਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : JDU ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਦਾ ਦਿਹਾਂਤ, 75 ਸਾਲ ਦੀ ਉਮਰ ’ਚ ਲਏ ਆਖਰੀ ਸਾਹ

ਮੁਲਾਜ਼ਮਾਂ ਦੀਆਂ ਮੁੱਖ ਮੰਗਾਂ :

*ਠੇਕਾ ਪ੍ਰਣਾਲੀ ਖ਼ਤਮ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਅਧੀਨ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ।
* ਸਰਕਾਰ ਦੀ ਤਰਜ਼ ’ਤੇ ਮੁਲਾਜ਼ਮਾਂ ਦੀ ਤਨਖਾਹ 30 ਤੋਂ ਵਧਾ ਕੇ 35 ਹਜ਼ਾਰ ਕੀਤੀ ਜਾਵੇ। 
*ਕੰਪਨੀ ਵੱਲੋਂ ਕੱਢੇ ਗਏ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ।
* 10% ਸਾਲਾਨਾ ਤਨਖਾਹ ਵਾਧਾ ਯਕੀਨੀ ਬਣਾਇਆ ਜਾਵੇ ਅਤੇ ਪਿਛਲੇ 10 ਸਾਲਾਂ ਤੋਂ ਰੋਕਿਆ ਗਿਆ ਤਨਖਾਹ ਵਾਧਾ ਵਿਆਜ ਸਮੇਤ ਕਰਮਚਾਰੀਆਂ ਨੂੰ ਦਿੱਤਾ ਜਾਵੇ।
* ਹਰੇਕ ਕਰਮਚਾਰੀ ਲਈ 50 ਲੱਖ ਰੁਪਏ ਤੱਕ ਦਾ ਦੁਰਘਟਨਾ ਅਤੇ ਬੀਮਾਰੀ ਬੀਮਾ ਲਿਆ ਜਾਣਾ ਚਾਹੀਦਾ ਹੈ।
* ਸੇਵਾ ਦੌਰਾਨ ਜਾਨ ਗਵਾਉਣ ਵਾਲੇ ਜਾਂ ਅਪਾਹਜ ਹੋਏ ਮੁਲਾਜ਼ਮਾਂ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਪੈਨਸ਼ਨ ਦਿੱਤੀ ਜਾਵੇ।

ਇਹ ਖ਼ਬਰ ਵੀ ਪੜ੍ਹੋ : ਪ੍ਰਿਯੰਕਾ ਗਾਂਧੀ ਦਾ ਜਨਮ ਦਿਨ ਮਨਾਉਣ ਲਈ ‘ਭਾਰਤ ਜੋੜੋ ਯਾਤਰਾ’ ਵਿਚਾਲੇ ਛੱਡ ਕੇ ਗਏ ਰਾਹੁਲ ਗਾਂਧੀ

