13 ਨੁਕਾਤੀ ਏਜੰਡਾ ਉਸੇ ਤਰੀਕੇ ਨਾਲ ਲਾਗੂ ਕਰਾਂਗੇ, ਜਿਸ ਤਰ੍ਹਾਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੁਗਾਏ : ਸੁਖਬੀਰ

08/18/2021 9:17:16 PM

ਚੰਡੀਗੜ੍ਹ,ਜ਼ੀਰਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ 100 ਹਲਕੇ 100 ਦਿਨ ਮੁਹਿੰਮ ਇਸ ਵਿਧਾਨ ਸਭਾ ਸੀਟ ਤੋਂ ਸ਼ੁਰੂ ਕੀਤੀ ਤੇ ਪੰਜਾਬੀਆਂ ਨੁੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਸੇ ਤਰੀਕੇ 13 ਨੁਕਾਤੀ ਏਜੰਡਾ ਲਾਗੂ ਕਰੇਗਾ ਜਿਸ ਤਰੀਕੇ ਪਾਰਟੀ ਨੇ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ।

ਸਰਦਾਰ ਬਾਦਲ ਨੇ ਇਥੇ ਵਿਸ਼ਾਲ ਮੋਟਰ ਸਾਈਕਲ ਰੈਲੀ ਦੀ ਸ਼ੁਰੂਆਤ ਮੌਕੇ ਕਿਹਾ ਕਿ ‘‘ਸਾਡੀ ਭਰੋਸੇਯੋਗਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ।’’। ਇਹ ਮੋਟਰ ਸਾਈਕਲ ਰੈਲੀ ਗੁਰਦੁਆਰਾ ਸਿੰਘ ਸਭਾ ਵਿਖੇ ਸਮਾਪਤ ਹੋਈ ਜਿਥੇ ਉਨ੍ਹਾਂ ਪਹਿਲੀ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ। ਸਾਰੇ ਹਲਕੇ ਵਿਚ ਯਾਤਰਾ ਲਈ ਲੋਕਾਂ ਵਿਚ ਵੱਡਾ ਉਤਸ਼ਾਹ ਸੀ ਤੇ ਵੱਡੀ ਗਿਣਤੀ ਵਿਚ ਨੌਜਵਾਨ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਹੀ ਰਹੇ। ਪਿੰਡਾਂ ਵਿਚ ਵੀ ਅਕਾਲੀ ਦਲ ਪ੍ਰਧਾਨ ਨੂੰ ਵੱਡਾ ਹੁੰਗਾਰਾ ਮਿਲਿਆ ਜਿਥੇ ਕਿਸਾਨਾਂ ਨੇ ਸ਼ਿਕਾਇਤ ਕੀਤੀ ਕਿ ਕਾਂਗਰਸ ਰਾਜਕਾਲ ਦੌਰਾਨ ਨਹਿਰੀ ਪਾਣੀ ਦੀ ਸਹੂਲਤ ਵਾਸਤੇ ਨਵੀਂ ਕੋਈ ਪਹਿਲਕਦਮੀ ਨਹੀਂ ਕੀਤੀ ਗਈ। ਅਕਾਲੀ ਦਲ ਪ੍ਰਧਾਨ, ਜਿਨ੍ਹਾਂ ਨੇ ਹਲਕੇ ਦੇ ਵੱਡੇ ਦੌਰੇ ਮੌਕੇ 12 ਜਨਤਕ ਇਕੱਠਾਂ ਨੁੰ ਸੰਬੋਧਨ ਕੀਤਾ, ਨੇ ਕਿਹਾ ਕਿ ਅਕਾਲੀ ਦਲ ਉਸੇ ਤਰੀਕੇ 13 ਨੁਕਾਤੀ ਪ੍ਰੋਗਰਾਮ ਲਾਗੂ ਕਰੇਗਾ ਜਿਸ ਤਰੀਕੇ ਕਿਸਾਨਾਂ ਨੂੰ ਖੇਤੀਬਾੜੀ ਲਈ ਮੁਫਤ ਬਿਜਲੀ ਤੇ ਸੂਬੇ ਨੂੰ ਬਿਜਲੀ ਸਰਪਲੱਸ ਬਣਾਉਣ ਦੇ ਵਾਅਦੇ ਪੁਗਾਏ ਸੀ।

