ਜਲੰਧਰ: ਜੇਲ੍ਹ 'ਚੋਂ ਚਲਦਾ ਸੀ ਹੈਰੋਇਨ ਤੇ ਨਾਜਾਇਜ਼ ਹਥਿਆਰਾਂ ਦਾ ਨੈੱਟਵਰਕ, ਇੰਝ ਹੋਇਆ ਖ਼ੁਲਾਸਾ

Saturday, Jun 19, 2021 - 10:36 AM (IST)

ਜਲੰਧਰ: ਜੇਲ੍ਹ 'ਚੋਂ ਚਲਦਾ ਸੀ ਹੈਰੋਇਨ ਤੇ ਨਾਜਾਇਜ਼ ਹਥਿਆਰਾਂ ਦਾ ਨੈੱਟਵਰਕ, ਇੰਝ ਹੋਇਆ ਖ਼ੁਲਾਸਾ

ਜਲੰਧਰ (ਸ਼ੋਰੀ)– ਪੰਜਾਬ ਸਰਕਾਰ ਦਾਅਵੇ ਕਰਦੀ ਹੈ ਕਿ ਜੇਲ੍ਹਾਂ ਵਿਚ ਕੈਦੀਆਂ ਅਤੇ ਹਵਾਲਾਤੀਆਂ ਕੋਲ ਮੋਬਾਇਲ ਫੋਨ ਨਹੀਂ ਹਨ ਪਰ ਜ਼ਮੀਨੀ ਹਕੀਕਤ ਤਾਂ ਇਹ ਹੈ ਕਿ ਉਹ ਸ਼ਰੇਆਮ ਜੇਲ੍ਹਾਂ ਵਿਚੋਂ ਨਸ਼ਿਆਂ ਦੀ ਸਮੱਗਲਿੰਗ ਜ਼ੋਰ-ਸ਼ੋਰ ਨਾਲ ਕਰ ਰਹੇ ਹਨ। ਜਲੰਧਰ ਦਿਹਾਤੀ ਦੀ ਪੁਲਸ ਨੇ ਅਜਿਹੇ ਹੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।

ਇਹ ਵੀ ਪੜ੍ਹੋ:  ਜਲੰਧਰ: ਕੋਰੋਨਾ ਦੌਰ ਦੀ ਦਰਦਨਾਕ ਤਸਵੀਰ, 12 ਦਿਨ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ, ਪ੍ਰਸ਼ਾਸਨ ਨੇ ਨਿਭਾਈਆਂ ਅੰਤਿਮ ਰਸਮਾਂ

ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਐੱਸ. ਪੀ. (ਡੀ.) ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਸੀ. ਆਈ. ਏ. ਸਟਾਫ਼ ਦੇ ਇੰਸਪੈਕਟਰ ਜਰਨੈਲ ਸਿੰਘ ਪੁਲਸ ਪਾਰਟੀ ਨਾਲ ਅਲਾਵਲਪੁਰ ’ਚ ਗਸ਼ਤ ਕਰ ਰਹੇ ਸਨ ਕਿ ਇਕ ਮੁਖਬਰ ਨੇ ਸੂਚਨਾ ਦਿੱਤੀ ਕਿ ਨਾਭਾ ਸਕਿਓਰਿਟੀ ਜੇਲ੍ਹ ਵਿਚ ਬੰਦ ਕਮਲਜੀਤ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਪਟਿਆਲਾ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨਾ ਪੁੱਤਰ ਗੁਰਮੇਜ ਸਿੰਘ ਨਿਵਾਸੀ ਤਰਨਤਾਰਨ, ਜਿਹੜੇ ਕਿ ਫਰੀਦਕੋਟ ਜੇਲ੍ਹ ਵਿਚ ਬੰਦ ਹਨ, ਉਹ ਜੇਲ੍ਹ ਵਿਚ ਬੈਠ ਕੇ ਹੀ ਹੈਰੋਇਨ ਅਤੇ ਨਾਜਾਇਜ਼ ਹਥਿਆਰਾਂ ਦਾ ਧੰਦਾ ਬਹੁਤ ਵੱਡੇ ਪੱਧਰ ’ਤੇ ਕਰ ਰਹੇ ਹਨ। ਜੇਲ੍ਹ ਵਿਚ ਬੰਦ ਉਕਤ ਲੋਕ ਮੋਬਾਇਲ ਫੋਨ ਦੀ ਥਾਂ ਵਿਦੇਸ਼ੀ ਨੰਬਰ ’ਤੇ ਵ੍ਹਟਸਐਪ ਚਲਾ ਕੇ ਉਸ ਜ਼ਰੀਏ ਹੈਰੋਇਨ ਅਤੇ ਅਸਲੇ ਦਾ ਲੈਣ-ਦੇਣ ਕਰਦੇ ਹਨ। ਉਕਤ ਲੋਕਾਂ ਨੇ ਸਪਲਾਈ ਲਈ ਲਕਸ਼ਮਣ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਸੰਗਰੂਰ ਨੂੰ ਰੱਖਿਆ ਹੈ, ਜਿਹੜਾ ਕਾਰ ਵਿਚ ਹੈਰੋਇਨ ਅਤੇ ਅਸਲੇ ਦੀ ਸਪਲਾਈ ਕਰਦਾ ਹੈ।

