ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪਤਨੀ ਨੇ ਛੱਤ ਤੋਂ ਮਾਰੀ ਛਾਲ, ਮੌਤ
Monday, Jul 30, 2018 - 02:41 AM (IST)

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਿਟੀ ਅਧੀਨ ਆਉਂਦੇ ਮੁਹੱਲਾ ਕੱਚਾ ਟੋਬਾ ’ਚ ਬੀਤੀ ਦੇਰ ਰਾਤ ਪਤੀ ਦੇ ਨਾਜਾਇਜ਼ ਸਬੰਧਾਂ ਕਾਰਨ ਹੋਏ ਵਿਵਾਦ ਦੌਰਾਨ ਇਕ 26 ਸਾਲਾ ਵਿਆਹੁਤਾ ਕੰਚਨ ਸ਼ਰਮਾ ਨੇ ਛੱਤ ਤੋਂ ਛਾਲ ਮਾਰ ਿਦੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਸਹੁਰੇ ਪਰਿਵਾਰ ਨੇ ਕੰਚਨ ਨੂੰ ਛੱਤ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੌਕੇ ’ਤੇ ਪਹੁੰਚੀ ਥਾਣਾ ਸਿਟੀ ਦੀ ਪੁਲਸ ਨੇ ਦੋਵਾਂ ਧਿਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਦੋਸ਼ੀ ਪਤੀ ਨਿਸ਼ਾਂਤ ਅਤੇ ਉਸ ਦੀ ਕਥਿਤ ਮਾਸ਼ੂਕਾ ਰਿਤੂ ਧਾਮੀ ਤੇ ਨਣਾਨ ਅਦਿਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਕਰੀਬ 2 ਸਾਲ ਪਹਿਲਾਂ ਹੋਇਆ ਸੀ ਵਿਆਹ : ਵਰਣਨਯੋਗ ਹੈ ਕਿ ਸ਼ੰਕਰ ਨਗਰ ਗਲੀ ਨੰ. 7 ਦੀ ਰਹਿਣ ਵਾਲੀ ਕੰਚਨ ਸ਼ਰਮਾ ਪੁੱਤਰੀ ਸਵ. ਪਵਨ ਕੁਮਾਰ ਸ਼ਰਮਾ ਦਾ ਵਿਆਹ 4 ਸਤੰਬਰ 2016 ਨੂੰ ਕੱਚਾ ਟੋਬਾ ਦੇ ਰਹਿਣ ਵਾਲੇ ਨਿੱਜੀ ਬੈਂਕ ਅਧਿਕਾਰੀ ਨਿਸ਼ਾਂਤ ਨਾਲ ਹੋਇਆ ਸੀ। ਕੰਚਨ ਸ਼ਰਮਾ ਊਨਾ ਰੋਡ ਸਥਿਤ ਇਕ ਨਰਸਿੰਗ ਕਾਲਜ ਵਿਚ ਲੈਕਚਰਾਰ ਸੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਨਿਸ਼ਾਂਤ ਦੇ ਆਪਣੇ ਹੀ ਬੈਂਕ ’ਚ ਕੰਮ ਕਰਨ ਵਾਲੀ ਇਕ ਲਡ਼ਕੀ ਨਾਲ ਕਥਿਤ ਪ੍ਰੇਮ ਸਬੰਧ ਸਨ, ਜਿਸ ਕਾਰਨ ਘਰ ਦਾ ਮਾਹੌਲ ਤਣਾਅਪੂਰਨ ਚੱਲ ਰਿਹਾ ਸੀ।
ਕਤਲ ਦਾ ਮਾਮਲਾ ਦਰਜ ਕਰੇ ਪੁਲਸ : ਅੱਜ ਬਾਅਦ ਦੁਪਹਿਰ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਕੰਚਨ ਸ਼ਰਮਾ ਦੀ ਲਾਸ਼ ਜਿਉਂ ਹੀ ਸ਼ੰਕਰ ਨਗਰ ਪਹੁੰਚੀ ਤਾਂ ਮਾਹੌਲ ਗਮਗੀਨ ਹੋ ਗਿਆ। ਘਰ ’ਚ ਦੋਵਾਂ ਭਰਾਵਾਂ ਅਮਨਦੀਪ ਸ਼ਰਮਾ ਅਤੇ ਸੋਮ ਰਾਜ ਸ਼ਰਮਾ ਸਮੇਤ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਬੀਤੀ ਰਾਤ 10 ਵਜੇ ਕੰਚਨ ਦਾ ਫੋਨ ਆਇਆ ਸੀ ਕਿ ਸਹੁਰੇ ਪਰਿਵਾਰ ਵਾਲੇ ਮੈਨੂੰ ਮਾਰ ਦੇਣਗੇ, ਜਲਦੀ ਆ ਕੇ ਮੈਨੂੰ ਇਥੋਂ ਲੈ ਜਾਵੋ। ਉਨ੍ਹਾਂ ਕਿਹਾ ਕਿ ਅਜੇ ਅਸੀਂ ਤਿਆਰ ਹੀ ਹੋ ਰਹੇ ਸੀ ਕਿ ਫੋਨ ਆ ਗਿਆ ਕਿ ਸਿਵਲ ਹਸਪਤਾਲ ਪਹੁੰਚ ਜਾਵੋ। ਸਿਵਲ ਹਸਪਤਾਲ ਜਾ ਕੇ ਦੇਖਿਆ ਤਾਂ ਕੰਚਨ ਮ੍ਰਿਤਕ ਪਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਕੰਚਨ ਦੇ ਸਰੀਰ ’ਤੇ ਜਿੰਨੇ ਵੀ ਜ਼ਖ਼ਮ ਹਨ, ਸਾਰੇ ਸਰੀਰ ਦੇ ਪਿਛਲੇ ਹਿੱਸੇ ’ਤੇ ਹਨ। ਇਸ ਤੋਂ ਸਾਫ਼ ਹੁੰਦਾ ਹੈ ਕਿ ਸਹੁਰੇ ਪਰਿਵਾਰ ਨੇ ਉਸ ਨੂੰ ਛੱਤ ਤੋਂ ਧੱਕਾ ਦੇ ਕੇ ਕਤਲ ਕੀਤਾ ਹੈ। ਇਸ ਲਈ ਪੁਲਸ ਉਨ੍ਹਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰੇ।
ਕੀ ਕਹਿੰਦੀ ਹੈ ਪੁਲਸ : ਸੰਪਰਕ ਕਰਨ ’ਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਮਨਪ੍ਰੀਤ ਸਿੰਘ ਸ਼ੀਂਹਮਾਰ ਨੇ ਦੱਸਿਆ ਕਿ ਏ. ਐੱਸ. ਆਈ. ਹਰਬੰਸ ਲਾਲ ਦੀ ਅਗਵਾਈ ’ਚ ਪੁਲਸ ਨੇ ਰਾਤ ਨੂੰ ਹੀ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਅੱਜ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲਸ ਨੇ ਨਿਸ਼ਾਂਤ, ਉਸ ਦੀ ਕਥਿਤ ਮਾਸ਼ੂਕਾ ਰਿਤੂ ਧਾਮੀ ਤੇ ਨਣਾਨ ਅਦਿਤੀ ਖਿਲਾਫ਼ ਧਾਰਾ 306, 34 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।