ਇਹ ਵੀ ਪੜ੍ਹੋ :  ਕਿਸਾਨ ਮੋਰਚੇ ਦੌਰਾਨ ਸਿੰਘੂ ਬਾਰਡਰ ’ਤੇ ਜਖ਼ਮੀ ਹੋਏ ਮਜ਼ਦੂਰ ਦੀ ਮੌਤ 

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਕਿਸਾਨਾਂ ਨੁੰ ਰਾਹਤ ਦੇਣ ਲਈ ਵਚਨਬੱਧ ਹੈ ਤੇ ਇਸਨੇ ਫੈਸਲਾ ਕੀਤਾ ਹੈ ਕਿ ਕਿਸਾਨਾਂ ਨੁੰ ਖੇਤੀਬਾੜੀ ਮੰਤਵ ਵਾਸਤੇ ਡੀਜ਼ਲ 10 ਰੁਪਏ ਸਸਤਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਨੀਲਾ ਕਾਰਡ ਧਾਰਕ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਘਰੇਲੂ ਖਪਤਕਾਰਾਂ ਨੁੰ 400 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫਤ ਦੇਵਾਂਗੇ। ਉਨ੍ਹਾਂ ਕਿਹਾ ਕਿ ਪ੍ਰੋਫੈਸ਼ਨਲ ਕਾਲਜਾਂ ਵਿਚ ਦਿਹਾਤੀ ਖੇਤਰ ਦੇ ਵਿਦਿਆਰਥੀਆਂ ਵਾਸਤੇ 33 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ ਤੇ ਸਰਕਾਰ ਇਨ੍ਹਾਂ ਦੀ ਫੀਸ ਭਰੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ 10 ਲੱਖ ਰੁਪਏ ਵਿਦਿਆਰਥੀ ਕਰਜ਼ਾ ਦਿੱਤਾ ਜਾਵੇਗਾ ਜਿਸਦੀ ਗਰੰਟੀ ਵੀ ਸਰਕਾਰ ਦੇਵੇਗੀ ਤੇ ਵਿਆਜ਼ ਵੀ ਸਰਕਾਰ ਦੇਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਦਯੋਗਿਕ ਖੇਤਰ ਵਿਚ ਪੰਜਾਬੀਆਂ ਵਾਸਤੇ 75 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ। ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਦੋਹਾਂ ਪਾਰਟੀਆਂ ਨੇ ਝੂਠੀਆਂ ਸਹੁੰਆਂ ਨਾਲ ਲੋਕਾਂ ਨੂੰ ਮੂਰਖ ਬਣਾਇਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਵਾਅਦਾ ਕੀਤਾ ਕਿ ਉਹ 90 ਹਜ਼ਾਰ ਕਰੋੜ ਰੁਪਏ ਦਾ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਗੇ, ਘਰ ਘਰ ਨੌਕਰੀ ਪ੍ਰਦਾਨ ਕੀਤੀ ਜਾਵੇਗੀ ਤੇ ਨਸ਼ੇ ਖਤਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਬੱਚਿਆਂ ਦੀ ਝੁਠੀ ਸਹੁੰ ਚੁੱਕੀ ਕਿ ਉਹ ਕਦੇ ਵੀ ਕਾਂਗਰਸ ਨਾਲ ਸਮਝੌਤਾ ਨਹੀਂ ਕਰਨਗੇ ਪਰ ਇਹ ਤੋੜ ਦਿੱਤੀ। ਉਨ੍ਹਾਂ ਕਿਹਾ ਕਿ ਆਪ ਦੇ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਨੇ ਆਪਣੀ ਮਾਂ ਦੀ ਸਹੁੰ ਚੁੱਕੀ ਕਿ ਉਹ ਸ਼ਰਾਬ ਨਹੀਂ ਪੀਣਗੇ ਪਰ ਉਹ ਨਹੀਂ ਹਟੇ। 

