ਨਾਜਾਇਜ਼ ਮਾਈਨਿੰਗ ਤਹਿਤ ਤਿੰਨ ਟਰੱਕ ਕਾਬੂ, 1 ਚਾਲਕ ਗ੍ਰਿਫ਼ਤਾਰ, 2 ਫਰਾਰ
Friday, Sep 18, 2020 - 05:30 PM (IST)
ਬਲਾਚੌਰ/ਕਾਠਗੜ੍ਹ (ਰਾਜੇਸ਼ ਸ਼ਰਮਾ/ਵਿਨੋਦ ਬੈਂਸ) : ਕਾਠਗੜ੍ਹ ਥਾਣੇ 'ਚ ਤਾਇਨਾਤ ਏ. ਐੱਸ. ਆਈ. ਬਲਵਿੰਦਰ ਕੁਮਾਰ, ਹੈੱਡ ਕਾਂਸਟੇਬਲ ਵਿਜੇ ਕੁਮਾਰ ਅਤੇ ਪੀ. ਐੱਚ. ਜੀ ਸੁਰਜੀਤ ਸਿੰਘ ਨੂੰ ਇਕ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹ ਬੁਰਾਈ ਗਸ਼ਤ ਬੱਸ ਸਟੈਂਡ ਰੱਤੇਵਾਲ ਵਿਖੇ ਸ਼ੱਕੀ ਪੁਰਸ਼ਾਂ ਦੀ ਭਾਲ ਵਿਚ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਆ ਇਤਲਾਹ ਦਿੱਤੀ ਕਿ ਬਾਹਦ ਰਕਬਾ ਕੁਲਾਰ ਵਿਖੇ ਇਕ ਜੇ.ਸੀ.ਬੀ.ਮਸ਼ੀਨ ਦੇ ਨਾਲ ਵੱਡੇ ਪੱਧਰ 'ਤੇ ਮਾਈਨਿੰਗ ਕੀਤੀ ਜਾ ਰਹੀ ਹੈ।
ਸੂਚਨਾ ਨੂੰ ਸਹੀ ਪਾਉਣ 'ਤੇ ਉਕਤ ਅਧਿਕਾਰੀਆਂ ਨੇ ਮੌਕੇ 'ਤੇ ਜਾ ਕੇ ਮਾਈਨਿੰਗ ਕਰਨ ਲਈ ਵਰਤੀ ਜਾ ਰਹੀ ਇਕ ਬਿਨਾਂ ਨੰਬਰੀ ਜੇ. ਸੀ. ਬੀ. ਮਸ਼ੀਨ ਤੋਂ ਇਲਾਵਾ ਤਿੰਨ ਟਰੱਕ ਮਾਈਨਿੰਗ ਵਾਲੀ ਥਾਂ 'ਤੇ ਮੌਕੇ 'ਤੇ ਜਾ ਕੇ ਪੁਲਸ ਹਿਰਾਸਤ 'ਚ ਲਏ। ਇੱਕ ਟਰੱਕ ਦਾ ਚਾਲਕ ਅਸ਼ੋਕ ਕੁਮਾਰ ਪੁੱਤਰ ਹੁਸਨ ਚੰਦ ਵਾਸੀ ਪਿੰਡ ਮਾਧੋਪੁਰ ਤਹਿਸੀਲ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਅਤੇ ਬਾਕੀ ਦੋ ਟਰੱਕਾਂ ਦੇ ਚਾਲਕ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ।
ਸੂਤਰਾਂ ਅਨੁਸਾਰ ਬਾਹਦ ਰਕਬਾ ਕੁਲਾਰ ਵਿਖੇ ਕਾਫ਼ੀ ਲੰਬੇ ਅਰਸੇ ਤੋਂ ਨਾਜਾਇਜ਼ ਮਾਈਨਿੰਗ ਹੋ ਰਹੀ ਸੀ ਤੇ ਮਾਈਨਿੰਗ ਕਰਕੇ ਇਹ ਵਿਅਕਤੀ ਵੱਖ-ਵੱਖ ਥਾਵਾਂ 'ਤੇ ਰੇਤਾਂ ਆਪਣੀ ਮਨਮਰਜ਼ੀ ਦੇ ਰੇਟ 'ਤੇ ਵੇਚ ਰਹੇ ਸਨ। ਥਾਣਾ ਮੁਖੀ ਇੰਸਪੈਕਟਰ ਭਰਤ ਮਸੀਹ ਨੇ 'ਜਗਬਾਣੀ' ਨਾਲ ਗੱਲ ਕਰਦਿਆਂ ਆਖਿਆ ਕਿ ਕਾਠਗੜ੍ਹ ਥਾਣੇ ਅਧੀਨ ਪੈਂਦੇ ਰਕਬੇ ਵਿਚ ਨਾਜਾਇਜ਼ ਕੰਮ ਕਰਨ ਵਾਲੇ ਲੋਕਾਂ ਉੱਤੇ ਸ਼ਿਕੰਜਾ ਪੂਰੀ ਤਰ੍ਹਾਂ ਕੱਸਿਆ ਜਾ ਰਿਹਾ ਹੈ। ਉਨ੍ਹਾਂ ਗ਼ਲਤ ਅਨਸਰਾਂ ਨੂੰ ਤਾੜਨਾ ਕਰਦਿਆਂ ਆਖਿਆ ਕਿ ਉਹ ਸਮਾਜ ਦੇ ਹਿੱਤ ਵਿਚ ਕੰਮ ਕਰਨ, ਜੇਕਰ ਕੋਈ ਸਮਾਜ ਵਿਰੋਧੀ ਤੱਤ ਪੁਲਸ ਅੜਿੱਕੇ ਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।