ਪਠਾਨਕੋਟ ''ਚ ਨਾਜਾਇਜ਼ ਮਾਈਨਿੰਗ ਜ਼ੋਰਾਂ ''ਤੇ, ਚੱਕੀ ''ਚ ਧੜੱਲੇ ਨਾਲ ਹੋ ਰਹੀ ਹੈ ਖੁਦਾਈ

01/19/2020 5:19:35 PM

ਪਠਾਨਕੋਟ (ਮਨਿੰਦਰ) : ਜ਼ਿਲਾ ਪਠਾਨਕੋਟ 'ਚ ਮਾਈਨਿੰਗ ਮਾਫੀਆ ਪੂਰੀ ਤਰ੍ਹਾਂ ਸਰਗਰਮ ਹੈ। ਇਸ ਨੂੰ ਮਿਲੀਭੁਗਤ ਕਹੀਏ ਜਾਂ ਰਾਜਸੀ ਅਸਰ ਰਸੂਖ ਜੋ ਨਾਜਾਇਜ਼ ਮਾਈਨਿੰਗ ਦਾ ਸਿਲਸਿਲਾ ਨਹੀਂ ਰੁਕ ਰਿਹਾ। ਮਾਈਨਿੰਗ ਮਾਫੀਆ ਵਾਤਾਵਰਣ ਅਤੇ ਮਾਈਨਿੰਗ ਨਿਯਮਾਂ ਦੀ ਧੱਜੀਆਂ ਉਡਾਉਂਦੇ ਹੋਏ ਪੰਜਾਬ-ਹਿਮਾਚਲ ਸੂਬੇ ਵਿਚ ਚਲਦੀ ਚੱਕੀ ਖੱਡ 'ਚ ਜ਼ੋਰਾਂ-ਸ਼ੋਰਾਂ ਨਾਲ ਨਾਜਾਇਜ਼ ਮਾਈਨਿੰਗ ਕਰ ਰਹੇ ਹਨ। ਇਹ ਨਾਜਾਇਜ਼ ਮਾਈਨਿੰਗ ਪਿੰਡ ਹਰਿਆਲ, ਬਘਾਰ, ਤਰੇਟੀ, ਹਾਡਾ, ਨਾਰਾਈਣਪੁਰ, ਪਟਾ ਆਦਿ ਪਿੰਡ ਨਾਲ ਲੱਗਦੀ ਚੱਕੀ ਖੱਡ 'ਚ 24 ਘੰਟੇ ਦਿਨ-ਦਿਹਾੜੇ ਦੇਖਣ ਨੂੰ ਮਿਲ ਰਹੀ ਹੈ। ਮਾਈਨਿੰਗ ਅਧਿਕਾਰੀ ਗਗਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਿਨ੍ਹਾਂ ਥਾਵਾਂ 'ਤੇ ਮਾਈਨਿੰਗ ਕੀਤੀ ਜਾ ਰਹੀ ਹੈ ਉਨ੍ਹਾਂ 'ਤੇ ਵਿਭਾਗ ਵੱਲੋਂ ਕਿਸੇ ਪ੍ਰਕਾਰ ਦੀ ਮਾਈਨਿੰਗ ਲਈ ਅਲਾਟਮੈਂਟ ਨਹੀਂ ਕੀਤੀ ਗਈ ਫਿਰ ਵੀ ਉੱਥੇ ਇਸ ਤਰ੍ਹਾਂ ਨਾਲ ਮਾਈਨਿੰਗ ਮਾਫੀਆ ਨਾਲ ਜੁੜੇ ਲੋਕਾਂ ਵੱਲੋਂ ਸ਼ਰੇਆਮ ਬੇਖੌਫ ਹੋ ਕੇ ਨਾਜਾਇਜ਼ ਮਾਈਨਿੰਗ ਨੂੰ ਅੰਜਾਮ ਦੇਣਾ ਕਿਤੇ ਨਾ ਕਿਤੇ ਮਾਈਨਿੰਗ ਵਿਭਾਗ ਅਤੇ ਪੁਲਸ ਦੀ ਮਿਲੀਭੁਗਤ ਸੰਭਾਵਿਤ ਹੁੰਦੀ ਹੈ ਕਿਉਂਕਿ ਬਿਨਾਂ ਉਨ੍ਹਾਂ ਦੀ ਸ਼ਹਿ ਦੇ ਚੱਕੀ ਦਰਿਆ 'ਚ ਮਾਈਨਿੰਗ ਕਰਨਾ ਸੰਭਵ ਨਹੀਂ ਹੈ।

