‘ਆਪ੍ਰੇਸ਼ਨ ਰੈੱਡ ਰੋਜ਼’ ਤਹਿਤ ਗੈਰ-ਕਾਨੂੰਨੀ ਸ਼ਰਾਬ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
Friday, Feb 19, 2021 - 02:15 PM (IST)
ਚੰਡੀਗੜ੍ਹ (ਰਮਨਜੀਤ) : ਆਬਕਾਰੀ ਮਹਿਕਮੇ ਵਲੋਂ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਨੂੰ ਠੱਲ੍ਹ ਪਾਉਣ ਲਈ ‘ਆਪ੍ਰੇਸ਼ਨ ਰੈੱਡ ਰੋਜ਼’ ਅਧੀਨ ਵੀਰਵਾਰ ਨੂੰ ਗੁਆਂਢੀ ਰਾਜਾਂ ਦੇ ਇਕ ਸੰਗਠਿਤ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਮਹਿਕਮੇ ਦੇ ਬੁਲਾਰੇ ਨੇ ਦੱਸਿਆ ਕਿ ਮਹਿਕਮੇ ਵਲੋਂ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ, ਆਬਕਾਰੀ ਅਤੇ ਕਰ ਮਹਿਕਮੇ ਦੇ ਆਈ. ਜੀ. ਪੀ. ਮੋਹਨੀਸ਼ ਚਾਵਲਾ ਅਤੇ ਸੰਯੁਕਤ ਕਮਿਸ਼ਨਰ (ਆਬਕਾਰੀ) ਨਰੇਸ਼ ਦੂਬੇ ਦੀ ਅਗਵਾਈ ਵਿਚ, ਏ.ਆਈ.ਜੀ. (ਈ ਐਂਡ ਟੀ) ਏ.ਪੀ.ਐੱਸ. ਘੁੰਮਣ, ਡਿਪਟੀ ਕਮਿਸਨਰ (ਆਬਕਾਰੀ) ਰਾਜਪਾਲ ਐੱਸ. ਖਹਿਰਾ ਅਤੇ ਏ.ਸੀ. (ਐਕਸ) ਵਿਨੋਦ ਪਾਹੂਜਾ ਦੀ ਨਿਗਰਾਨੀ ਵਿਚ ਇਕ ਵੱਡਾ ਆਪ੍ਰੇਸ਼ਨ ਚਲਾਇਆ ਗਿਆ। ਬੁਲਾਰੇ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਮਿਲੀ ਕਿ ਧੀਰਜ ਕੁਮਾਰ ਵਾਸੀ ਪਿੰਡ ਹਿਆਨਾ ਕਲਾਂ, ਨਾਭਾ, ਹਰਿਆਣਾ ਤੋਂ ਸਰਾਬ ਦੇ ਠੇਕੇਦਾਰ ਰਵੀ ਅਤੇ ਰਾਮਪਾਲ, ਪੱਪੂ ਉਰਫ਼ ਪੱਪਾ ਵਾਸੀ ਪਿੰਡ ਮੋਹੀ, ਲੁਧਿਆਣਾ, ਨਰਿੰਦਰ ਸਿੰਘ ਪੁੱਤਰ ਰਮੇਸ ਸਿੰਘ ਵਾਸੀ ਰਾਜਪੁਰਾ, ਅੰਮਿ੍ਰਤਪਾਲ ਸਿੰਘ ਵਾਸੀ ਰਾਮਪੁਰਾ ਫੂਲ ਅਤੇ ਹਰਿਆਣਾ ਨਾਲ ਸਬੰਧਤ ਕਈ ਹੋਰ ਲੋਕ ਆਪਣੇ ਵਾਹਨਾਂ ਰਾਹੀਂ ਭਾਰੀ ਮਾਤਰਾ ਵਿਚ ਨਾਜਾਇਜ਼ ਸਰਾਬ ਦੀ ਤਸਕਰੀ ਕਰਨ ਅਤੇ ਇਸ ਨੂੰ ਲੁਧਿਆਣਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲਿ੍ਹਆਂ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਵੇਚਣ ਵਿਚ ਸ਼ਾਮਲ ਹਨ। ਇਸ ਤੋਂ ਬਾਅਦ ਆਬਕਾਰੀ ਮਹਿਕਮਾ ਅਤੇ ਆਬਕਾਰੀ ਪੁਲਸ ਦੀਆਂ ਟੀਮਾਂ ਸਾਂਝੇ ਆਪ੍ਰੇਸ਼ਨ ਲਈ ਤੁਰੰਤ ਹਰਕਤ ਵਿਚ ਆ ਗਈਆਂ। ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਤਲਾਹ ਮਿਲਣ ’ਤੇ ਸਮੱਗਲਰਾਂ ਵਲੋਂ ਵਰਤੇ ਗਏ ਸ਼ੱਕੀ ਵਾਹਨ ਦਾ ਪਤਾ ਲਗਾਉਣ ਲਈ ਆਪ੍ਰੇਸ਼ਨਲ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਸੀ। ਇਸ ਤੱਥ ਦੀ ਪੁਸ਼ਟੀ ਤੋਂ ਬਾਅਦ ਕਿ ਵਾਹਨ ਲੱਦ ਕੇ ਪੰਜਾਬ ਭੇਜਿਆ ਗਿਆ ਹੈ, ਟੀ-ਪੁਆਇੰਟ ਜੀ.ਟੀ. ਰੋਡ, ਪਿੰਡ ਮਹਿਮਦਪੁਰ ਜੱਟਾਂ, ਸ਼ੰਭੂ ’ਤੇ ਵਿਸ਼ੇਸ਼ ਨਕਾਬੰਦੀ ਕੀਤੀ ਗਈ। ਟੀਮ ਨੇ ਸਫ਼ਲਤਾਪੂਰਵਕ ਵਾਹਨ ਨੰ. ਪੀ.ਬੀ 10 ਬੀ.ਕੇ. - 6683 ਅਤੇ ਇਕ ਪਾਇਲਟ ਵਾਹਨ ਚਿੱਟੀ ਬੋਲੇਰੋ ਐੱਚ.ਆਰ 20 ਏ.ਜੇ - 2324.ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਚੰਡੀਗੜ੍ਹ-ਲੁਧਿਆਣਾ ਮਾਰਗ 'ਤੇ ਵਾਪਰਿਆ ਭਿਆਨਕ ਹਾਦਸਾ, ਦੋ ਨੌਜਵਾਨਾਂ ਦੀ ਮੌਤ
ਪਹਿਲੀ ਨਜ਼ਰ ਵਿਚ ਸਮੱਗਲਿੰਗ ਲਈ ਵਰਤਿਆ ਗਿਆ ਵਾਹਨ ਖਾਲੀ ਜਾਪਦਾ ਸੀ ਪਰ ਵਾਹਨ ਦੀ ਸਖ਼ਤ ਜਾਂਚ ਤੋਂ ਬਾਅਦ ਇਹ ਪਾਇਆ ਗਿਆ ਕਿ ਸ਼ਰਾਬ ਨੂੰ ਲੁਕਾਉਣ ਅਤੇ ਅਧਿਕਾਰੀਆਂ ਨੂੰ ਚਕਮਾ ਦੇਣ ਲਈ ਇਸ ਵਿਚ ਇਕ ਵਿਸ਼ੇਸ਼ ਕੈਬਿਨ ਬਣਾਇਆ ਗਿਆ ਸੀ। ਬੁਲਾਰੇ ਨੇ ਇਹ ਵੀ ਦੱਸਿਆ ਕਿ ਕੈਬਿਨ ਦੀ ਚੈਕਿੰਗ ਕਰਨ ’ਤੇ ਸ਼ਰਾਬ ਦੀਆਂ 310 ਪੇਟੀਆਂ (3720 ਬੋਤਲਾਂ) ਫਸਟ ਚੁਆਇਸ ਬ੍ਰਾਂਡ (ਕੇਵਲ ਹਰਿਆਣਾ ਵਿਚ ਵਿਕਰੀ ਲਈ) ਬਰਾਮਦ ਕੀਤੀਆਂ ਜੋ ਕਿ ਪਿੰਡ ਮੋਹੀ, ਲੁਧਿਆਣਾ ਦੇ ਪੱਪੂ ਉਰਫ਼ ਪੱਪਾ ਨੂੰ ਸਪਲਾਈ ਕੀਤੀਆਂ ਜਾਣੀਆਂ ਸਨ। ਇਸ ਸ਼ਰਾਬ ਦੀ ਹਿਆਨਾ ਕਲਾਂ, ਨਾਭਾ ਦੇ ਧੀਰਜ ਕੁਮਾਰ ਰਾਹੀ ਸਮੱਗਲਿੰਗ ਕੀਤੀ ਜਾ ਰਹੀ ਸੀ ਜੋ ਕਿ ਇਕ ਨਾਮਵਰ ਸਮੱਗਲਰ ਹੈ ਅਤੇ ਇਸ ਉਪਰ ਪਹਿਲਾਂ ਹੀ ਹਰਿਆਣਾ ਤੋਂ ਸ਼ਰਾਬ ਦੀ ਸਮੱਗਲਿੰਗ ਲਈ ਐੱਫ਼. ਆਈ. ਆਰ. ਨੰ 8/21 ਅਧੀਨ ਪੰਜਾਬ ਆਬਕਾਰੀ ਐਕਟ ਅਤੇ ਆਈ.ਪੀ.ਸੀ. ਦੀ ਧਾਰਾ 465,467,468,471, 473,120 ਬੀ ਤਹਿਤ ਥਾਣਾ ਸਦਰ ਕੁਰਾਲੀ ਵਿਖੇ ਮਾਮਲਾ ਦਰਜ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਦੋਸ਼ੀਆਂ ਉਪਰ ਪੰਜਾਬ ਐਕਸਾਈਜ ਐਕਟ ਦੀ ਧਾਰਾ 61-1-14, 78 (2) ਅਧੀਨ ਥਾਣਾ ਸਦਰ ਸੰਭੂ ਵਿਖੇ ਐੱਫ਼.ਆਈ.ਆਰ ਨੰ. 28 ਮਿਤੀ 17.02.21 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋ ਨੂੰ ਮੌਕੇ ਤੋਂ ਗਿ੍ਰਫ਼ਤਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਾਂਚ ਦੌਰਾਨ ਹਰਿਆਣਾ ਅਤੇ ਪੰਜਾਬ ਤੋਂ ਸਮੱਗਲਿੰਗ ਕੀਤੀ ਗਈ ਸ਼ਰਾਬ ਪ੍ਰਾਪਤ ਕਰਨ ਵਾਲੇ ਅਤੇ ਇੱਧਰ-ਉੱਧਰ ਸਪਲਾਈ ਕਰਨ ਵਾਲਿਆਂ ਦੀ ਮੁੱਖ ਕੜੀ ਦੀ ਪੜਤਾਲ ਵੀ ਬੜੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਆਬਕਾਰੀ ਮਹਿਕਮਾ ਅਤੇ ਆਬਕਾਰੀ ਪੁਲਿਸ ਮਹਿਕਮਾ ਨੇ ਨਾਜ਼ਾਇਜ ਸਰਾਬ ਦੀ ਸਮੱਗਲਿੰਗ ਨਾਲ ਸਿੱਝਣ ਲਈ ਆਪ੍ਰੇਸ਼ਨ ਰੈੱਡ ਰੋਜ਼ ਅਧੀਨ ਇਕ ਸਾਂਝਾ ਮੋਰਚਾ ਬਣਾਇਆ ਹੈ ਅਤੇ ਗੈਰ-ਕਾਨੂੰਨੀ ਸ਼ਰਾਬ ਦੀ ਸਮੱਗਲਿੰਗ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ 6 ਵਾਰਡਾਂ ’ਚ ਭਾਜਪਾ ਉਮੀਦਵਾਰ ਨੋਟਾ ਤੋਂ ਵੀ ਪਿੱਛੇ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