ਤਲਵਾੜਾ 'ਚ ਧੜੱਲੇ ਨਾਲ ਚੱਲ ਰਹੀ ਨਾਜਾਇਜ਼ ਮਾਈਨਿੰਗ, ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ

Monday, Apr 18, 2022 - 03:24 PM (IST)

ਤਲਵਾੜਾ 'ਚ ਧੜੱਲੇ ਨਾਲ ਚੱਲ ਰਹੀ ਨਾਜਾਇਜ਼ ਮਾਈਨਿੰਗ, ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ

ਤਲਵਾੜਾ (ਅਨੁਰਾਧਾ)- ਕੰਢੀ ਖੇਤਰ ਦੇ ਪਿੰਡ ਚੱਕ ਅਲੇਰਾ, ਬਟਵਾੜਾ, ਮੰਗੂਮੇਰਾ ਆਦਿ ਵਿਚ ਦਿਨ-ਰਾਤ ਨਾਜਾਇਜ਼ ਮਾਈਨਿੰਗ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ। ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਹੋਣ ਕਾਰਨ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਹਨ। ਇਲਾਕੇ ਦੇ ਲੋਕਾਂ ਨੇ ਆਪਣੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਇਥੇ ਦਿਨ-ਰਾਤ ਜ਼ਮੀਨ ਦੀ ਮਾਈਨਿੰਗ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਖੇਤ ਤਾਂ ਕੀ ਆਉਣ-ਜਾਣ ਵਾਲੇ ਰਸਤੇ ਵੀ ਨਹੀਂ ਬਚੇ ਹਨ। ਜਿੱਥੇ ਸਰਕਾਰ ਨੇ ਕੁਝ ਥਾਵਾਂ ’ਤੇ ਕੁਝ ਫੁੱਟ ਮਾਈਨਿੰਗ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ, ਉਥੇ ਹੀ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦਾ ਜਿੱਥੋਂ ਦਾਅ ਲੱਗਦਾ ਹੈ, ਉੱਥੇ ਕਈ ਫੁੱਟ ਡੂੰਘੀ ਮਾਈਨਿੰਗ ਕਰਦੇ ਹਨ। ਇਥੋਂ ਤੱਕ ਕਿ ਧਰਤੀ ਹੇਠਲਾ ਪਾਣੀ ਵੀ ਕਈ ਥਾਵਾਂ ਤੋਂ ਬਾਹਰ ਆਉਂਦਾ ਹੈ। ਜੇ ਤੁਸੀਂ ਇਕ ਪਾਸੇ ਖੜ੍ਹੇ ਹੋ ਕੇ ਹੇਠਾਂ ਦੇਖੋ ਤਾਂ ਡਰ ਲੱਗਦਾ ਹੈ। ਜੇਕਰ ਦੂਰ-ਦੁਰਾਡੇ ਦੇ ਪਿੰਡਾਂ ਦੇ ਲੋਕਾਂ ਨੂੰ ਰਾਤ ਸਮੇਂ ਜਾਣਾ ਪਵੇ ਤਾਂ ਉਹ ਕਦੇ ਵੀ ਨਹੀਂ ਨਿਕਲ ਸਕਦੇ ਕਿਉਂਕਿ ਪਤਾ ਹੀ ਨਹੀਂ ਲਗਦਾ ਕਿ 50 ਫੁੱਟ ਤੋਂ ਵੀ ਜ਼ਿਆਦਾ ਡੂੰਘਾ ਟੋਆ ਕਿੱਥੇ ਮਿਲ ਜਾਵੇ।

ਬਿਨਾਂ ਪੁੱਛੇ ਇਕ ਰਾਤ ਵਿਚ ਤਹਿਸ-ਨਹਿਸ ਕਰ ਦਿੱਤੀਆਂ ਜਾਂਦੀਆਂ ਹਨ ਖੇਤੀ ਵਾਲੀਆਂ ਜ਼ਮੀਨਾਂ
ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁੱਛੇ ਬਿਨਾਂ ਹੀ ਉਨ੍ਹਾਂ ਦੀ ਜ਼ਮੀਨ ਇਕ ਰਾਤ ’ਚ ਹੀ ਤਹਿਸ-ਨਹਿਸ ਕਰ ਦਿੱਤੀ ਜਾਂਦੀ ਹੈ। ਜੋ ਵਾਹੀਯੋਗ ਜ਼ਮੀਨ ਹੈ, ਉਥੇ ਪੀਲੇ ਪੰਜੇ ਕਦੋਂ ਚਲੇ ਜਾਣਗੇ, ਕੋਈ ਨਹੀਂ ਜਾਣਦਾ ਪਰ ਪ੍ਰਸ਼ਾਸਨ ਚੁੱਪੀ ਧਾਰੀ ਬੈਠਾ ਹੈ ਅਤੇ ਅਧਿਕਾਰੀ ਆਪਣੀ ਮੌਜ ਵਿਚ ਮਸਤ ਰਹਿੰਦੇ ਹਨ, ਜਿਨ੍ਹਾਂ ਨੂੰ ਗੈਰ-ਕਾਨੂੰਨੀ ਮਾਈਨਿੰਗ ਨਜ਼ਰ ਨਹੀਂ ਆਉਂਦੀ। ਲੋਕਾਂ ਦਾ ਕਹਿਣਾ ਹੈ ਕਿ ਨਾਲ ਲੱਗਦੇ ਇਲਾਕੇ ਵਿਚ ਸਿਲੰਡਰ ਅਤੇ ਸਬਜ਼ੀਆਂ ਵਾਲੀਆਂ ਗੱਡੀਆਂ ਦਾ ਆਉਣਾ-ਜਾਣਾ ਵੀ ਮੁਸ਼ਕਿਲ ਹੋ ਗਿਆ ਹੈ। ਲੋਕਾਂ ਨੂੰ ਆਉਣ-ਜਾਣ ਲਈ ਕਈ ਕਿਲੋਮੀਟਰ ਦਾ ਸਫਰ ਤੈਅ ਕਰਨਾ ਪੈਂਦਾ ਹੈ। ਇਕ ਪਾਸੇ ਸਰਕਾਰ ਮਾਈਨਿੰਗ ਲਈ ਨੀਤੀਆਂ ਬਣਾਉਣ ਦੀ ਗੱਲ ਕਰਦੀ ਹੈ, ਦੂਜੇ ਪਾਸੇ ਉਸ ਨੂੰ ਇਥੇ ਦਿਨ-ਰਾਤ ਜ਼ਮੀਨਾਂ ਦੀ ਬਰਬਾਦੀ ਹੁੰਦੀ ਨਜ਼ਰ ਨਹੀਂ ਆਉਂਦੀ।