ਕੀ ਕਹਿਣਾ ਹੈ ਥਾਣਾ ਮੁਖੀ ਦਾ
ਥਾਣਾ ਮਾਮੂਨ ਮੁਖੀ ਅਨਿਤਾ ਠਾਕੁਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਹੈ ਕਿ ਚੱਕੀ 'ਚ ਮਾਈਨਿੰਗ ਹੋ ਰਹੀ ਹੈ ਪਰ ਉਹ ਬਿਨਾਂ ਕਿਸੇ ਉੱਚ ਅਧਿਕਾਰੀਆਂ ਦੀ ਆਗਿਆ ਦੇ ਬਿਨਾਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਮਾਈਨਿੰਗ ਅਧਿਕਾਰੀ ਜੇਕਰ ਆ ਕੇ ਕਹਿਣ ਕਿ ਇਹ ਨਾਜਾਇਜ਼ ਮਾਈਨਿੰਗ ਹੈ ਤਾਂ ਹੀ ਉਹ ਉਨ੍ਹਾਂ 'ਤੇ ਕੋਈ ਕਾਰਵਾਈ ਕਰੇਗੀ। ਖਾਸ ਗੱਲ ਇਹ ਹੈ ਕਿ ਕੋਈ ਓਵਰਲੋਡ ਟਰੈਕਟਰ, ਡਮਪਰ ਅਤੇ ਟਰਾਲੇ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ 'ਚ ਮਾਮੂਨ ਪੁਲਸ ਦੇ ਥਾਣੇ ਦੇ ਸਾਹਮਣੇ ਤੋਂ ਨਿਕਲ ਦੇ ਹਨ ਪਰ ਪੁਲਸ ਨੂੰ ਇਹ ਗੱਡੀਆਂ ਵੀ ਦਿਖਾਈ ਨਹੀਂ ਦਿੰਦਿਆਂ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਤਾਵਰਣ ਨਿਯਮਾਂ ਦੇ ਵਿਰੁੱਧ ਅਤੇ ਨਾਜਾਇਜ਼ ਖਨਣ 'ਤੇ ਰੋਕ ਲਾਉਣ ਦੇ ਨਿਰਦੇਸ਼ ਤਾਂ ਦੇ ਰੱਖੇ ਹਨ ਪਰ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸਗੋਂ ਨਾਜਾਇਜ਼ ਮਾਈਨਿੰਗ ਮਾਫੀਆ ਤੋਂ ਜੁੜੇ ਲੋਕ ਨਾਜਾਇਜ਼ ਖਨਣ ਕਰ ਕੇ ਸਰਕਾਰ ਨੂੰ ਹਰ ਰੋਜ਼ ਲੱਖਾਂ ਰੁਪਏ ਦਾ ਚੂਨਾ ਲਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਚੱਕੀ ਖੱਡ 'ਚ ਮਾਈਨਿੰਗ ਮਾਫੀਆ ਵੱਲੋਂ ਦਿਨ-ਰਾਤ ਜੇ. ਸੀ. ਬੀ. ਅਤੇ ਪੋਕਲੇਣੀ ਨਾਲ ਨਾਜਾਇਜ਼ ਮਾਈਨਿੰਗ ਕਰਨ ਕਾਰਣ ਉਪਜਾਊ ਜ਼ਮੀਨ ਤੋਂ ਪਾਣੀ ਦਾ ਪੱਧਰ ਜ਼ਮੀਨ ਤੋਂ ਕਾਫੀ ਥੱਲੇ ਜਾ ਚੁੱਕਿਆ ਹੈ, ਜਿਸ ਨਾਲ ਨੇੜੇ-ਤੇੜੇ ਦੇ ਪਿੰਡ ਦੇ ਖੇਤਾਂ 'ਚ ਸਿੰਚਾਈ ਲਈ ਚੱਕੀ ਖੱਡ ਦੇ ਲਾਉਣ ਵਾਲੇ ਪਾਣੀ ਦਾ ਪੱਧਰ ਥੱਲੇ ਜਾਣ ਦੇ ਕਾਰਣ ਕਈ ਏਕੜ ਜ਼ਮੀਨ ਬੰਜਰ ਹੋਣ ਲੱਗੀ ਹੈ।

ਕੀ ਕਹਿਣਾ ਹੈ ਮਾਈਨਿੰਗ ਵਿਭਾਗ ਅਧਿਕਾਰੀ ਦਾ
ਜਦ ਇਸ ਸਬੰਧੀ ਮਾਈਨਿੰਗ ਵਿਭਾਗ ਦੇ ਅਧਿਕਾਰੀ ਗਗਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਇਨ੍ਹਾਂ ਥਾਵਾਂ 'ਤੇ ਵਿਭਾਗ ਵੱਲੋਂ ਮਾਈਨਿੰਗ ਦੇ ਲਈ ਕਿਸੇ ਵੀ ਪ੍ਰਕਾਰ ਦੀ ਅਲਾਟਮੈਂਟ ਨਹੀਂ ਕੀਤੀ ਗਈ। ਉਹ ਜਲਦ ਚੈਕਿੰਗ ਕਰ ਕੇ ਨਾਜਾਇਜ਼ ਮਾਈਨਿੰਗ ਕਰ ਰਹੇ ਵਿਅਕਤੀਆਂ 'ਤੇ ਉਚ ਪੱਧਰੀ ਕਾਰਵਾਈ ਕਰਣਗੇ ਪਰ ਜ਼ਮੀਨੀ ਪੱਧਰ 'ਤੇ ਹਕੀਕਤ ਇਹ ਹੁੰਦੀ ਹੈ ਕਿ ਜਾਂ ਤਾਂ ਉਨ੍ਹਾਂ ਜਗ੍ਹਾ 'ਤੇ ਸਥਾਨਕ ਪੁਲਸ ਵੱਲੋਂ ਇਕ ਦੋ ਚੱਕਰ ਲਾਏ ਜਾਂਦੇ ਹਨ ਜਾਂ ਫਿਰ ਮਾਈਨਿੰਗ ਅਫਸਰ ਵੱਲੋਂ ਇਕ ਚੱਕਰ ਲਾਉਣ ਦੇ ਬਾਅਦ ਮਾਈਨਿੰਗ ਮਾਫੀਆ ਪਹਿਲੇ ਤੋਂ ਵੀ ਜ਼ਿਆਦਾ ਬੇਖੌਫ ਹੋ ਕੇ ਜ਼ੋਰਾਂ ਨਾਲ ਮਾਈਨਿੰਗ ਕਰਨ 'ਚ ਜੁੱਟ ਜਾਂਦੇ ਹਨ।


Gurminder Singh

Content Editor

Related News