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਦੀ ਮੌਤ

ਸਰਦਾਰ ਬਾਦਲ ਨੇ ਮੁੱਖੂ ਤੇ ਫਤਿਹਗੜ੍ਹ ਸਾਬਰਾ ਵਿਖੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਤੇ ਇਥੇ ਜਨਤਕ ਇਕੱਠਾਂ ਨੂੰ ਵੀ ਸੰਬੋਧਨ ਕੀਤਾ। ਇਥੇ ਲੋਕਾਂ ਨੇ ਉਹਨਾਂ ਕੋਲ ਪਹੁੰਚ ਕਰ ਕੇ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਕਿ ਫਿਰੌਤੀਆਂ ਵਿਚ ਵਾਧਾ ਹੋ ਗਿਆ ਹੈ ਤੇ ਵਿਧਾਇਕ ਜ਼ੀਰਾ ਰੇਤ ਤੇ ਸ਼ਰਾਬ ਮਾਫੀਆ ਚਲਾ ਰਹੇ ਹਨ। ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਇਹਨਾ ਲੋਕਾਂ ਦੀ ਪਹਿਲਾਂ ਮੁੱਖ ਮੰਤਰੀ ਪੁਸ਼ਤ ਪਨਾਹੀ ਕਰਦੇ ਸਨ ਤੇ ਹੁਣ ਨਵੇਂ ਬਣੇ ਪ੍ਰਦੇਸ਼ ਕਾਂਗਰਸ ਪ੍ਰਧਾਨ ਇਹਨਾਂ ਦੀ ਪਿੱਠ ’ਤੇ ਹਨ। ਸਰਦਾਰ ਬਾਦਲ ਨੇ ਡਾਕਟਰਾਂ, ਚਾਰਟਡ ਅਕਾਉਂਟੈਂਟ, ਵਕੀਲਾਂ ਤੇ ਵਪਾਰੀਆਂ ਦੇ ਨਾਲ ਨਾਲ ਬਸਪਾ ਦੇ ਆਗੂਆਂ ਤੇ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ । ਉਨ੍ਹਾਂ ਨੇ ਭਰੋਸਾ ਦੁਆਇਆ ਕਿ ਅਕਾਲੀ ਦਲ ਇਨ੍ਹਾਂ ਦੀਆਂ ਚਿੰਤਾਵਾਂ ਦੂਰ ਕਰੇਗਾ ਤੇ ਉਨ੍ਹਾਂ ਨੇ ਸਾਰੇ ਲਟਕਦੇ ਮਸਲੇ ਹੱਲ ਕਰਨ ਵਾਸਤੇ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਲੋਕਾਂ ਦੀ ਰਾਇ ਵੀ ਲਈ। 
ਸਰਦਾਰ ਬਾਦਲ ਨੇ ਬਾਬਾ ਛਿੰਦਰ ਸਿੰਘ ਨਾਲ ਗੁਰਦੁਆਰਾ ਸ਼ਾਮ ਸਿੰਘ ਅਟਾਰੀਵਾਲਾ ਨਾਲ ਫਤਿਹਗੜ੍ਹ ਸਾਬਰਾਂ ਵਿਖੇ ਮੁਲਾਕਾਤ ਵੀ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਮੰਤਰੀ ਜਨੇਮਜਾ ਸਿੰਘ ਸੇਖੋਂ ਤੇ ਸੂਬੇ ਦੇ ਬਸਪਾ ਦੇ ਸਕੱਤਰ ਸੁਖਦੇਵ ਸਿੰਘ ਸ਼ੀਰਾ ਵੀ ਸਨ।
 


Bharat Thapa

Content Editor

Related News