108 ਐਂਬੂਲੈਂਸ ਨੇ ਮੁਲਾਜ਼ਮਾਂ ਵੱਲੋਂ ਦਿੱਤੇ ਡਿਮਾਂਡ ਨੋਟਿਸ ’ਤੇ ਸਪੱਸ਼ਟੀਕਰਨ ਦਿੱਤਾ

ਮਨੀਸ਼ ਬੱਤਰਾ, ਪ੍ਰੋਜੈਕਟ ਹੈੱਡ, ਜਿਕਿਤਸਾ ਹੈਲਥਕੇਅਰ ਲਿਮਟਿਡ (108 ਐਂਬੂਲੈਂਸ ਸਰਵਿਸ) ਨੇ ਕਰਮਚਾਰੀਆਂ ਦੀ ਹੜਤਾਲ ’ਤੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਇਕਰਾਰਨਾਮਾ ਪ੍ਰੋਜੈਕਟ ਹੈ, ਜਿਸ ਨੂੰ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਤੈਅ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 108 ਐਂਬੂਲੈਂਸ ਸੇਵਾ ਦੇ ਮੁਲਾਜ਼ਮਾਂ ਦੀ ਤਨਖਾਹ ਪੰਜਾਬ ਸਰਕਾਰ ਵੱਲੋਂ ਤੈਅ ਕੀਤੀ ਜਾਂਦੀ ਹੈ। ਹੁਨਰਮੰਦ ਸ਼੍ਰੇਣੀ (ਡੀ. ਸੀ. ਰੇਟ) ਤਹਿਤ ਘੱਟੋ-ਘੱਟ ਉਜਰਤਾਂ ਦਾ ਨੋਟੀਫਿਕੇਸ਼ਨ ਅਤੇ ਉਜਰਤਾਂ ’ਚ ਵਾਧਾ ਪਿਛਲੇ ਸਾਲ ਅਕਤੂਬਰ ਦੇ ਮੁਲਾਜ਼ਮਾਂ ਦੇ ਬਕਾਏ ਸਮੇਤ ਦਿੱਤਾ ਗਿਆ ਹੈ। ਕੰਪਨੀ ਦੇ ਕਰਮਚਾਰੀਆਂ ਨੂੰ ਕਿਰਤ ਕਾਨੂੰਨਾਂ ਅਨੁਸਾਰ ਛੁੱਟੀ ਵੀ ਦਿੱਤੀ ਜਾਂਦੀ ਹੈ, ਜੋ ਕਿ ਹਰ ਮਹੀਨੇ 1.75 ਤਨਖਾਹ ਛੁੱਟੀ ਜਾਂ ਸਾਲ ’ਚ 21 ਤਨਖਾਹ ਛੁੱਟੀ ਹੁੰਦੀ ਹੈ। ਦੂਜਾ, ਸਾਡੇ ਕਰਮਚਾਰੀਆਂ ਨੂੰ ਭਾਰਤ ਦੀ ਇੰਪਲਾਈਜ਼ ਸਟੇਟ ਇੰਸ਼ੋਰੈਂਸ ਸਕੀਮ ਤਹਿਤ ਕਵਰ ਕੀਤਾ ਗਿਆ ਹੈ, ਜੋ ਕਰਮਚਾਰੀਆਂ ਨੂੰ ਸਮਾਜਿਕ ਆਰਥਿਕ ਸੁਰੱਖਿਆ ਪ੍ਰਦਾਨ ਕਰਨ ਲਈ ਬਹੁਆਯਾਮੀ ਸਮਾਜਿਕ ਸੁਰੱਖਿਆ ਯੋਜਨਾ ਹੈ, ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਕਰਮਚਾਰੀ ਭਵਿੱਖ ਨਿਧੀ ਐਕਟ ਤੇ ਪੈਨਸ਼ਨ ਯੋਜਨਾ ਤਹਿਤ ਕਵਰ ਕੀਤਾ ਜਾਂਦਾ ਹੈ। ਅੰਤ ’ਚ ਮਨੀਸ਼ ਬੱਤਰਾ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਕਾਨਫਰੰਸ ਦੀ ਅਗਵਾਈ ਕਰਨ ਵਾਲੇ ਮਨਪ੍ਰੀਤ ਨਿੱਝਰ ਕੰਪਨੀ ਦੇ ਅਧਿਕਾਰੀਆਂ ਅਨੁਸਾਰ ਜਿਕਿਤਸਾ ਹੈਲਥਕੇਅਰ 108 ਐਂਬੂਲੈਂਸ ਦਾ ਹਿੱਸਾ ਨਹੀਂ ਹਨ। ਸਾਡਾ ਐਂਬੂਲੈਂਸ ਚਾਲਕ ਸਾਡੀ ਟੀਮ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਉਹ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਕੰਪਨੀ ਦੇ ਨਾਲ ਖੜ੍ਹੇ ਹਨ। ਮੈਨੂੰ ਉਮੀਦ ਹੈ ਕਿ ਸਾਡੇ ਕਰਮਚਾਰੀ ਹੜਤਾਲ 'ਤੇ ਨਹੀਂ ਜਾਣਗੇ ਅਤੇ ਜੇਕਰ ਉਹ ਐਮਰਜੈਂਸੀ ਸੇਵਾਵਾਂ ’ਚ ਵਿਘਨ ਪਾਉਂਦੇ ਹਨ ਤਾਂ ਕੰਪਨੀ ਅਤੇ ਸਰਕਾਰ ਕਾਨੂੰਨ ਅਨੁਸਾਰ ਲੋੜੀਂਦੀ ਅਨੁਸ਼ਾਸਨੀ ਕਾਰਵਾਈ ਕਰਨਗੇ।
 


author

Manoj

Content Editor

Related News