ਇਹ ਵੀ ਪੜ੍ਹੋ:  ਪਿਓ-ਧੀ ਦਾ ਰਿਸ਼ਤਾ ਤਾਰ-ਤਾਰ, 3 ਸਾਲ ਤੱਕ ਧੀ ਨਾਲ ਮਿਟਾਉਂਦਾ ਰਿਹਾ ਹਵਸ ਦੀ ਭੁੱਖ, ਇੰਝ ਖੁੱਲ੍ਹਿਆ ਭੇਤ

ਉਨ੍ਹਾਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਲਕਸ਼ਮਣ ਸਿੰਘ ਸਪਲਾਈ ਲੈ ਕੇ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਜਾ ਰਿਹਾ ਹੈ ਅਤੇ ਉਹ ਕਿਸ਼ਨਗੜ੍ਹ ਵੱਲੋਂ ਆਦਮਪੁਰ ਵੱਲ ਆ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਇੰਸ. ਜਰਨੈਲ ਸਿੰਘ ਨੇ ਨਾਕਾਬੰਦੀ ਕਰਕੇ ਕਾਰ ਨੂੰ ਰੋਕਿਆ ਅਤੇ ਲਕਸ਼ਮਣ ਸਿੰਘ ਨੂੰ ਕਾਬੂ ਕਰਕੇ ਤਲਾਸ਼ੀ ਦੌਰਾਨ ਉਸ ਕੋਲੋਂ ਇਕ ਕਿਲੋ ਹੈਰੋਇਨ, 4 ਪਿਸਤੌਲ ਅਤੇ 12 ਜ਼ਿੰਦਾ ਰੌਂਦ ਬਰਾਮਦ ਕਰਕੇ ਉਸ ਖ਼ਿਲਾਫ਼ ਥਾਣਾ ਆਦਮਪੁਰ ਵਿਚ ਕੇਸ ਦਰਜ ਕੀਤਾ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ 5 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੇਲ੍ਹ ਵਿਚ ਬੰਦ ਦੋਵਾਂ ਮੁਲਜ਼ਮਾਂ ਨੂੰ ਵੀ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਜਲਦ ਪੁਲਸ ਪੁੱਛਗਿੱਛ ਲਈ ਉਨ੍ਹਾਂ ਨੂੰ ਜਲੰਧਰ ਲਿਆਵੇਗੀ।

ਇਹ ਵੀ ਪੜ੍ਹੋ:  ਕਪੂਰਥਲਾ: ਧੀ ਦਾ ਮੂੰਹ ਵੇਖਣਾ ਵੀ ਨਾ ਹੋਇਆ ਨਸੀਬ, ਜਨਮ ਦੇਣ ਦੇ ਬਾਅਦ ਮਾਂ ਨੇ ਤੋੜ ਦਿੱਤਾ ਦਮ

ਗੈਂਗਸਟਰ ਪਲਵਿੰਦਰ ਦਾ ਸਾਥੀ ਵੀ ਗ੍ਰਿਫ਼ਤਾਰ
ਸਿੰਗਲਾ ਨੇ ਦੱਸਿਆ ਕਿ ਦੂਜੇ ਮਾਮਲੇ ਵਿਚ ਵੀ ਪੁਲਸ ਹੱਥ ਸਫ਼ਲਤਾ ਲੱਗੀ ਹੈ। ਦਰਅਸਲ 11 ਦਸੰਬਰ 2020 ਨੂੰ ਇੰਸ. ਜਰਨੈਲ ਸਿੰਘ ਨੇ ਥਾਣਾ ਲੋਹੀਆਂ ਵਿਚ 21-ਸੀ, 29-61-85 ਐੱਨ. ਡੀ. ਪੀ. ਐੱਸ. ਐਕਟ, 25-54-59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਰਾਕੇਸ਼ ਕੁਮਾਰ ਉਰਫ਼ ਕੇਸ਼ਾ ਪੁੱਤਰ ਬਲਵੰਤ ਸਿੰਘ ਨਿਵਾਸੀ ਖੁਰਲਾਪੁਰ, ਥਾਣਾ ਮਹਿਤਪੁਰ ਅਤੇ ਜਸਵਿੰਦਰ ਸਿੰਘ ਉਰਫ਼ ਜੱਸਾ ਪੁੱਤਰ ਸੁਖਦੇਵ ਸਿੰਘ ਨਿਵਾਸੀ ਲੋਹੀਆਂ ਨੂੰ ਕਾਬੂ ਕਰਕੇ ਉਸ ਕੋਲੋਂ 4 ਕਿਲੋ ਹੈਰੋਇਨ ਅਤੇ 2 ਪਿਸਤੌਲਾਂ ਸਮੇਤ 10 ਜ਼ਿੰਦਾ ਰੌਂਦ 32 ਬੋਰ ਬਰਾਮਦ ਕੀਤੇ ਸਨ। ਉਕਤ ਸਾਮਾਨ ਜੇਲ੍ਹ ਵਿਚ ਬੈਠੇ ਗੈਂਗਸਟਰ ਪਲਵਿੰਦਰ ਸਿੰਘ ਉਰਫ਼ ਪਿੰਦਾ ਨਿਹਾਲੂਵਾਲ ਨੇ ਮੰਗਵਾਇਆ ਸੀ। ਕੇਸ ਵਿਚ ਮੁਲਜ਼ਮ ਗੁਰਸੇਵਕ ਸਿੰਘ ਉਰਫ਼ ਗੋਲਡੀ ਪੁੱਤਰ ਗੁਰਚਰਨ ਸਿੰਘ ਨਿਵਾਸੀ ਪਟਿਆਲਾ ਵੀ ਨਾਮਜ਼ਦ ਹੈ, ਜਿਹੜਾ ਕਾਫ਼ੀ ਸਮੇਂ ਤੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਘਰੋਂ ਭੱਜਿਆ ਹੋਇਆ ਸੀ ਅਤੇ ਉਸ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਸੀ।

ਇਹ ਵੀ ਪੜ੍ਹੋ:  ਫਿਲੌਰ ਤੋਂ ਵੱਡੀ ਖ਼ਬਰ, ਹਵੇਲੀ ’ਚ ਬਣੇ ਬਾਥਰੂਮ ’ਚ ਮਹਿਲਾ ਨੇ ਖ਼ੁਦ ਨੂੰ ਲਾਈ ਅੱਗ

16 ਜੂਨ 2021 ਨੂੰ ਇੰਸ. ਜਰਨੈਲ ਸਿੰਘ ਪੁਲਸ ਪਾਰਟੀ ਸਮੇਤ ਦੇਹਰਾਦੂਨ ਤੋਂ ਉਸ ਨੂੰ ਅਤੇ ਉਸ ਦੇ ਸਾਥੀ ਸਤਬੀਰ ਸਿੰਘ ਉਰਫ਼ ਸੱਤੀ ਉਰਫ਼ ਗੈਵੀ ਧਾਰੀਵਾਲ ਪੁੱਤਰ ਸਤਨਾਮ ਸਿੰਘ ਨਿਵਾਸੀ ਪਿੰਡ ਧਾਰੀਵਾਲ ਬੇਟ ਜ਼ਿਲ੍ਹਾ ਕਪੂਰਥਲਾ, ਜਿਹੜਾ ਕਿ ਗੁਰਸੇਵਕ ਦੇ ਰਹਿਣ ਦਾ ਪ੍ਰਬੰਧ ਕਰਦਾ ਸੀ, ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਗੁਰਸੇਵਕ ਸਿੰਘ ਖ਼ਿਲਾਫ਼ ਪਹਿਲਾਂ ਵੀ ਨਸ਼ਾ ਵੇਚਣ ਦਾ ਕੇਸ ਅਬੋਹਰ ਵਿਚ ਦਰਜ ਹੈ। ਇਸ ਕੇਸ ਵਿਚ ਉਹ ਜ਼ਮਾਨਤ ’ਤੇ ਜੇਲ੍ਹ ਵਿਚੋਂ ਬਾਹਰ ਆਇਆ ਹੋਇਆ ਹੈ ਅਤੇ ਜੇਲ੍ਹ ਵਿਚ ਬੰਦ ਇਕ ਨਾਮੀ ਗੈਂਗਸਟਰ ਦੀ ਕਾਰ ਦੀ ਵਰਤੋਂ ਕਰਦਿਆਂ ਲੁਕ-ਛਿਪ ਕੇ ਰਹਿ ਰਿਹਾ ਸੀ, ਜਿਸ ਕੋਲੋਂ ਪੁਲਸ ਨੇ ਉਕਤ ਕਾਰ ਵੀ ਬਰਾਮਦ ਕਰ ਲਈ ਹੈ। ਦੂਜੇ ਪਾਸੇ ਮੁਲਜ਼ਮ ਸਤਬੀਰ ਕੋਲੋਂ 32 ਬੋਰ ਦੀ ਪਿਸਤੌਲ ਵੀ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ:  ਜਲੰਧਰ: ਪਿਤਾ ਨਾਲ ਦੋਸਤੀ ਵਧਾ ਕੇ ਬੇਟੀ ਨੂੰ ਭੇਜਣੇ ਸ਼ੁਰੂ ਕੀਤੇ ਅਸ਼ਲੀਲ ਮੈਸੇਜ ਤੇ ਕਿਹਾ-'ਤੇਰੇ ਨਾਲ ਹੀ ਕਰਾਂਗਾ ਵਿਆਹ'

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News