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਟੋਇਆਂ ਵਿਚ ਡਿੱਗ ਕੇ ਮਰਨ ਦੇ ਡਰੋਂ ਲੋਕ ਘਰਾਂ ਵਿਚ ਰੱਖਦੇ ਹਨ ਪਸ਼ੂ
ਲੋਕਾਂ ਨੇ ਦੱਸਿਆ ਕਿ ਪਹਿਲਾਂ ਇੱਥੇ ਸਵਾਂ ਨਦੀ ਦਾ ਪਾਣੀ ਵਹਿੰਦਾ ਸੀ, ਜਿਸ ਨੂੰ ਲੋਕ ਆਪਣੇ ਘਰਾਂ ਨੂੰ ਲੈ ਜਾਂਦੇ ਸਨ ਅਤੇ ਆਪਣੇ ਪਸ਼ੂਆਂ ਨੂੰ ਵੀ ਪਾਣੀ ਪਿਆਉਂਦੇ ਸਨ ਪਰ ਹੁਣ ਇਥੇ ਕੋਈ ਅਜਿਹੀ ਜ਼ਮੀਨ ਨਹੀਂ ਬਚੀ, ਜਿਸ ’ਤੇ ਪਸ਼ੂ ਤੁਰ ਸਕਣ। ਉਹ ਡਰਦੇ ਹਨ ਕਿ ਪਤਾ ਨਹੀਂ ਕਦੋਂ ਉਨ੍ਹਾਂ ਦੇ ਪਸ਼ੂ ਟੋਏ ਵਿਚ ਡਿੱਗ ਕੇ ਮਰ ਜਾਣਗੇ। ਇਸ ਲਈ ਉਹ ਆਪਣੇ ਪਸ਼ੂਆਂ ਨੂੰ ਘਰ ਵਿਚ ਹੀ ਬੰਨ੍ਹ ਕੇ ਰੱਖਦੇ ਹਨ।

ਕਹਿਣ ਦੇ ਬਾਵਜੂਦ ਅਫ਼ਸਰਾਂ ਦੇ ਕੰਨਾਂ ’ਤੇ ਜੂੰ ਨਹੀਂ ਸਰਕਦੀ
ਦੇਰ ਰਾਤ ਤੱਕ ਚੱਲਦੀਆਂ ਮਾਈਨਿੰਗ ਮਸ਼ੀਨਾਂ ਕਾਰਨ ਰੇਤ ਅਤੇ ਮਿੱਟੀ ਉੱਡ ਕੇ ਲੋਕਾਂ ਦੇ ਘਰਾਂ ਨੂੰ ਜਾਂਦੀ ਹੈ। ਪ੍ਰਦੂਸ਼ਣ ਅਤੇ ਆਵਾਜ਼ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਲੋਕਾਂ ਨੇ ਆਉਣ-ਜਾਣ ਵਾਲੇ ਹੋਰ ਅਧਿਕਾਰੀਆਂ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਦੱਸਿਆ ਪਰ ਉਨ੍ਹਾਂ ਦੇ ਕੰਨਾਂ ’ਤੇ ਜੂੰ ਨਹੀਂ ਸਰਕਦੀ | ਗੈਰ-ਕਾਨੂੰਨੀ ਮਾਈਨਿੰਗ ਖੁਸ਼ਹਾਲ ਅਤੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਨੂੰ ਲਗਾਤਾਰ ਬਰਬਾਦ ਕਰ ਰਹੀ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।

ਇਹ ਵੀ ਪੜ੍ਹੋ: ਮਾਹਿਲਪੁਰ 'ਚ ਦਰਦਨਾਕ ਹਾਦਸਾ, ਟੋਭੇ ’ਚ ਨਹਾਉਣ ਗਏ ਦੋ ਸਕੇ ਭਰਾਵਾਂ ਦੀ ਡੁੱਬ ਕੇ ਮੌਤ, ਘਰ 'ਚ ਮਚਿਆ ਚੀਕ-ਚਿਹਾੜਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News